ਊਨਾ, 16 ਨਵੰਬਰ (ਰਾਜਵੀਰ ਚੋਪੜਾ):- ਡਿਪਟੀ ਕਮਿਸ਼ਨਰ ਜਤਿਨ ਲਾਲ ਨੇ ਕਿਹਾ ਕਿ ਮੀਡੀਆ ਲੋਕਤੰਤਰ ਦਾ ਮਜ਼ਬੂਤ ਥੰਮ੍ਹ ਹੈ ਅਤੇ ਸਮਾਜ ਨੂੰ ਅੱਗੇ ਵਧਾਉਣ ਵਿੱਚ ਇਸ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੈ। ਕਿਸੇ ਵੀ ਸਮਾਜ ਦੀ ਤਰੱਕੀ ਲਈ ਪ੍ਰਬੰਧਾਂ ਦੀਆਂ ਕਮੀਆਂ ਨੂੰ ਸਾਹਮਣੇ ਲਿਆਉਣਾ ਅਤੇ ਉਨ੍ਹਾਂ ਵਿੱਚ ਸੁਧਾਰ ਲਈ ਆਲੋਚਨਾਤਮਕ ਸੋਚ ਅਪਣਾਉਣੀ ਜ਼ਰੂਰੀ ਹੈ। ਮੀਡੀਆ ਸਮੱਸਿਆਵਾਂ ਨੂੰ ਉਜਾਗਰ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਹੱਲ ਵੱਲ ਰਾਹ ਦਿਖਾਉਣ ਦਾ ਕੰਮ ਵੀ ਕਰਦਾ ਹੈ। ਪੱਤਰਕਾਰੀ ਦੀ ਅਸਲ ਤਾਕਤ ਇਸ ਦੀ ਭਰੋਸੇਯੋਗਤਾ ਅਤੇ ਜ਼ਿੰਮੇਵਾਰੀ ਵਿੱਚ ਨਿਹਿਤ ਹੈ।

ਉਹ ਸੋਮਵਾਰ ਨੂੰ ਕੌਮੀ ਪ੍ਰੈੱਸ ਦਿਵਸ ਮੌਕੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵੱਲੋਂ ਊਨਾ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸੰਮੇਲਨ ਵਿੱਚ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ। ਇਸ ਸਾਲ ਕੌਮੀ ਪ੍ਰੈੱਸ ਦਿਵਸ ਦਾ ਵਿਸ਼ਾ ‘ਪੱਤਰਕਾਰੀ : ਸਨਸਨੀ ਜਾਂ ਜ਼ਿੰਮੇਵਾਰੀ’ ਰੱਖਿਆ ਗਿਆ ਸੀ। ਸੰਮੇਲਨ ਵਿੱਚ ਜ਼ਿਲ੍ਹੇ ਦੇ ਪੱਤਰਕਾਰਾਂ ਨੇ ਬਦਲਦੇ ਮੀਡੀਆ ਦ੍ਰਿਸ਼, ਪੱਤਰਕਾਰੀ ਦੀਆਂ ਚੁਣੌਤੀਆਂ ਅਤੇ ਸਮਾਜਿਕ ਜ਼ਿੰਮੇਵਾਰੀਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਵਿਸ਼ੇਸ਼ ਸੰਗੀਤ ਸੈਸ਼ਨ ਵੀ ਕਰਵਾਇਆ ਗਿਆ।

ਡਿਪਟੀ ਕਮਿਸ਼ਨਰ ਨੇ ਪੱਤਰਕਾਰਾਂ ਨੂੰ ਕੌਮੀ ਪ੍ਰੈੱਸ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਕੋਈ ਵੀ ਪ੍ਰਬੰਧ ਪੂਰੀ ਤਰ੍ਹਾਂ ਸੰਪੂਰਨ ਨਹੀਂ ਹੁੰਦਾ। ਇਸ ਨੂੰ ਬਿਹਤਰ ਬਣਾਉਣ ਲਈ ਕਮੀਆਂ ਨੂੰ ਸਾਹਮਣੇ ਲਿਆਉਣਾ ਅਤੇ ਉਨ੍ਹਾਂ ਬਾਰੇ ਰਚਨਾਤਮਕ ਢੰਗ ਨਾਲ ਵਿਚਾਰ ਕਰਨਾ ਜ਼ਰੂਰੀ ਹੈ। ਇਸ ਪ੍ਰਕਿਰਿਆ ਵਿੱਚ ਮੀਡੀਆ ਦੀ ਭੂਮਿਕਾ ਅਹਿਮ ਹੈ। ਮੀਡੀਆ ਰਾਹੀਂ ਪ੍ਰਸ਼ਾਸਨ ਨੂੰ ਮਿਲਣ ਵਾਲਾ ਫੀਡਬੈਕ ਪ੍ਰਬੰਧਾਂ ਵਿੱਚ ਸੁਧਾਰ ਕਰਨ ਅਤੇ ਲੋਕ-ਹਿੱਤ ਦੇ ਕੰਮਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਿੱਚ ਮਦਦ ਕਰਦਾ ਹੈ।

