ਨਵਾਂਸ਼ਹਿਰ:- ਨਵਾਂਸ਼ਹਿਰ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਔਲਖ ਨੇ ਬੁੱਧਵਾਰ ਨੂੰ ਲਿਵਾਸਾ ਹਸਪਤਾਲ ਦੀ ਮੋਬਾਈਲ ਕੈਂਸਰ ਸਕ੍ਰੀਨਿੰਗ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਹਸਪਤਾਲ ਵੱਲੋਂ ਛਾਤੀ ਦੇ ਕੈਂਸਰ ਬਾਰੇ ਜਾਗਰੂਕਤਾ ਮਹੀਨੇ ਦੇ ਮੌਕੇ ’ਤੇ ਇਹ ਪਹਿਲਕਦਮੀ ਸ਼ੁਰੂ ਕੀਤੀ ਗਈ ਹੈ।

ਵਿਸ਼ੇਸ਼ ਤੌਰ ’ਤੇ ਤਿਆਰ ਕੀਤੀ ਗਈ ਇਸ ਬੱਸ ਵਿੱਚ ਡਿਜੀਟਲ ਮੈਮੋਗ੍ਰਾਫੀ, ਪੈਪ ਸਮੀਅਰ ਟੈਸਟ ਅਤੇ ਪ੍ਰੋਸਟੇਟ-ਸਪੈਸਿਫਿਕ ਐਂਟੀਜਨ (ਪੀਐੱਸਏ) ਟੈਸਟ ਦੀਆਂ ਸਹੂਲਤਾਂ ਉਪਲਬਧ ਹੋਣਗੀਆਂ। ਇਨ੍ਹਾਂ ਰਾਹੀਂ ਛਾਤੀ, ਸਰਵਾਈਕਲ ਅਤੇ ਪ੍ਰੋਸਟੇਟ ਕੈਂਸਰ ਦੀ ਜਾਂਚ ਕੀਤੀ ਜਾਵੇਗੀ। ਇਸ ਪਹਿਲਕਦਮੀ ਦਾ ਉਦੇਸ਼ ਲੋਕਾਂ ਨੂੰ ਕੈਂਸਰ ਦੀ ਸਮੇਂ ਸਿਰ ਪਛਾਣ, ਢੁੱਕਵੀਂ ਡਾਕਟਰੀ ਸਲਾਹ ਅਤੇ ਲੋੜੀਂਦੇ ਅਗਲੇਰੇ ਇਲਾਜ ਬਾਰੇ ਜਾਗਰੂਕ ਕਰਨਾ ਹੈ।

ਇਸ ਮੌਕੇ ਐੱਸਐੱਸਪੀ ਤੁਸ਼ਾਰ ਗੁਪਤਾ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ। ਹੋਰ ਪ੍ਰਮੁੱਖ ਮਹਿਮਾਨਾਂ ਵਿੱਚ ਜ਼ਿਲ੍ਹਾ ਅਤੇ ਸੈਸ਼ਨ ਜੱਜ ਜਤਿੰਦਰ ਪਾਲ ਸਿੰਘ ਖੁਰਮੀ, ਸਿਵਲ ਸਰਜਨ ਡਾ. ਅਮਨ ਸੂਦ, ਸੀਨੀਅਰ ਮੈਡੀਕਲ ਅਫ਼ਸਰ ਡਾ. ਅਜੈ ਬਸਰਾ, ਲਿਵਾਸਾ ਹਸਪਤਾਲ ਦੇ ਮੈਡੀਕਲ ਔਨਕੋਲੋਜੀ ਨਿਰਦੇਸ਼ਕ ਡਾ. ਜਤਿਨ ਸਰੀਨ, ਰੇਡੀਏਸ਼ਨ ਔਨਕੋਲੋਜੀ ਨਿਰਦੇਸ਼ਕ ਡਾ. ਮੀਨਾਕਸ਼ੀ ਮਿੱਤਲ ਅਤੇ ਸਰਜੀਕਲ ਔਨਕੋਲੋਜੀ ਨਿਰਦੇਸ਼ਕ ਡਾ. ਵਿਜੈ ਬਾਂਸਲ ਸ਼ਾਮਲ ਸਨ।

ਇਸ ਪਹਿਲਕਦਮੀ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਲਿਵਾਸਾ ਹਸਪਤਾਲਾਂ ਦੇ ਸੀਈਓ ਅਨੁਰਾਗ ਯਾਦਵ ਨੇ ਕਿਹਾ, “ਸਿਹਤ ਸੇਵਾਵਾਂ ਹਸਪਤਾਲਾਂ ਦੀਆਂ ਚਾਰਦੀਵਾਰੀਆਂ ਤੱਕ ਸੀਮਤ ਰਹਿਣ ਦੀ ਬਜਾਏ ਲੋਕਾਂ ਤੱਕ ਉੱਥੇ ਪਹੁੰਚਣੀਆਂ ਚਾਹੀਦੀਆਂ ਹਨ, ਜਿੱਥੇ ਉਹ ਰਹਿੰਦੇ ਹਨ। ਇਸ ਸਕ੍ਰੀਨਿੰਗ ਬੱਸ ਰਾਹੀਂ ਅਸੀਂ ਹਰ ਭਾਈਚਾਰੇ ਲਈ ਰੋਕਥਾਮ-ਆਧਾਰਿਤ ਸਿਹਤ ਸੇਵਾਵਾਂ ਪਹੁੰਚਯੋਗ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਚੁੱਕ ਰਹੇ ਹਾਂ।”