ਊਨਾ, 18 ਨਵੰਬਰ:- ਡਿਪਟੀ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਬੁੱਧਵਾਰ ਨੂੰ ਉੱਤਰੀ ਭਾਰਤ ਵਿੱਚ ਵਿਸ਼ੇਸ਼ ਧਾਰਮਿਕ ਪਛਾਣ ਰੱਖਣ ਵਾਲੇ ਡੇਰਾ ਬਾਬਾ ਰੁਦਰਾਨੰਦ ਧਾਮ, ਨਾਰੀ ਵਿਖੇ ਕਰਵਾਏ ਜਾ ਰਹੇ ਪੰਚਭੀਸ਼ਮ ਪਰਵ ਅਤੇ ਕੋਟਿ ਗਾਇਤਰੀ ਮਹਾਯੱਗ ਵਿੱਚ ਸ਼ਾਮਲ ਹੋਏ। 17 ਤੋਂ 23 ਨਵੰਬਰ ਤੱਕ ਚੱਲ ਰਹੇ ਇਸ ਧਾਰਮਿਕ ਸਮਾਗਮ ਦੌਰਾਨ ਉਨ੍ਹਾਂ ਨੇ ਪਵਿੱਤਰ ਅਖੰਡ ਧੂਣੇ ਅੱਗੇ ਸੀਸ ਨਿਵਾਇਆ ਅਤੇ ਪੂਜਾ-ਅਰਚਨਾ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਨੇ ਡੇਰੇ ਦੇ ਅਧਿਸ਼ਠਾਤਾ ਹੇਮਾਨੰਦ ਮਹਾਰਾਜ ਦੀ ਹਜ਼ੂਰੀ ਵਿੱਚ ਕਰਵਾਏ ਜਾ ਰਹੇ ਧਾਰਮਿਕ ਅਨੁਸ਼ਠਾਨ ਵਿੱਚ ਭਾਗ ਲਿਆ।

ਇਸ ਮੌਕੇ ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਉਹ ਵੱਡੇ ਮਹਾਰਾਜ ਦੇ ਸਮੇਂ ਤੋਂ ਹੀ ਇਸ ਮਹਾਯੱਗ ਵਿੱਚ ਸ਼ਾਮਲ ਹੁੰਦੇ ਆ ਰਹੇ ਹਨ। ਉਨ੍ਹਾਂ ਨੇ ਸਮਾਗਮ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਇਸ ਪਵਿੱਤਰ ਅਨੁਸ਼ਠਾਨ ਵਿੱਚ ਦੇਸ਼ ਦੇ ਵੱਖ-ਵੱਖ ਖੇਤਰਾਂ ਤੋਂ ਵਿਦਵਾਨ ਅਤੇ ਪੰਡਿਤ ਪਹੁੰਚੇ ਹਨ। ਕਈ ਦਿਨਾਂ ਤੱਕ ਚੱਲਣ ਵਾਲੇ ਗਾਇਤਰੀ ਮਹਾਯੱਗ ਦੀ 24 ਨਵੰਬਰ ਨੂੰ ਪੂਰਨਾਹੂਤੀ ਹੋਵੇਗੀ, ਜਿਸ ਵਿੱਚ ਉਹ ਖੁਦ ਵੀ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਨੂੰ ਹਰ ਸਾਲ ਇਸ ਪਰਵ ਦੀ ਉਡੀਕ ਰਹਿੰਦੀ ਹੈ।

ਮੁਕੇਸ਼ ਅਗਨੀਹੋਤਰੀ ਨੇ ਕਿਹਾ ਕਿ ਡੇਰਾ ਬਾਬਾ ਰੁਦਰਾਨੰਦ ਧਾਮ ਉੱਤਰੀ ਭਾਰਤ ਦੇ ਪ੍ਰਮੁੱਖ ਤੀਰਥ ਸਥਾਨਾਂ ਵਿੱਚ ਸ਼ਾਮਲ ਹੈ। ਇੱਥੇ ਸਥਿਤ ਪਵਿੱਤਰ ਧੂਣੇ ਦਾ ਆਸ਼ੀਰਵਾਦ ਲੈਣ ਲਈ ਉੱਤਰੀ ਭਾਰਤ ਦੇ ਵੱਖ-ਵੱਖ ਖੇਤਰਾਂ ਤੋਂ ਸ਼ਰਧਾਲੂ ਪਹੁੰਚਦੇ ਹਨ। ਇਹ ਧਾਮ ਲੋਕਾਂ ਦੀ ਡੂੰਘੀ ਆਸਥਾ ਅਤੇ ਸ਼ਰਧਾ ਦਾ ਕੇਂਦਰ ਹੈ।