ਨਵਾਂਸ਼ਹਿਰ/ਕਾਠਗੜ੍ਹ, 15 ਨਵੰਬਰ (ਜਤਿੰਦਰਪਾਲ ਸਿੰਘ ਕਲੇਰ):- ਉਦਯੋਗਿਕ ਖੇਤਰ ਦੇ ਪਿੰਡ ਟੌਂਸਾ ਦੀ ਅਨਾਜ ਮੰਡੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜੈ ਮਾਤਾ ਨੈਣਾ ਦੇਵੀ ਜਾਗਰਨ ਵੈੱਲਫੇਅਰ ਕਮੇਟੀ ਵੱਲੋਂ 25ਵਾਂ ਵਿਸ਼ਾਲ ਭਗਵਤੀ ਜਾਗਰਨ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ ਗਿਆ। ਸਾਰੀ ਰਾਤ ਮਾਤਾ ਰਾਣੀ ਦੇ ਜੈਕਾਰਿਆਂ ਨਾਲ ਪੰਡਾਲ ਗੂੰਜਦਾ ਰਿਹਾ ਅਤੇ ਸ਼ਰਧਾਲੂ ਭੇਟਾਂ ’ਤੇ ਝੂਮਦੇ ਰਹੇ।

ਮਾਤਾ ਜੀ ਦੀ ਪਵਿੱਤਰ ਜੋਤ ਸ਼੍ਰੀ ਨੈਣਾ ਦੇਵੀ ਮੰਦਰ, ਹਿਮਾਚਲ ਪ੍ਰਦੇਸ਼ ਤੋਂ ਬੜੀ ਸ਼ਰਧਾ ਨਾਲ ਲਿਆਂਦੀ ਗਈ। ਜੋਤ ਨੂੰ ਸ਼ੋਭਾ ਯਾਤਰਾ ਦੇ ਰੂਪ ਵਿੱਚ ਸਾਰੇ ਨਗਰ ਵਿੱਚ ਲਿਜਾਇਆ ਗਿਆ। ਨਗਰ ਨਿਵਾਸੀਆਂ ਨੇ ਫੁੱਲਾਂ ਦੀ ਵਰਖਾ ਕਰਕੇ ਜੋਤ ਦਾ ਸਵਾਗਤ ਕੀਤਾ। ਇਸ ਦੌਰਾਨ ਝੰਡਾ ਚੜ੍ਹਾਇਆ ਗਿਆ, ਕਲਸ਼ ਪੂਜਾ ਕੀਤੀ ਗਈ, ਚੁੰਨੀ ਚੜ੍ਹਾਈ ਗਈ ਅਤੇ ਜਾਗਰਨ ਮੰਚ ਦਾ ਉਦਘਾਟਨ ਕੀਤਾ ਗਿਆ।

ਜਾਗਰਨ ਦੀ ਸ਼ੁਰੂਆਤ ਸਥਾਨਕ ਸੰਦੀਪ ਉਧਨੋਵਾਲ ਪਾਰਟੀ ਵੱਲੋਂ ਗਣੇਸ਼ ਜੀ ਦੀ ਵੰਦਨਾ ਨਾਲ ਕੀਤੀ ਗਈ। ਉਨ੍ਹਾਂ ਨੇ ਲਗਾਤਾਰ ਭੇਟਾਂ ਸੁਣਾ ਕੇ ਸੰਗਤ ਨੂੰ ਨਿਹਾਲ ਕੀਤਾ।

ਰਾਤ 11 ਵਜੇ ਸ਼ਾਲੂ ਨਾਰੰਗ ਨੇ ਮੰਚ ਸੰਭਾਲਿਆ। ਉਨ੍ਹਾਂ ਵੱਲੋਂ ਸੁਣਾਈਆਂ ਭੇਟਾਂ ਨੇ ਸਾਰੇ ਪੰਡਾਲ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਉਨ੍ਹਾਂ ਵੱਲੋਂ ਗਾਈ ਭੇਟ ‘ਸਾਨੂੰ ਚਿੰਤਪੁਰਨੀ ਮਾਂ ਤੇਰਾ ਪਿਆਰ ਚਾਹੀਦਾ’ ਨੂੰ ਸੰਗਤ ਨੇ ਬਹੁਤ ਪਸੰਦ ਕੀਤਾ।

