ਬਲਾਚੌਰ, 10 ਨਵੰਬਰ (ਜਤਿੰਦਰਪਾਲ ਸਿੰਘ ਕਲੇਰ):- ਪਿੰਡ ਰੈਲ ਮਾਜਰਾ ਲਈ ਇਹ ਬੇਹੱਦ ਮਾਣ ਅਤੇ ਖੁਸ਼ੀ ਵਾਲੀ ਗੱਲ ਹੈ ਕਿ ਪਿੰਡ ਦੀ ਹੋਣਹਾਰ ਵਿਦਿਆਰਥਣ ਦਿਲਜੋਤ ਕੌਰ ਨੇ ਜ਼ਿਲ੍ਹਾ ਪੱਧਰ ਦੇ ਸ਼ਾਟ ਪੁੱਟ ਯਾਨੀ ਗੋਲਾ ਸੁੱਟਣ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਸਕੂਲ, ਮਾਪਿਆਂ ਅਤੇ ਪੂਰੇ ਪਿੰਡ ਦਾ ਨਾਮ ਰੌਸ਼ਨ ਕਰ ਦਿੱਤਾ ਹੈ। ਇਸ ਜਿੱਤ ਨਾਲ ਪੂਰੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਹਰ ਪਾਸੇ ਧੀ ਦੀ ਪ੍ਰਾਪਤੀ ਦੀਆਂ ਚਰਚਾਵਾਂ ਹੋ ਰਹੀਆਂ ਹਨ।

ਇਹ ਪ੍ਰਾਪਤੀ ਦਿਲਜੋਤ ਕੌਰ ਦੀ ਲਗਨ, ਸਖ਼ਤ ਮਿਹਨਤ ਅਤੇ ਅਨੁਸ਼ਾਸਨ ਦੇ ਨਾਲ-ਨਾਲ ਉਸਦੇ ਮਿਹਨਤੀ ਮਾਪਿਆਂ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ। ਇਸ ਕਾਮਯਾਬੀ ਪਿੱਛੇ ਮਾਪਿਆਂ ਦਾ ਸਹਿਯੋਗ ਅਤੇ ਸਕੂਲ ਦੇ ਅਧਿਆਪਕਾਂ ਦੀ ਮਿਹਨਤ ਵੀ ਸ਼ਲਾਘਾਯੋਗ ਹੈ, ਜਿਨ੍ਹਾਂ ਨੇ ਧੀ ਨੂੰ ਹਰ ਕਦਮ 'ਤੇ ਹੌਸਲਾ ਦਿੱਤਾ ਅਤੇ ਸਹੀ ਮਾਰਗਦਰਸ਼ਨ ਕੀਤਾ।

ਅੱਜ ਸਾਡੇ ਪਿੰਡ ਦੀ ਧੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਬੱਚਿਆਂ ਨੂੰ ਮੌਕੇ, ਹੌਸਲਾ ਅਤੇ ਸਹੀ ਮਾਰਗਦਰਸ਼ਨ ਮਿਲੇ ਤਾਂ ਉਹ ਕਿਸੇ ਵੀ ਖੇਤਰ ਵਿੱਚ ਵੱਡੀਆਂ ਮੱਲਾਂ ਮਾਰ ਸਕਦੇ ਹਨ। ਦਿਲਜੋਤ ਕੌਰ ਦੀ ਇਸ ਜਿੱਤ ਨੇ ਹੋਰ ਬੱਚਿਆਂ, ਖਾਸ ਕਰਕੇ ਧੀਆਂ ਲਈ ਵੀ ਇੱਕ ਮਿਸਾਲ ਕਾਇਮ ਕੀਤੀ ਹੈ ਕਿ ਮਿਹਨਤ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ।

ਇਸ ਮੌਕੇ ਦੋਆਬਾ ਜ਼ੋਨ, ਪਾਰਟੀ ਮਿਸਲ ਸਤਲੁਜ ਦੇ ਪ੍ਰਧਾਨ ਤੇਜੀ ਮਾਂਗਟ ਨੇ ਦਿਲਜੋਤ ਕੌਰ, ਉਸਦੇ ਮਾਪਿਆਂ ਅਤੇ ਸਕੂਲ ਦੇ ਸਮੂਹ ਅਧਿਆਪਕਾਂ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਵਾਹਿਗੁਰੂ ਕਰੇ ਸਾਡੀ ਧੀ ਇਸੇ ਤਰ੍ਹਾਂ ਮਿਹਨਤ ਕਰਦੀ ਹੋਈ ਸੂਬਾ ਅਤੇ ਕੌਮੀ ਪੱਧਰ 'ਤੇ ਵੀ ਪਿੰਡ ਅਤੇ ਪੰਜਾਬ ਦਾ ਨਾਮ ਚਮਕਾਵੇ। ਉਨ੍ਹਾਂ ਕਿਹਾ ਕਿ ਧੀਆਂ ਦੀਆਂ ਪ੍ਰਾਪਤੀਆਂ ਹੀ ਪਿੰਡ ਦੀ ਅਸਲ ਤਰੱਕੀ ਅਤੇ ਮਾਣ ਹਨ ਅਤੇ ਸਾਨੂੰ ਸਾਰਿਆਂ ਨੂੰ ਆਪਣੀਆਂ ਧੀਆਂ 'ਤੇ ਮਾਣ ਕਰਨਾ ਚਾਹੀਦਾ ਹੈ।