ਐਡਮਿੰਟਨ, ਕੈਨੇਡਾ (ਬਲਵਿੰਦਰ ਬਾਲਮ, ਦੀਪਾ ਬੰਡਾਲਾ):- ਐਡਮਿੰਟਨ ਦੇ ਖੰਗੂੜਾ ਪਰਿਵਾਰ ਨੇ ਆਪਣੀ ਧੀ ਸੰਜੋਗ ਕੌਰ ਦੇ ਜਨਮ ਦੀ ਖ਼ੁਸ਼ੀ ਸੰਗਤ ਨਾਲ ਸਾਂਝੀ ਕਰਨ ਲਈ 14 ਨਵੰਬਰ, ਬਾਲ ਦਿਵਸ ਦਾ ਦਿਨ ਚੁਣਿਆ। ਇਹ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਹੋਇਆ। ਇਸ ਮੌਕੇ ਪਰਿਵਾਰ ਵੱਲੋਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ਅਤੇ ਵਾਹਿਗੁਰੂ ਅੱਗੇ ਸ਼ੁਕਰਾਨੇ ਦੀ ਅਰਦਾਸ ਕੀਤੀ ਗਈ।

29 ਸਤੰਬਰ 2026 ਨੂੰ ਜਨਮੀ ਸੰਜੋਗ ਕੌਰ, ਖੁਸ਼ਵੰਤ ਸਿੰਘ ਖੰਗੂੜਾ ਅਤੇ ਗੁਰਪ੍ਰੀਤ ਕੌਰ ਦੀ ਧੀ ਅਤੇ ਅਜੀਤ ਸਿੰਘ ਖੰਗੂੜਾ ਤੇ ਚਰਨਜੀਤ ਕੌਰ ਦੀ ਪੋਤਰੀ ਹੈ। ਨਿੱਕੀ ਸੰਜੋਗ ਕੌਰ ਦੇ ਪਰਿਵਾਰ ਵਿੱਚ ਆਉਣ ਦੀ ਖ਼ੁਸ਼ੀ ਉਸ ਦੀ ਵੱਡੀ ਭੈਣ ਰਬਾਬ ਕੌਰ ਨੇ ਵੀ ਪਰਿਵਾਰ ਨਾਲ ਸਾਂਝੀ ਕੀਤੀ। ਸਮਾਗਮ ਵਿੱਚ ਸੰਜੋਗ ਕੌਰ ਦੀਆਂ ਭੂਆ ਮਨਪ੍ਰੀਤ ਕੌਰ ਆਪਣੇ ਪਤੀ ਬਚਿੱਤਰ ਸਿੰਘ ਨਾਲ ਅਤੇ ਅਕਵਿੰਦਰ ਕੌਰ ਆਪਣੇ ਪਤੀ ਅਰਵਿੰਦਰ ਸਿੰਘ ਨਾਲ ਵਿਸ਼ੇਸ਼ ਤੌਰ ’ਤੇ ਪਹੁੰਚੀਆਂ।

ਇਸ ਮੌਕੇ ਸੰਸਦ ਮੈਂਬਰ ਜਗਸ਼ਰਨ ਸਿੰਘ ਮਾਹਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਕਾਰਜ ਸਿੰਘ ਔਲਖ, ਤੇਜਿੰਦਰਪਾਲ ਸਿੰਘ ਰਿਆੜ, ਕੇਵਲ ਸਿੰਘ ਬੱਲ, ਸੁਰਜੀਤ ਕੌਰ ਧਾਲੀਵਾਲ, ਪਾਰਸ ਮਹੀਨੀਆ, ਨਵਤੇਜ ਸਿੰਘ ਖੱਖ, ਹਰਦਿਆਲ ਸਿੰਘ ਅਤੇ ਅਦਬ ਟਰਾਂਸਪੋਰਟ ਦੇ ਖੁਸ਼ਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਰਿਸ਼ਤੇਦਾਰ, ਸਨੇਹੀ ਅਤੇ ਸੰਗਤ ਹਾਜ਼ਰ ਸਨ।

ਸਵੇਰੇ ਸੰਗਤ ਲਈ ਚਾਹ ਦਾ ਲੰਗਰ ਲਾਇਆ ਗਿਆ ਅਤੇ ਪਾਠ ਤੇ ਅਰਦਾਸ ਉਪਰੰਤ ਗੁਰੂ ਕਾ ਲੰਗਰ ਵਰਤਾਇਆ ਗਿਆ। ਸੰਗਤ ਅਤੇ ਰਿਸ਼ਤੇਦਾਰਾਂ ਨੇ ਖੰਗੂੜਾ ਪਰਿਵਾਰ ਨੂੰ ਧੀ ਦੇ ਜਨਮ ਦੀ ਵਧਾਈ ਦਿੱਤੀ ਅਤੇ ਵਾਹਿਗੁਰੂ ਅੱਗੇ ਸੰਜੋਗ ਕੌਰ ਦੀ ਤੰਦਰੁਸਤੀ ਅਤੇ ਖ਼ੁਸ਼ਹਾਲ ਜੀਵਨ ਲਈ ਕਾਮਨਾ ਕੀਤੀ।