ਡੇਰਾਬੱਸੀ, 13 ਨਵੰਬਰ (ਸੰਜੀਵ ਸਿੰਘ ਸੈਣੀ):- ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਚਲਾਈ ਜਾ ਰਹੀ “ਪੰਜਾਬ ਮੰਗਦਾ ਇਨਸਾਫ਼” ਮੁਹਿੰਮ ਦੀ ਸ਼ੁਰੂਆਤ ਕਾਂਗਰਸ ਪਾਰਟੀ ਨੇ ਡੇਰਾਬੱਸੀ ਵਿਧਾਨ ਸਭਾ ਹਲਕੇ ਵਿੱਚ ਕੀਤੀ। ਆਲ ਇੰਡੀਆ ਕਾਂਗਰਸ ਕਮੇਟੀ (AICC) ਦੇ ਓਬੀਸੀ ਵਿਭਾਗ ਦੀ ਵਿਚਾਰਧਾਰਕ ਸਲਾਹਕਾਰ ਕਮੇਟੀ ਦੇ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਬੁਲਾਰੇ ਸ੍ਰੀ ਅਮਿਤ ਬਾਵਾ ਸੈਣੀ ਦੀ ਅਗਵਾਈ ਹੇਠ “ਹਰ ਗਲੀ, ਹਰ ਸ਼ਹਿਰ ਕਾਂਗਰਸ ਦੀ ਲਹਿਰ” ਪ੍ਰੋਗਰਾਮ ਤਹਿਤ ਅੱਜ ਡੇਰਾਬੱਸੀ ਦੇ ਪਿੰਡ ਸੀਤਾਪੁਰ, ਰਾਮਗੜ੍ਹ ਰੁੜਕੀ ਅਤੇ ਜਾਤਸਨਾ ਖੁਰਦ ਵਿੱਚ ਘਰ-ਘਰ ਜਾ ਕੇ ਲੋਕਾਂ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਪਿੰਡ ਵਾਸੀਆਂ ਨੇ ਕਾਂਗਰਸ ਪਾਰਟੀ ਦੇ ਇਸ ਜਨਸੰਪਰਕ ਅਭਿਆਨ ਨੂੰ ਭਰਵਾਂ ਸਮਰਥਨ ਦਿੱਤਾ ਅਤੇ ਉਤਸ਼ਾਹ ਨਾਲ ਸਵਾਗਤ ਕੀਤਾ।
ਸ੍ਰੀ ਅਮਿਤ ਬਾਵਾ ਸੈਣੀ ਨੇ ਪਿੰਡ ਵਾਸੀਆਂ ਨਾਲ ਨਿੱਜੀ ਤੌਰ 'ਤੇ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ, ਰੋਜ਼ਾਨਾ ਦੀਆਂ ਸਮੱਸਿਆਵਾਂ ਅਤੇ ਨਾਗਰਿਕ ਸਹੂਲਤਾਂ ਵਿੱਚ ਕਮੀਆਂ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ। ਇਸ ਦੌਰਾਨ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਖੁੱਲ੍ਹ ਕੇ ਸਾਂਝੀਆਂ ਕੀਤੀਆਂ ਅਤੇ ਪਾਰਟੀ ਤੋਂ ਆਪਣੀਆਂ ਆਸਾਂ ਤੇ ਉਮੀਦਾਂ ਵੀ ਪ੍ਰਗਟਾਈਆਂ। ਜ਼ਿਆਦਾਤਰ ਥਾਵਾਂ 'ਤੇ ਕੁਝ ਮੁੱਖ ਸਮੱਸਿਆਵਾਂ ਸਾਹਮਣੇ ਆਈਆਂ, ਜਿਨ੍ਹਾਂ ਵਿੱਚ ਸਰਕਾਰੀ ਮਕਾਨਾਂ ਲਈ ਮਿਲਣ ਵਾਲੇ ਫੰਡਾਂ ਦੀ ਘਾਟ, ਸੜਕਾਂ ਦੀ ਮਾੜੀ ਹਾਲਤ ਅਤੇ ਸਰਕਾਰੀ ਬੱਸ ਸੇਵਾ ਦੀ ਅਣਹੋਂਦ ਪ੍ਰਮੁੱਖ ਰਹੀਆਂ।
