ਸ਼੍ਰੀਹਰੀਕੋਟਾ (ਆਂਧਰਾ ਪ੍ਰਦੇਸ਼):- ਭਾਰਤੀ ਪੁਲਾੜ ਖੋਜ ਸੰਸਥਾ ਨੇ ਮੰਗਲਵਾਰ ਨੂੰ ਐਲ.ਵੀ.ਐਮ.3-ਐਮ6 ਰਾਕੇਟ ਦੀ ਲਾਂਚਿੰਗ ਲਈ 24 ਘੰਟਿਆਂ ਦੀ ਉਲਟੀ ਗਿਣਤੀ ਸ਼ੁਰੂ ਕਰ ਦਿੱਤੀ ਹੈ। ਇਹ ਰਾਕੇਟ ਅਮਰੀਕਾ ਦੇ ਨਵੀਂ ਪੀੜ੍ਹੀ ਦੇ ਸੰਚਾਰ ਉਪਗ੍ਰਹਿ ‘ਬਲੂਬਰਡ ਬਲਾਕ-2’ ਨੂੰ ਲੈ ਕੇ ਪੁਲਾੜ ਵਿੱਚ ਜਾਵੇਗਾ। ਇਸ ਵਪਾਰਕ ਮਿਸ਼ਨ ਦੇ ਤਹਿਤ, ਇਸਰੋ ਆਪਣੇ ਸਭ ਤੋਂ ਭਾਰੀ ਲਾਂਚ ਵਾਹਨ ਐਲ.ਵੀ.ਐਮ.3-ਐਮ6 ਨੂੰ ਬੁੱਧਵਾਰ ਸਵੇਰੇ 8.54 ਵਜੇ ਸ਼੍ਰੀਹਰੀਕੋਟਾ ਦੇ ਦੂਜੇ ਲਾਂਚ ਪੈਡ ਤੋਂ ਰਵਾਨਾ ਕਰੇਗਾ।
ਲਾਂਚਿੰਗ ਤੋਂ ਪਹਿਲਾਂ ਇਸਰੋ ਦੇ ਚੇਅਰਮੈਨ ਵੀ. ਨਾਰਾਇਣਨ ਨੇ ਤਿਰੂਮਾਲਾ ਸਥਿਤ ਸ਼੍ਰੀ ਵੈਂਕਟੇਸ਼ਵਰ ਸਵਾਮੀ ਮੰਦਰ ਵਿੱਚ ਪੂਜਾ ਅਰਚਨਾ ਕੀਤੀ ਅਤੇ ਮਿਸ਼ਨ ਦੀ ਸਫਲਤਾ ਲਈ ਪ੍ਰਾਰਥਨਾ ਕੀਤੀ।
6,100 ਕਿਲੋਗ੍ਰਾਮ ਵਜ਼ਨ ਵਾਲਾ ਇਹ ਉਪਗ੍ਰਹਿ ਐਲ.ਵੀ.ਐਮ.3 ਰਾਕੇਟ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਭਾਰੀ ਪੇਲੋਡ ਹੈ ਜਿਸ ਨੂੰ ‘ਲੋਅ ਅਰਥ ਆਰਬਿਟ’ ਵਿੱਚ ਸਥਾਪਿਤ ਕੀਤਾ ਜਾਵੇਗਾ। ਇਹ ਮਿਸ਼ਨ ਇਸਰੋ ਦੀ ਵਪਾਰਕ ਸ਼ਾਖਾ ਨਿਊਸਪੇਸ ਇੰਡੀਆ ਲਿਮਟਿਡ ਅਤੇ ਅਮਰੀਕਾ ਦੀ ਕੰਪਨੀ ਏਐਸਟੀ ਸਪੇਸਮੋਬਾਈਲ ਵਿਚਕਾਰ ਹੋਏ ਸਮਝੌਤੇ ਦਾ ਹਿੱਸਾ ਹੈ।