ਪੱਤਰਕਾਰਾਂ ਨਾਲ ਆਪਣੇ ਤਜਰਬੇ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਊਨਾ ਵਿੱਚ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੂੰ ਇੱਥੋਂ ਦੇ ਪੱਤਰਕਾਰਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ। ਉਸ ਸਿੱਖਿਆ ਦੇ ਆਧਾਰ ’ਤੇ ਉਨ੍ਹਾਂ ਨੇ ਵੀ ਹਮੇਸ਼ਾ ਆਪਣਾ ਸਰਵੋਤਮ ਦੇਣ ਦੀ ਕੋਸ਼ਿਸ਼ ਕੀਤੀ ਹੈ।

ਜਤਿਨ ਲਾਲ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਮੀਡੀਆ ਵਿਚਕਾਰ ਹਰ ਮੁੱਦੇ ’ਤੇ ਸਹਿਮਤੀ ਹੋਣਾ ਜ਼ਰੂਰੀ ਨਹੀਂ ਹੈ। ਇਹ ਸੰਭਵ ਨਹੀਂ ਕਿ ਪ੍ਰਸ਼ਾਸਨ ਦੀ ਹਰ ਗੱਲ ਮੀਡੀਆ ਨੂੰ ਪਸੰਦ ਆਵੇ ਜਾਂ ਮੀਡੀਆ ਵੱਲੋਂ ਉਠਾਏ ਗਏ ਸਾਰੇ ਮੁੱਦੇ ਪ੍ਰਸ਼ਾਸਨ ਨੂੰ ਚੰਗੇ ਲੱਗਣ। ਪਰ ਇਹੀ ਸੰਵਾਦ ਅਤੇ ਸਿਹਤਮੰਦ ਅਸਹਿਮਤੀ ਇਸ ਰਿਸ਼ਤੇ ਦੀ ਖੂਬਸੂਰਤੀ ਹੈ। ਜ਼ਰੂਰੀ ਹੈ ਕਿ ਦੋਵੇਂ ਧਿਰਾਂ ਆਪਸੀ ਫੀਡਬੈਕ ਦੇ ਆਧਾਰ ’ਤੇ ਬਿਹਤਰ ਕਰਨ ਦੀ ਕੋਸ਼ਿਸ਼ ਕਰਨ ਅਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ।


ਅਪੁਸ਼ਟ ਸੂਚਨਾਵਾਂ ਦਾ ਪ੍ਰਸਾਰ ਅਤੇ ਸਨਸਨੀਖੇਜ਼ ਪੇਸ਼ਕਾਰੀ ਚਿੰਤਾਜਨਕ

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਦੌਰ ਵਿੱਚ ਸੂਚਨਾਵਾਂ ਅਤੇ ਖ਼ਬਰਾਂ ਦੀ ਪੁਸ਼ਟੀ ਕਰਨੀ ਬੇਹੱਦ ਜ਼ਰੂਰੀ ਹੋ ਗਈ ਹੈ। ਬਿਨਾਂ ਪੁਸ਼ਟੀ ਤੋਂ ਪ੍ਰਸਾਰਿਤ ਕੀਤੀਆਂ ਸੂਚਨਾਵਾਂ ਗੁੰਮਰਾਹਕੁੰਨ ਸਾਬਤ ਹੋ ਸਕਦੀਆਂ ਹਨ ਅਤੇ ਕਈ ਵਾਰ ਲੋਕਾਂ ਲਈ ਸੰਕਟ ਦੀ ਸਥਿਤੀ ਪੈਦਾ ਕਰ ਦਿੰਦੀਆਂ ਹਨ। ਸਨਸਨੀਖੇਜ਼ ਪੇਸ਼ਕਾਰੀ ਕਾਰਨ ਲੋਕਾਂ ਸਾਹਮਣੇ ਇਹ ਚੁਣੌਤੀ ਵੀ ਖੜ੍ਹੀ ਹੋ ਜਾਂਦੀ ਹੈ ਕਿ ਉਹ ਕਿਸ ਸੂਚਨਾ ਅਤੇ ਮਾਧਿਅਮ ’ਤੇ ਭਰੋਸਾ ਕਰਨ। ਇਸ ਨਾਲ ਮੀਡੀਆ ਦੀ ਭਰੋਸੇਯੋਗਤਾ ਪ੍ਰਭਾਵਿਤ ਹੁੰਦੀ ਹੈ। ਅਜਿਹੇ ਵਿੱਚ ਪੱਤਰਕਾਰੀ ਦੌਰਾਨ ਤੱਥਾਂ ਦੀ ਪੁਸ਼ਟੀ, ਸੰਤੁਲਨ ਅਤੇ ਜ਼ਿੰਮੇਵਾਰੀ ਨੂੰ ਪਹਿਲ ਦੇਣੀ ਲਾਜ਼ਮੀ ਹੈ।