ਰਾਤ 12 ਵਜੇ ਤੋਂ ਬਾਅਦ ਆਵਾਜ਼ ਦੇ ਬਾਦਸ਼ਾਹ ਅਤੇ ਜਾਗਰਨ ਸਮਰਾਟ ਫਿਰੋਜ਼ ਖਾਨ ਨੇ ਸਟੇਜ ਸੰਭਾਲੀ। ਉਨ੍ਹਾਂ ਵੱਲੋਂ ਗਾਈਆਂ ਇੱਕ ਤੋਂ ਵੱਧ ਕੇ ਇੱਕ ਭੇਟਾਂ ਨੇ ਖੂਬ ਰੰਗ ਬੰਨ੍ਹਿਆ। ਉਨ੍ਹਾਂ ਵੱਲੋਂ ਗਾਇਆ ਭਗਵਾਨ ਕ੍ਰਿਸ਼ਨ ਦਾ ਭਜਨ ‘ਕ੍ਰਿਸ਼ਨਾ ਤੇਰੀ ਮੁਰਲੀ ’ਤੇ ਭਲਾ ਕੌਣ ਨੀ ਨੱਚਦਾ’ ਸੁਣ ਕੇ ਸਾਰਾ ਪੰਡਾਲ ਝੂਮ ਉੱਠਿਆ।

ਸਵੇਰੇ 4 ਵਜੇ ਤਾਰਾ ਰਾਣੀ ਦੀ ਕਥਾ ਸੁਣਾਉਣ ਤੋਂ ਬਾਅਦ ਮਾਤਾ ਰਾਣੀ ਦੀ ਆਰਤੀ ਨਾਲ ਜਾਗਰਨ ਦਾ ਸਮਾਪਨ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਠੇਕੇਦਾਰ ਵਨੀਤ ਕੁਸ਼ਨ ਚੌਧਰੀ ਨੇ ਨਿਭਾਈ। ਜਾਗਰਨ ਕਮੇਟੀ ਦੇ ਪ੍ਰਧਾਨ ਮਾਸਟਰ ਬਲਦੇਵ ਕ੍ਰਿਸ਼ਨ ਕੁਸ਼ਨ ਨੇ ਸਾਰੀ ਸੰਗਤ ਦਾ ਧੰਨਵਾਦ ਕੀਤਾ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੰਦੀਪ ਹਨੀ ਟੌਂਸਾ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸੰਜੀਵ ਚੇਚੀ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਕਰਨਵੀਰ ਕਟਾਰੀਆ, ਸਨਫਾਰਮਾ ਕੰਪਨੀ ਦੇ ਸੀਐਸਆਰ ਮੈਨੇਜਰ ਸੰਦੀਪ ਸ਼ਰਮਾ, ਮਹਿਲਾ ਸਰਪੰਚ ਟੌਂਸਾ ਕੁਲਵੰਤ ਕੌਰ, ਸੁਖਦੇਵ ਸੋਨੂ, ਧਰਮਪਾਲ ਕਟਾਰੀਆ, ਸੁੱਚਾ ਰਾਮ, ਕਮਲ ਕੁਮਾਰ, ਹਰਪ੍ਰੀਤ ਕਟਾਰੀਆ, ਵਿੱਕੀ ਧੀਮਾਨ, ਮੁਲਕ ਰਾਜ, ਤੇਜਪਾਲ, ਮੋਹਨ ਲਾਲ, ਸੰਦੀਪ ਭਾਟੀਆ, ਸੀਤਾਰਾਮ, ਰਾਜਕੁਮਾਰ, ਸਤਪਾਲ, ਮੁਕੇਸ਼ ਕੁਮਾਰ, ਵਰਿੰਦਰ ਸ਼ਰਮਾ, ਠੇਕੇਦਾਰ ਰਜਨੀ ਸਾਗਰਾ, ਬਵਨੀਤ ਅਤੇ ਪ੍ਰਿੰਸੀਪਲ ਬਲਦੇਵ ਆਰੀ ਹਾਜ਼ਰ ਸਨ।