ਇਸ ਉਪਗ੍ਰਹਿ ਦਾ ਮੁੱਖ ਮਕਸਦ ਦੁਨੀਆ ਭਰ ਦੇ ਸਮਾਰਟਫੋਨਾਂ ’ਤੇ ਸਿੱਧਾ ਹਾਈ-ਸਪੀਡ ਸੈਲੂਲਰ ਬ੍ਰੌਡਬੈਂਡ ਮੁਹੱਈਆ ਕਰਵਾਉਣਾ ਹੈ। ਇਹ ਤਕਨੀਕ 4ਜੀ ਅਤੇ 5ਜੀ ਵੌਇਸ ਕਾਲਾਂ, ਵੀਡੀਓ ਕਾਲਾਂ ਅਤੇ ਡਾਟਾ ਸਟ੍ਰੀਮਿੰਗ ਨੂੰ ਹਰ ਸਮੇਂ ਅਤੇ ਹਰ ਜਗ੍ਹਾ ਉਪਲਬਧ ਕਰਵਾਉਣ ਵਿੱਚ ਮਦਦਗਾਰ ਹੋਵੇਗੀ।
43.5 ਮੀਟਰ ਉੱਚਾ ਇਹ ਐਲ.ਵੀ.ਐਮ.3 ਰਾਕੇਟ ਤਿੰਨ ਪੜਾਵਾਂ ਵਾਲਾ ਹੈ, ਜਿਸ ਵਿੱਚ ਇਸਰੋ ਦੇ ਲਿਕਵਿਡ ਪ੍ਰੋਪਲਸ਼ਨ ਸਿਸਟਮ ਸੈਂਟਰ ਦੁਆਰਾ ਵਿਕਸਤ ਕ੍ਰਾਇਓਜੈਨਿਕ ਇੰਜਣ ਲੱਗਿਆ ਹੋਇਆ ਹੈ।
ਲਾਂਚਿੰਗ ਦੇ ਲਗਭਗ 15 ਮਿੰਟਾਂ ਬਾਅਦ, ਬਲੂਬਰਡ ਬਲਾਕ-2 ਉਪਗ੍ਰਹਿ ਰਾਕੇਟ ਤੋਂ ਵੱਖ ਹੋ ਜਾਵੇਗਾ। ਇਸ ਉਪਗ੍ਰਹਿ ਵਿੱਚ 223 ਵਰਗ ਮੀਟਰ ਦਾ ਫੇਜ਼ਡ ਐਰੇ ਲੱਗਿਆ ਹੋਇਆ ਹੈ, ਜੋ ਇਸਨੂੰ ਹੇਠਲੇ ਪੁਲਾੜੀ ਪੰਧ ਵਿੱਚ ਭੇਜਿਆ ਜਾਣ ਵਾਲਾ ਹੁਣ ਤੱਕ ਦਾ ਸਭ ਤੋਂ ਵੱਡਾ ਵਪਾਰਕ ਸੰਚਾਰ ਉਪਗ੍ਰਹਿ ਬਣਾਉਂਦਾ ਹੈ।
ਏਐਸਟੀ ਸਪੇਸਮੋਬਾਈਲ ਨੇ ਪਹਿਲਾਂ ਸਤੰਬਰ 2024 ਵਿੱਚ ਪੰਜ ਉਪਗ੍ਰਹਿ ਲਾਂਚ ਕੀਤੇ ਸਨ ਅਤੇ ਹੁਣ ਉਹ ਆਪਣੇ ਨੈੱਟਵਰਕ ਨੂੰ ਹੋਰ ਮਜ਼ਬੂਤ ਕਰਨ ਲਈ ਦੁਨੀਆ ਭਰ ਦੇ 50 ਤੋਂ ਵੱਧ ਮੋਬਾਈਲ ਆਪਰੇਟਰਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ।
ਇਸਰੋ ਦੇ ਬਲੂਬਰਡ ਬਲਾਕ2 ਮਿਸ਼ਨ ਲਈ ਉਲਟੀ ਗਿਣਤੀ ਸ਼ੁਰੂ ਹਰੀਕੋਟਾ ਤੋਂ ਕੱਲ੍ਹ ਹੋਵੇਗੀ ਇਤਿਹਾਸਕ ਲਾਂਚਿੰਗ
