ਇੰਦੌਰ:- ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਨੇ ਇੰਦੌਰ ਵਿੱਚ ਆਪਣੇ ਸੰਗੀਤਕ ਸਮਾਗਮ ਦੌਰਾਨ ਆਪਣਾ ਮਕਬੂਲ ਗੀਤ ‘ਪਟਿਆਲਾ ਪੈੱਗ’ ਗਾ ਕੇ ਵਿਵਾਦ ਖੜ੍ਹਾ ਕਰ ਦਿੱਤਾ ਹੈ। ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ (ਡੀਸੀਪੀਓ) ਵੱਲੋਂ ਸ਼ਰਾਬ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਹੇਠ ਉਨ੍ਹਾਂ ਦੇ ਚਾਰ ਗੀਤਾਂ ’ਤੇ ਰੋਕ ਲਾਉਣ ਦੇ ਨਿਰਦੇਸ਼ ਦਿੱਤੇ ਗਏ ਸਨ, ਪਰ ਇਸ ਦੇ ਬਾਵਜੂਦ ਦਿਲਜੀਤ ਨੇ ਐਤਵਾਰ ਰਾਤ ਦੇ ਸਮਾਗਮ ਵਿੱਚ ਇਹ ਗੀਤ ਗਾਇਆ।
ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ’ਤੇ ਪ੍ਰਸ਼ੰਸਕ ਵੱਲੋਂ ਬਣਾਈ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ‘ਪਟਿਆਲਾ ਪੈੱਗ’ ਗਾਉਂਦੇ ਨਜ਼ਰ ਆ ਰਹੇ ਹਨ।
ਬਾਲ ਕਮਿਸ਼ਨ ਦੇ ਅਧਿਕਾਰੀ ਰਜਨੀਸ਼ ਸਿਨਹਾ ਨੇ ਦੱਸਿਆ ਕਿ ਉਨ੍ਹਾਂ ਨੇ ਚੰਡੀਗੜ੍ਹ ਦੇ ਪ੍ਰੋਫੈਸਰ ਪੰਡਤ ਰਾਓ ਧਰੇਨਵਰ ਦੀ ਸ਼ਿਕਾਇਤ ਮਗਰੋਂ ਇਹ ਨਿਰਦੇਸ਼ ਜਾਰੀ ਕੀਤੇ ਸਨ। ਸ਼ਿਕਾਇਤਕਰਤਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦਾ ਹਵਾਲਾ ਦਿੰਦਿਆਂ ਇੰਦੌਰ ਦੇ ਸਮਾਗਮ ਵਿੱਚ ਦਿਲਜੀਤ ਦੇ ਚਾਰ ਗੀਤਾਂ ’ਤੇ ਰੋਕ ਲਾਉਣ ਦੀ ਮੰਗ ਕੀਤੀ ਸੀ।
ਇਨ੍ਹਾਂ ਗੀਤਾਂ ਵਿੱਚ ‘ਪਟਿਆਲਾ ਪੈੱਗ’, ‘5 ਤਾਰਾ ਠੇਕੇ’, ‘ਜੇਬ ਵਿੱਚੋਂ ਫੀਮ’ ਅਤੇ ‘ਜੱਟ ਫਾਇਰ ਕਰਦਾ’ ਸ਼ਾਮਲ ਹਨ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਇਨ੍ਹਾਂ ਗੀਤਾਂ ਵਿੱਚ ਸ਼ਰਾਬ ਅਤੇ ਹਿੰਸਾ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ, ਜਿਸ ਦਾ ਛੋਟੀ ਉਮਰ ਦੇ ਬੱਚਿਆਂ ’ਤੇ ਮਾੜਾ ਅਸਰ ਪੈ ਸਕਦਾ ਹੈ।
ਸਮਾਗਮ ਦੌਰਾਨ 42 ਸਾਲਾ ਗਾਇਕ ਨੇ ਗੀਤਾਂ ’ਤੇ ਲਾਈਆਂ ਪਾਬੰਦੀਆਂ ਨੂੰ ਲੈ ਕੇ ਨਾਰਾਜ਼ਗੀ ਵੀ ਜ਼ਾਹਰ ਕੀਤੀ। ਉਨ੍ਹਾਂ ਕਿਹਾ, "ਇਹ ਨਹੀਂ ਗਾ ਸਕਦੇ, ਉਹ ਨਹੀਂ ਗਾ ਸਕਦੇ। ਇਹ ਨਹੀਂ ਕਰ ਸਕਦੇ, ਉਹ ਨਹੀਂ ਕਰ ਸਕਦੇ।" ਇਸ ਤੋਂ ਬਾਅਦ ਉਨ੍ਹਾਂ ਨੇ ਕਵੀ ਰਹਾਤ ਇੰਦੌਰੀ ਦੀਆਂ ਮਸ਼ਹੂਰ ਸਤਰਾਂ ਸੁਣਾਈਆਂ, ਜਿਨ੍ਹਾਂ ਨੂੰ ਸੁਣ ਕੇ ਦਰਸ਼ਕਾਂ ਨੇ ਜ਼ੋਰਦਾਰ ਤਾੜੀਆਂ ਮਾਰੀਆਂ। ਉਨ੍ਹਾਂ ਕਿਹਾ, "ਸਾਡੇ ਮੂੰਹੋਂ ਜੋ ਨਿਕਲਦਾ ਹੈ, ਉਹੀ ਸੱਚਾਈ ਹੈ। ਸਾਡੇ ਮੂੰਹ ਵਿੱਚ ਤੁਹਾਡੀ ਜ਼ੁਬਾਨ ਥੋੜ੍ਹੀ ਹੈ... ਇਸ ਧਰਤੀ ਦੀ ਮਿੱਟੀ ਵਿੱਚ ਸਾਰਿਆਂ ਦਾ ਖ਼ੂਨ ਸ਼ਾਮਲ ਹੈ, ਹਿੰਦੋਸਤਾਨ ਕਿਸੇ ਦੇ ਬਾਪ ਦਾ ਥੋੜ੍ਹੀ ਹੈ।" ਦਿਲਜੀਤ ਨੇ ਇਸ ਮੌਕੇ ਆਪਣੇ ਪ੍ਰਸ਼ੰਸਕਾਂ ਦਾ ਸਮਰਥਨ ਲਈ ਧੰਨਵਾਦ ਵੀ ਕੀਤਾ।