ਉਨ੍ਹਾਂ ਕਿਹਾ ਕਿ ਮੀਡੀਆ ਸਮਾਜ ਲਈ ਰਾਹ ਵੀ ਹੈ ਅਤੇ ਰਾਹ ਦਿਖਾਉਣ ਦਾ ਮਾਧਿਅਮ ਵੀ। ਸਮੱਸਿਆਵਾਂ ਨੂੰ ਸਾਹਮਣੇ ਲਿਆਉਣ ਦੇ ਨਾਲ-ਨਾਲ ਉਨ੍ਹਾਂ ਦੇ ਹੱਲ ਵੱਲ ਯਤਨ ਕਰਨਾ ਵੀ ਇਸ ਦੀਆਂ ਅਹਿਮ ਜ਼ਿੰਮੇਵਾਰੀਆਂ ਵਿੱਚ ਸ਼ਾਮਲ ਹੈ।


ਪੱਤਰਕਾਰੀ ਵਿੱਚ ਜ਼ਿੰਮੇਵਾਰੀ ਅਤੇ ਤੱਥਾਂ ਦੀ ਸਹੀ ਪੇਸ਼ਕਾਰੀ ’ਤੇ ਹੋਈ ਚਰਚਾ

ਸੰਮੇਲਨ ਦੌਰਾਨ ਕਰਵਾਈ ਗਈ ਵਿਚਾਰ ਗੋਸ਼ਟੀ ਵਿੱਚ ਪੱਤਰਕਾਰਾਂ ਨੇ ‘ਪੱਤਰਕਾਰੀ : ਸਨਸਨੀ ਜਾਂ ਜ਼ਿੰਮੇਵਾਰੀ’ ਵਿਸ਼ੇ ’ਤੇ ਆਪਣੇ ਤਜਰਬੇ ਅਤੇ ਵਿਚਾਰ ਸਾਂਝੇ ਕੀਤੇ। ਪ੍ਰੋਗਰਾਮ ਵਿੱਚ ਜ਼ਿਲ੍ਹੇ ਦੇ ਵੱਡੀ ਗਿਣਤੀ ਵਿੱਚ ਪੱਤਰਕਾਰਾਂ ਨੇ ਸ਼ਮੂਲੀਅਤ ਕੀਤੀ ਅਤੇ ਆਪਣੇ ਵਿਚਾਰ ਰੱਖੇ।

ਪ੍ਰੈੱਸ ਕਲੱਬ ਊਨਾ ਦੇ ਪ੍ਰਧਾਨ ਸੁਰਿੰਦਰ ਸ਼ਰਮਾ ਨੇ ਕਿਹਾ ਕਿ ਮੀਡੀਆ ਦਾ ਸਰੂਪ ਲਗਾਤਾਰ ਬਦਲ ਰਿਹਾ ਹੈ। ਸੋਸ਼ਲ ਮੀਡੀਆ ਦੇ ਆਗਮਨ ਤੋਂ ਬਾਅਦ ਪ੍ਰਿੰਟ, ਇਲੈਕਟ੍ਰਾਨਿਕ ਅਤੇ ਡਿਜੀਟਲ ਮਾਧਿਅਮਾਂ ਦੀ ਭਰੋਸੇਯੋਗਤਾ ਨੂੰ ਲੈ ਕੇ ਨਵੇਂ ਸਵਾਲ ਸਾਹਮਣੇ ਆਏ ਹਨ। ਉਨ੍ਹਾਂ ਮੌਜੂਦਾ ਦੌਰ ਨੂੰ ਇੱਕ ਤਰ੍ਹਾਂ ਦਾ ਸਮੁੰਦਰ ਮੰਥਨ ਦੱਸਦਿਆਂ ਕਿਹਾ ਕਿ ਇਹ ਆਤਮ-ਚਿੰਤਨ ਦਾ ਸਮਾਂ ਹੈ ਕਿ ਕਿਹੜਾ ਮਾਧਿਅਮ ਕਿੰਨਾ ਭਰੋਸੇਯੋਗ ਹੈ ਅਤੇ ਕਿਸ ਸੂਚਨਾ ’ਤੇ ਭਰੋਸਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਨਸਨੀ ਕੁਝ ਸਮੇਂ ਲਈ ਹੁੰਦੀ ਹੈ, ਪਰ ਸੱਚਾਈ ਹਮੇਸ਼ਾ ਕਾਇਮ ਰਹਿੰਦੀ ਹੈ। ਪੱਤਰਕਾਰ ਭਾਵੇਂ ਕਿਸੇ ਵੀ ਮੰਚ ਤੋਂ ਲਿਖੇ, ਉਸ ਦੀ ਲਿਖਤ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਹੋਣੀ ਚਾਹੀਦੀ ਹੈ। ਅੰਤ ਵਿੱਚ ਸਮਾਜ ਸਹੀ, ਸੰਤੁਲਿਤ ਅਤੇ ਜ਼ਿੰਮੇਵਾਰ ਲਿਖਤ ਨੂੰ ਹੀ ਮਹੱਤਵ ਦਿੰਦਾ ਹੈ।

