ਚੰਡੀਗੜ੍ਹ:- ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਸੈਕਟਰ-41 (ਬਡਹੇੜੀ) ਸਥਿਤ ਦਫਤਰ ਤੋਂ ਜਾਰੀ ਇਕ ਪ੍ਰੈਸ ਨੋਟ ਵਿੱਚ ਪੰਜਾਬ ਸਰਕਾਰ ਅਤੇ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਗਈ ਹੈ ਕਿ ਪੰਜਾਬ ਸਰਕਾਰ ਵਲੋਂ ਵੱਖ-ਵੱਖ ਸਥਾਨਾਂ ਲਈ ਚਲਾਈਆਂ ਜਾ ਰਹੀਆਂ ਮੁਫਤ ਯਾਤਰਾਵਾਂ ਬੱਸਾਂ ਵਿਚੋਂ ਇੱਕ ਬੱਸ ਚੰਡੀਗੜ੍ਹ ਤੋਂ ''ਉੱਚਾ ਦਰ ਬਾਬੇ ਨਾਨਕ ਦਾ'' ਅਦਾਰਾ ਪਾਸ ਸੰਭੂ ਬੈਰੀਅਰ ਲਈ ਵੀ ਹਰ ਰੋਜ਼ ਲਈ ਪੱਕੇ ਤੌਰ ਤੇ ਲਗਾਈ ਜਾਵੇ ਤਾਂ ਜੋ ਯਾਤਰੂਆਂ ਨੂੰ ਹਰ ਰੋਜ਼ ''ਉੱਚਾ ਦਰ ਬਾਬੇ ਨਾਨਕ ਦਾ'' ਅਦਾਰੇ ਦੇ ਦਰਸ਼ਨ ਕਰਵਾ ਕੇ ਸੰਗਤਾਂ ਨੂੰ ਵਾਪਸ ਚੰਡੀਗੜ੍ਹ ਲੈ ਕੇ ਆਵੇ।
ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਦੱਸਿਆ ਕਿ ਰਾਜਪੁਰੇ ਦੇ ਨਜ਼ਦੀਕ ਜੀ.ਟੀ. ਰੋਡ ਤੇ ਬਣਿਆ ''ਉੱਚਾ ਦਰ ਬਾਬੇ ਨਾਨਕ ਦਾ ਅਦਾਰਾ'', ਇਕ ਵਿਲੱਖਣ ਸੋਚ ਦਾ ਪ੍ਰਤੀਕ ਹੈ ਪਰ ਚੰਡੀਗੜ੍ਹ ਤੋਂ ਕੋਈ ਸਿੱਧੀ ਬੱਸ ਨਾ ਜਾਣ ਸਦਕਾ, ਸੰਗਤਾਂ ਲਈ ਇਹ ਅਦਾਰਾ ਦੇਖਣ ਵਿੱਚ ਬਹੁਤ ਮੁਸ਼ਕਲਾਂ ਆਉਂਦੀਆਂ ਹਨ ਅਤੇ ਉਹ ਅਦਾਰਾ ਦੇਖਣ ਦੀ ਆਪਣੇ ਮਨ ਦੀ ਰੀਝ ਨੂੰ ਪੂਰਾ ਨਹੀਂ ਕਰ ਸਕਦੀਆਂ।
ਉਨ੍ਹਾਂ ਕਿਹਾ ਕਿ ''ਉੱਚਾ ਦਰ ਬਾਬੇ ਨਾਨਕ ਦਾ'' ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਲੱਖਣ ਸੋਚ ਅਧਾਰਤ ਉੱਚ ਕੋਟੀ ਦਾ ਦੇਖਣਯੋਗ ਅਦਾਰਾ ਹੈ ਅਤੇ ਸਭ ਸੰਗਤਾਂ ਨੂੰ ਇਸ ਨੂੰ ਦੇਖਣ ਦਾ ਸੁਭਾਗ ਪ੍ਰਾਪਤ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਬੱਸਾਂ ਇਸ ਉੱਦਮ ਲਈ ਬਹੁਤ ਸਹਾਈ ਹੋ ਸਕਦੀਆਂ ਹਨ ਅਤੇ ਇਸ ਨਾਲ ਸੰਗਤਾਂ ਨੂੰ ਮੁਫਤ ਯਾਤਰਾ ਦੀ ਚੰਗੀ ਲਾਹੇਵੰਦ ਸਹੂਲਤ ਮਿਲ ਜਾਵੇਗੀ। ਅਜਿਹਾ ਹੋਣ ਨਾਲ ਪੰਜਾਬ ਸਰਕਾਰ ਦਾ ਇਹ ਇਕ ਵੱਡਾ ਉਪਰਾਲਾ ਹੋਵੇਗਾ।
ਸੰਸਥਾ ਦੇ ਅਹੁਦੇਦਾਰਾਂ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ, ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਜੋਗ, ਜਨਰਲ ਸਕੱਤਰ ਅਵਤਾਰ ਸਿੰਘ ਮਹਿਤਪੁਰੀ, ਉਪ ਪ੍ਰਧਾਨ ਭੁਪਿੰਦਰ ਭਾਗੋਮਾਜਰੀਆ, ਤੇਜਾ ਸਿੰਘ ਥੂਹਾ, ਮੁੱਖ ਸਲਾਹਕਾਰ ਰਾਜ ਕੁਮਾਰ ਸਾਹੋਵਾਲੀਆ, ਸਲਾਹਕਾਰ ਬਲਵਿੰਦਰ ਸਿੰਘ, ਪ੍ਰੈਸ ਸਕੱਤਰ ਅਮਰਜੀਤ ਬਠਲਾਣਾ, ਬਲਜਿੰਦਰ ਸ਼ੇਰਗਿੱਲ, ਜੁਆਇੰਟ ਸਕੱਤਰ ਕ੍ਰਿਸ਼ਨ ਰਾਹੀ ਨੇ ਸਮੂਹਿਕ ਬਿਆਨ ਵਿਚ ਕਿਹਾ ਹੈ ਕਿ ਇਸ ਸਬੰਧ ਵਿਚ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਸੰਗਤਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦਾ ਸਫਲ ਯਤਨ ਕੀਤਾ ਜਾਵੇ।
ਉੱਚਾ ਦਰ ਬਾਬੇ ਨਾਨਕ ਦਾ ਅਦਾਰੇ ਨੂੰ ਚੰਡੀਗੜ੍ਹ ਤੋਂ ਯਾਤਰਾ ਬੱਸ ਲਗਾਉਣ ਦੀ ਮੰਗ
