ਐਸ ਏ ਐਸ ਨਗਰ, 30 ਜੂਨ- ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਸੈਕਟਰ 67 (ਰਜਿ.) ਐਸ.ਏ.ਐਸ. ਨਗਰ ਮੁਹਾਲੀ ਦਾ ਇੱਕ ਵਫਦ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਕਲਸੀ ਦੀ ਅਗਵਾਈ ਹੇਠ ਵੇਰਕਾ ਮਿਲਕ ਪਲਾਂਟ ਫੇਜ਼ 6 ਦੇ ਜਨਰਲ ਮੈਨੇਜਰ ਨੂੰ ਮਿਲਿਆ ਅਤੇ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਨਗਰ ਨਿਗਮ ਚੌਂਕ ਸੈਕਟਰ 67 ਦੇ ਕਿਨਾਰੇ ਬਣੀ ਸਲਿੱਪ ਰੋਡ ਤੇ ਬਣੇ ਵੇਰਕਾ ਬੂਥ ਨੂੰ ਇੱਥੋਂ ਬਦਲਵੀਂ ਥਾਂ ਤੇ ਤਬਦੀਲ ਕੀਤਾ ਜਾਵੇ।
ਵਫਦ ਨੇ ਜਨਰਲ ਮੈਨੇਜਰ ਨੂੰ ਦੱਸਿਆ ਕਿ ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਗਮਾਡਾ ਦੇ ਉੱਚ ਅਧਿਕਾਰੀਆਂ ਵੱਲੋਂ ਸੈਕਟਰ 67 ਦੇ ਐਮ.ਸੀ. ਚੌਂਕ ਦੀ ਸਲਿੱਪ ਰੋਡ ਤੇ ਬਣੇ ਵੇਰਕਾ ਬੂਥ ਨੂੰ ਥੋੜ੍ਹਾ ਪਾਰਕਿੰਗ ਵਾਲੇ ਪਾਸੇ ਤਬਦੀਲ ਕਰਦੇ ਹੋਏ ਬੂਥਾਂ ਦੀ ਐਂਟਰੀ ਪਾਰਕਿੰਗ ਵਾਲੇ ਪਾਸੇ ਰੱਖਣ ਲਈ ਲਿਖਿਆ ਜਾ ਚੁੱਕਿਆ ਹੈ। ਇਸ ਮੰਤਵ ਲਈ ਉਪ ਮੰਡਲ ਅਫਸਰ ਗਮਾਡਾ ਵੱਲੋਂ ਮੌਕੇ ਦੀ ਪ੍ਰਵਾਨਤ ਡਰਾਇੰਗ ਭੇਜਦੇ ਹੋਏ ਇਹ ਵੀ ਬੇਨਤੀ ਕੀਤੀ ਗਈ ਸੀ ਕਿ ਇਸ ਵੇਰਕਾ ਬੂਥ ਨੂੰ ਤੁਰੰਤ ਨਵੇਂ ਸਥਾਨ ਤੇ ਸ਼ਿਫਟ ਕਰਵਾਇਆ ਜਾਵੇ।
ਵਫਦ ਦੇ ਆਗੂਆਂ ਨੇ ਦੱਸਿਆ ਕਿ ਇਸ ਵੇਰਕਾ ਬੂਥ ਨੂੰ ਤਬਦੀਲ ਕਰਨ ਲਈ ਸੈਕਟਰ-67 ਦੇ ਮਿਉਂਸਪਲ ਕੌਂਸਲਰ ਅਤੇ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ-ਸੈਕਟਰ 67 ਦੇ ਪ੍ਰਧਾਨਾਂ, ਅਤੇ ਜਨਰਲ ਸਕੱਤਰਾਂ ਵੱਲੋਂ ਵੀ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ, ਪ੍ਰੰਤੂ ਵਾਰ-ਵਾਰ ਲਿਖਣ ਦੇ ਬਾਵਜੂਦ ਵੀ ਵੇਰਕਾ ਵੱਲੋਂ ਬੂਥ ਤਬਦੀਲ ਨਹੀਂ ਕੀਤਾ ਗਿਆ। ਉਹਨਾਂ ਜਨਰਲ ਮੈਨੇਜਰ ਨੂੰ ਦੱਸਿਆ ਕਿ ਇਸ ਤਿੱਖੇ ਅੰਨ੍ਹੇ ਮੋੜ ਦੇ ਬਿਲਕੁਲ ਕੋਨੇ ਦੇ ਸਥਾਪਿਤ ਕੀਤੇ ਗਏ ਇਸ ਬੂਥ ਕਰਕੇ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ।
ਵਫਦ ਨੇ ਮੰਗ ਕੀਤੀ ਕਿ ਇਸ ਮਿਲਕ ਬੂਥ ਨੂੰ ਤਬਦੀਲ ਕਰਨ ਦੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇ ਤਾਂ ਜੋ ਲੋਕਾਂ ਨੂੰ ਆ ਰਹੀ ਸਮੱਸਿਆ ਤੋਂ ਨਿਜਾਤ ਮਿਲ ਸਕੇ।
ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਸਤੀਸ਼ ਕੁਮਾਰ ਬੁੱਗਾ, ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਸੈਣੀ, ਮੀਤ ਪ੍ਰਧਾਨ ਜਗਮਾਲ ਸਿੰਘ ਛੀਨਾ, ਮੀਤ ਪ੍ਰਧਾਨ ਡਾ. ਹਰਪ੍ਰੀਤ ਸਿੰਘ, ਕੈਸ਼ੀਅਰ ਗੋਪਾਲ ਕ੍ਰਿਸ਼ਨ ਗੁਪਤਾ, ਪ੍ਰੈਸ ਸਕੱਤਰ ਗੁਰਪਾਲ ਸਿੰਘ, ਸੰਯੁਕਤ ਸਕੱਤਰ ਮਸਤਾਨ ਸਿੰਘ ਪਨੇਸਰ, ਸਲਾਹਕਾਰ ਕਰਮ ਸਿੰਘ ਸਰਵਾਰਾ, ਪ੍ਰਚਾਰ ਸਕੱਤਰ ਵਾਸੂਦੇਵ ਆਨੰਦ ਅਤੇ ਸਮਾਜਸੇਵੀ ਆਗੂ ਬਲਬੀਰ ਸਿੰਘ ਵੀ ਹਾਜ਼ਰ ਸਨ।
ਸੈਕਟਰ 67 ਵਿੱਚ ਸਲਿੱਪ ਰੋਡ ਦੇ ਕਿਨਾਰੇ ਬਣਿਆ ਵੇਰਕਾ ਬੂਥ ਤਬਦੀਲ ਕਰਨ ਦੀ ਮੰਗ