ਸਰੋਜ ਮੋਦਗਿਲ ਨੇ ਕਿਹਾ ਕਿ ਪਹਿਲਾਂ ਪੱਤਰਕਾਰੀ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਪ੍ਰਮੁੱਖ ਹੁੰਦੀ ਸੀ, ਪਰ ਅੱਜ ਸਨਸਨੀ ਦੀ ਦੌੜ ਵਿੱਚ ਕਈ ਵਾਰ ਖ਼ਬਰਾਂ ਆਪਣੀਆਂ ਹੱਦਾਂ ਪਾਰ ਕਰ ਜਾਂਦੀਆਂ ਹਨ। ਪੱਤਰਕਾਰਾਂ ਨੂੰ ਆਪਣੇ ਫਰਜ਼ ਅਤੇ ਜ਼ਿੰਮੇਵਾਰੀਆਂ ਨੂੰ ਸਮਝਣਾ ਚਾਹੀਦਾ ਹੈ।

ਡਾ. ਰਣਧੀਰ ਜਸਵਾਲ ਨੇ ਕਿਹਾ ਕਿ ਪੱਤਰਕਾਰੀ ਬੁਨਿਆਦੀ ਤੌਰ ’ਤੇ ਜ਼ਿੰਮੇਵਾਰੀ ਵਾਲਾ ਕੰਮ ਹੈ। ਜਿਸ ਤਰ੍ਹਾਂ ਮਾਂ ਆਪਣੇ ਬੱਚੇ ਦੀ ਦੇਖਭਾਲ ਸੰਵੇਦਨਸ਼ੀਲਤਾ ਨਾਲ ਕਰਦੀ ਹੈ, ਉਸੇ ਭਾਵਨਾ ਨਾਲ ਪੱਤਰਕਾਰੀ ਦਾ ਫਰਜ਼ ਵੀ ਨਿਭਾਇਆ ਜਾਣਾ ਚਾਹੀਦਾ ਹੈ। ਸਨਸਨੀ ਕੁਝ ਪਲਾਂ ਲਈ ਰੋਮਾਂਚ ਪੈਦਾ ਕਰਦੀ ਹੈ, ਜਦਕਿ ਜ਼ਿੰਮੇਵਾਰ ਪੱਤਰਕਾਰੀ ਦੀ ਮਹੱਤਤਾ ਕਿਤੇ ਵੱਧ ਹੈ।

ਕੇ.ਐਲ. ਬੈਂਸ ਨੇ ਕਿਹਾ ਕਿ ਸਨਸਨੀਖੇਜ਼ ਪੱਤਰਕਾਰੀ ਅਕਸਰ ਅਪੁਸ਼ਟ ਤੱਥਾਂ ਅਤੇ ਗੁੰਮਰਾਹਕੁੰਨ ਸੂਚਨਾਵਾਂ ’ਤੇ ਆਧਾਰਿਤ ਹੁੰਦੀ ਹੈ, ਜਦਕਿ ਜ਼ਿੰਮੇਵਾਰ ਪੱਤਰਕਾਰੀ ਦਾ ਆਧਾਰ ਸੱਚਾਈ ਅਤੇ ਤੱਥਾਂ ਦੀ ਪੁਸ਼ਟੀ ਹੈ।

