ਊਨਾ, ਹਿਮਾਚਲ ਪ੍ਰਦੇਸ਼ (ਕਾਕਾ ਰਾਮ ਵਰਮਾ, ਪਟਿਆਲਾ):- ਹਿਮਾਚਲ ਪ੍ਰਦੇਸ਼ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਵਰਧਮਾਨ ਇਸਪਾਤ ਇੰਡਸਟਰੀ, ਊਨਾ ਵੱਲੋਂ ਐਮਰਜੈਂਸੀ ਦੌਰਾਨ ਵਿਦਿਆਰਥੀਆਂ, ਅਧਿਆਪਕਾਂ ਅਤੇ ਫੈਕਟਰੀ ਕਰਮਚਾਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਉਦੇਸ਼ ਨਾਲ ਕਰਮਚਾਰੀਆਂ ਲਈ ਆਫ਼ਤ ਪ੍ਰਬੰਧਨ ਦੀ ਸਿਖਲਾਈ ਕਰਵਾਈ ਗਈ। ਇਸ ਵਿੱਚ ਫਸਟ ਏਡ, ਸੀ.ਪੀ.ਆਰ. ਅਤੇ ਫਾਇਰ ਸੇਫਟੀ ਬਾਰੇ ਸਿਖਲਾਈ ਦਿੱਤੀ ਗਈ। ਇਸ ਮੰਤਵ ਲਈ ਇੰਡਸਟਰੀ ਵੱਲੋਂ ਪੰਜਾਬ ਦੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ ਅਤੇ ਫਸਟ ਏਡ ਟ੍ਰੇਨਰ ਸ੍ਰੀ ਕਾਕਾ ਰਾਮ ਵਰਮਾ ਨੂੰ ਬੁਲਾਇਆ ਗਿਆ। ਕਾਕਾ ਰਾਮ ਵਰਮਾ ਨੇ ਇਨ੍ਹਾਂ ਵਿਸ਼ਿਆਂ ਬਾਰੇ ਵੱਖ-ਵੱਖ ਪ੍ਰੈਕਟੀਕਲ ਕਰਵਾਏ ਅਤੇ ਕਰਮਚਾਰੀਆਂ ਰਾਹੀਂ ਉਨ੍ਹਾਂ ਦਾ ਪ੍ਰਦਰਸ਼ਨ ਵੀ ਕਰਵਾਇਆ।

ਉਨ੍ਹਾਂ ਦੱਸਿਆ ਕਿ ਅਚਾਨਕ ਵਾਪਰਨ ਵਾਲੀਆਂ ਘਟਨਾਵਾਂ, ਆਫ਼ਤਾਂ, ਜੰਗਾਂ ਅਤੇ ਘਰੇਲੂ ਹਾਦਸਿਆਂ ਕਾਰਨ ਪੀੜਤਾਂ ਵਿੱਚੋਂ 88 ਫ਼ੀਸਦੀ ਮੌਤਾਂ ਇਸ ਲਈ ਹੋ ਰਹੀਆਂ ਹਨ ਕਿਉਂਕਿ ਲੋਕਾਂ ਨੂੰ ਗੈਸਾਂ, ਬਿਜਲੀ, ਪੈਟਰੋਲੀਅਮ ਅਤੇ ਰਸਾਇਣਕ ਪਦਾਰਥਾਂ ਦੀ ਸੁਰੱਖਿਅਤ ਵਰਤੋਂ ਅਤੇ ਸੰਕਟ ਸਮੇਂ ਆਪਣਾ ਬਚਾਅ ਕਰਨ ਦੀ ਸਹੀ ਸਿਖਲਾਈ ਤੇ ਅਭਿਆਸ ਨਹੀਂ ਹੁੰਦਾ।

ਚੀਫ਼ ਫੈਕਟਰੀ ਮੈਨੇਜਰ ਜਗਜੀਤ ਸਿੰਘ ਅਤੇ ਮੁੱਖ ਸੇਫਟੀ ਸੁਪਰਵਾਈਜ਼ਰ ਵਿਸ਼ਨੂੰ ਸ਼ਰਮਾ ਨੇ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਿਖਲਾਈ ਪ੍ਰੋਗਰਾਮ ਦੁਨੀਆ ਭਰ ਵਿੱਚ ਵੱਡੇ ਪੱਧਰ ’ਤੇ ਹਾਦਸੇ ਘਟਾਉਣ ਅਤੇ ਕੀਮਤੀ ਜਾਨਾਂ ਬਚਾਉਣ ਵਿੱਚ ਮਦਦਗਾਰ ਸਿੱਧ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਆਫ਼ਤਾਂ ਅਤੇ ਜੰਗਾਂ ਸਮੇਂ ਸਰਕਾਰਾਂ ਅਤੇ ਪ੍ਰਸ਼ਾਸਨ ਦੀ ਅਗਵਾਈ ਹੇਠ ਸਿਵਲ ਡਿਫੈਂਸ ਦੀਆਂ ਗਤੀਵਿਧੀਆਂ ਵੀ ਚਲਾਈਆਂ ਜਾ ਸਕਦੀਆਂ ਹਨ।