ਗੜ੍ਹਸ਼ੰਕਰ, 27 ਸਤੰਬਰ:- ਅੱਜ ਇੱਥੇ ਸੀ ਪੀ ਆਈ ਐਮ ਵੱਲੋਂ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਗੁਰਨੇਕ ਸਿੰਘ ਭੱਜਲ, ਦਰਸ਼ਨ ਸਿੰਘ ਮੱਟੂ, ਮਹਿੰਦਰ ਕੁਮਾਰ ਬੱਡੋਆਣ, ਕੁਲਵਿੰਦਰ ਸਿੰਘ ਸੰਘਾ ਨੇ ਕਿਹਾ ਕਿ ਭਾਰਤ ਦਾ ਚੋਣ ਕਮਿਸ਼ਨਰ ਵੱਲੋਂ ਵੋਟਾਂ ਵਿੱਚ ਧਾਂਦਲੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ ਵਿਚ 96.88 ਕਰੋੜ ਵੋਟਾਂ ਕੱਟ ਦਿੱਤੀਆਂ ਗਈਆਂ ਹਨ, ਜੋ ਕਿ ਵੋਟਾਂ ਦਾ 14 ਪਰਸੈਂਟ ਬਣਦਾ ਹੈ। ਉਨ੍ਹਾਂ ਕਿਹਾ ਕਿ ਇਸ ਕਰਕੇ ਹੀ ਅਮਿਤ ਸ਼ਾਹ 50 ਸਾਲ ਰਾਜ ਕਰਨ ਦੀਆਂ ਗੱਲਾਂ ਕਰਦਾ ਹੈ।

ਉਨ੍ਹਾਂ ਕਿਹਾ ਕਿ ਇਸੇ ਹੀ ਅਧਾਰ ’ਤੇ ਕਿਹਾ ਜਾ ਰਿਹਾ ਹੈ ਕਿ ਜੋ 6 ਨੰਬਰ ਫਾਰਮ ਬਣਾਇਆ ਹੈ, ਉਸ ਵਿੱਚ ਮਦ ਹੀ ਇਸ ਤਰ੍ਹਾਂ ਦੀ ਬਣਾ ਦਿੱਤੀ ਗਈ ਹੈ। ਨਵੀਂ ਵੋਟ ਬਣਾਉਣ ਵਾਲੇ ਕੋਲੋਂ 2003 ਦਾ ਸਬੂਤ ਮੰਗਿਆ ਜਾ ਰਿਹਾ ਹੈ, ਜੋ ਕਿ ਉਨ੍ਹਾਂ ਅਨੁਸਾਰ ਗੈਰ-ਸੰਵਿਧਾਨਕ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ-ਸ਼ਾਹ ਸੰਵਿਧਾਨ ਨੂੰ ਖਤਮ ਕਰਕੇ ਮਨੂ ਸਿਮਰਤੀ ਲਾਗੂ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਖੱਬੀਆਂ ਪਾਰਟੀਆਂ ਅਤੇ ਇਨਸਾਫ਼ ਪਸੰਦ ਲੋਕ ਇਹਨਾਂ ਦੇ ਮਨਸੂਬੇ ਸਫਲ ਨਹੀਂ ਹੋਣ ਦੇਣਗੇ।

ਇਸ ਮੌਕੇ ਸੁਭਾਸ਼ ਮੱਟੂ ਅਤੇ ਉਪਰੋਕਤ ਆਗੂਆਂ ਨੇ ਸਾਰੇ ਸਾਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ 6 ਅਕਤੂਬਰ ਨੂੰ ਜੈ ਕਿਸ਼ਨ ਸਿੰਘ ਰੋੜੀ ਦੇ ਘਰ ਦੇ ਅੱਗੇ ਧਰਨਾ ਲਾ ਕੇ ਮਜ਼ਦੂਰਾਂ-ਕਿਸਾਨਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤੇ ਜਾਣਗੇ। ਉਨ੍ਹਾਂ ਸਾਰਿਆਂ ਨੂੰ ਵਹੀਰਾਂ ਘੱਤ ਕੇ ਪਹੁੰਚਣ ਦੀ ਅਪੀਲ ਕੀਤੀ।

ਇਸ ਮੌਕੇ ਸੁਖਵਿੰਦਰ ਕੌਰ, ਬਲਦੇਵ ਰਾਜ, ਜਗਮੋਹਨ ਕੌਰ, ਕਿਸ਼ਨ ਸਿੰਘ ਅਤੇ ਬਲਵੀਰ ਸਿੰਘ ਨੇ ਸੰਬੋਧਨ ਕੀਤਾ।