ਜੀਵਨ ਸ਼ਰਮਾ ਨੇ ਕਿਹਾ ਕਿ ਪੱਤਰਕਾਰੀ ਦਾ ਉਦੇਸ਼ ਸਨਸਨੀ ਫੈਲਾਉਣਾ ਨਹੀਂ, ਸਗੋਂ ਸੱਚਾਈ ਸਾਹਮਣੇ ਲਿਆਉਣਾ ਹੈ। ਉਨ੍ਹਾਂ ਸੰਵਿਧਾਨ ਦੇ ਅਨੁਛੇਦ 19(1)(ਕ) ਵਿੱਚ ਪ੍ਰਗਟਾਵੇ ਦੀ ਆਜ਼ਾਦੀ ਅਤੇ ਅਨੁਛੇਦ 19(2) ਵਿੱਚ ਵਾਜਬ ਪਾਬੰਦੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੱਤਰਕਾਰੀ ਵਿੱਚ ਆਜ਼ਾਦੀ ਦੇ ਨਾਲ ਜ਼ਿੰਮੇਵਾਰੀ ਵੀ ਲਾਜ਼ਮੀ ਹੈ।


ਗ਼ਜ਼ਲ ਗਾਇਕੀ ਨੇ ਬੰਨ੍ਹਿਆ ਸਮਾਂ, ਸਵੈ-ਸਹਾਇਤਾ ਸਮੂਹਾਂ ਦੇ ਉਤਪਾਦਾਂ ਨੂੰ ਦਿੱਤਾ ਉਤਸ਼ਾਹ

ਇਸ ਵਾਰ ਕੌਮੀ ਪ੍ਰੈੱਸ ਦਿਵਸ ਦੇ ਸਮਾਗਮ ਵਿੱਚ ਵਿਸ਼ੇਸ਼ ਸੰਗੀਤ ਸੈਸ਼ਨ ਵੀ ਰੱਖਿਆ ਗਿਆ। ਵਿਚਾਰ ਗੋਸ਼ਟੀ ਤੋਂ ਪਹਿਲਾਂ ਪ੍ਰਸਿੱਧ ਗ਼ਜ਼ਲ ਗਾਇਕ ਸੁਨੀਲ ਡੋਗਰਾ ਨੇ ਆਪਣੀਆਂ ਪੇਸ਼ਕਾਰੀਆਂ ਰਾਹੀਂ ਖੂਬ ਰੰਗ ਬੰਨ੍ਹਿਆ। ਪੱਤਰਕਾਰਾਂ ਅਤੇ ਮਹਿਮਾਨਾਂ ਨੇ ਉਨ੍ਹਾਂ ਦੀਆਂ ਗ਼ਜ਼ਲਾਂ ਦਾ ਭਰਪੂਰ ਆਨੰਦ ਮਾਣਿਆ। ਡਿਪਟੀ ਕਮਿਸ਼ਨਰ ਨੇ ਵੀ ਉਨ੍ਹਾਂ ਦੀਆਂ ਪੇਸ਼ਕਾਰੀਆਂ ਦੀ ਸ਼ਲਾਘਾ ਕੀਤੀ।

ਇਸ ਮੌਕੇ ਮਹਿਲਾ ਸਵੈ-ਸਹਾਇਤਾ ਸਮੂਹਾਂ ਨੂੰ ਉਤਸ਼ਾਹਿਤ ਕਰਨ ਦੀ ਪਹਿਲ ਵੀ ਕੀਤੀ ਗਈ। ਪ੍ਰਸ਼ਾਸਨ ਵੱਲੋਂ ਮਹਿਮਾਨਾਂ ਅਤੇ ਭਾਗੀਦਾਰਾਂ ਨੂੰ ਦਿੱਤੇ ਗਏ ਤੋਹਫ਼ਿਆਂ ਵਿੱਚ ਸਵੈ-ਸਹਾਇਤਾ ਸਮੂਹਾਂ ਦੀਆਂ ਮਹਿਲਾਵਾਂ ਵੱਲੋਂ ਤਿਆਰ ਕੀਤੇ ਉਤਪਾਦ ਸ਼ਾਮਲ ਸਨ। ਇਸ ਰਾਹੀਂ ਊਨਾ ਦੇ ਸਥਾਨਕ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਅਤੇ ਮਹਿਲਾਵਾਂ ਦੀਆਂ ਆਰਥਿਕ ਗਤੀਵਿਧੀਆਂ ਨੂੰ ਪ੍ਰੋਤਸਾਹਨ ਦੇਣ ਦਾ ਸੰਦੇਸ਼ ਦਿੱਤਾ ਗਿਆ।