ਸ੍ਰੀ ਸੈਣੀ ਨੇ ਕਿਹਾ ਕਿ “ਪੰਜਾਬ ਮੰਗਦਾ ਇਨਸਾਫ਼” ਮੁਹਿੰਮ ਦਾ ਉਦੇਸ਼ ਆਮ ਲੋਕਾਂ ਦੀ ਆਵਾਜ਼ ਸਿੱਧੀ ਪਾਰਟੀ ਤੱਕ ਪਹੁੰਚਾਉਣਾ ਅਤੇ ਉਨ੍ਹਾਂ ਦੇ ਹੱਕਾਂ ਲਈ ਆਵਾਜ਼ ਉਠਾਉਣਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਜ਼ਮੀਨੀ ਪੱਧਰ 'ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਇਸ ਮੁਹਿੰਮ ਰਾਹੀਂ ਹਰ ਘਰ ਤੱਕ ਪਹੁੰਚ ਕੇ ਲੋਕਾਂ ਨਾਲ ਸਿੱਧਾ ਸੰਵਾਦ ਕਾਇਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਮਿਲ ਰਿਹਾ ਭਰਵਾਂ ਸਮਰਥਨ ਉਨ੍ਹਾਂ ਅਨੁਸਾਰ ਲੋਕਾਂ ਦੇ ਕਾਂਗਰਸ ਪਾਰਟੀ ਪ੍ਰਤੀ ਭਰੋਸੇ ਨੂੰ ਦਰਸਾਉਂਦਾ ਹੈ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਪਾਰਟੀ ਨੂੰ ਲੋਕਾਂ ਦਾ ਆਸ਼ੀਰਵਾਦ ਮਿਲੇਗਾ।
ਇਸ ਮੌਕੇ ਬਲਦੇਵ ਸਿੰਘ ਰੁੜਕੀ, ਜਸਵੰਤ ਸਿੰਘ ਰੁੜਕੀ, ਧਰਮ ਸਿੰਘ ਸੀਤਾਪੁਰ, ਬਹਾਦਰ ਸਿੰਘ ਜਾਤਸਨਾ ਖੁਰਦ, ਕਾਂਗਰਸ ਦੇ ਜ਼ਿਲ੍ਹਾ ਜਨਰਲ ਸਕੱਤਰ ਵਿਕਰਮ ਰਾਣਾ, ਸੌਰਭਾ ਥੰਮਨ, ਸਾਬਕਾ ਸਰਪੰਚ ਬੰਤ ਸਿੰਘ ਰੁੜਕੀ, ਲਾਲ ਸਿੰਘ ਰੁੜਕੀ, ਮਹਿੰਦਰ ਸਿੰਘ, ਗੁਰਨਾਮ ਸਿੰਘ, ਹੁਕਮ ਸਿੰਘ, ਜਸਪ੍ਰੀਤ ਸਿੰਘ, ਰਾਮਸ਼ਰਨ ਅਤੇ ਕਾਂਗਰਸ ਦੇ ਹੋਰ ਵਰਕਰ ਹਾਜ਼ਰ ਸਨ। ਮੁਹਿੰਮ ਤਹਿਤ ਆਉਣ ਵਾਲੇ ਦਿਨਾਂ ਵਿੱਚ ਵੀ ਹਲਕੇ ਦੇ ਹੋਰ ਪਿੰਡਾਂ ਅਤੇ ਵਾਰਡਾਂ ਵਿੱਚ ਘਰ-ਘਰ ਜਾ ਕੇ ਲੋਕਾਂ ਨਾਲ ਸੰਵਾਦ ਦਾ ਪ੍ਰੋਗਰਾਮ ਜਾਰੀ ਰਹੇਗਾ।
