ਨਵਾਂਸ਼ਹਿਰ/ਕਾਠਗੜ੍ਹ, 22 ਨਵੰਬਰ (ਜਤਿੰਦਰਪਾਲ ਸਿੰਘ ਕਲੇਰ):- 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਬਿਗੁਲ ਹੁਣ ਬਲਾਚੌਰ ਹਲਕੇ ਵਿੱਚ ਵੱਜ ਗਿਆ ਹੈ। ਕਾਂਗਰਸ ਪਾਰਟੀ ਨੇ ਇੰਤਜ਼ਾਰ ਨਹੀਂ ਕੀਤਾ, ਸਗੋਂ ਚੋਣਾਂ ਤੋਂ ਬਹੁਤ ਪਹਿਲਾਂ ਹੀ ਜ਼ਮੀਨ 'ਤੇ ਉਤਰ ਕੇ ਲੋਕਾਂ ਦੀ ਨਬਜ਼ ਟੋਹਣੀ ਸ਼ੁਰੂ ਕਰ ਦਿੱਤੀ ਹੈ। ਇਸੇ ਮਿਸ਼ਨ ਤਹਿਤ ਕਸਬਾ ਕਾਠਗੜ੍ਹ ਵਿੱਚ ਬੀਤੀ ਰਾਤ ਹੋਈ ਲੋਕ ਮਿਲਣੀ ਨੇ ਸਾਫ਼ ਕਰ ਦਿੱਤਾ ਕਿ ਕਾਂਗਰਸ ਇਸ ਵਾਰ ਬਲਾਚੌਰ ਵਿੱਚ ਪੂਰੀ ਤਿਆਰੀ ਨਾਲ ਮੈਦਾਨ ਵਿੱਚ ਉਤਰੀ ਹੈ।

ਪੰਜਾਬ ਵਿਧਾਨ ਸਭਾ ਚੋਣਾਂ-2027 ਦਾ ਸਮਾਂ ਜਿਉਂ-ਜਿਉਂ ਨੇੜੇ ਆ ਰਿਹਾ ਹੈ, ਤਿਉਂ-ਤਿਉਂ ਸੂਬੇ ਦੀ ਸਿਆਸਤ ਵਿੱਚ ਸਰਗਰਮੀਆਂ ਦਾ ਪਾਰਾ ਚੜ੍ਹਨ ਲੱਗਾ ਹੈ। ਸੱਤਾ ਹਾਸਲ ਕਰਨ ਦੀ ਦੌੜ ਵਿੱਚ ਸ਼ਾਮਲ ਸਿਆਸੀ ਪਾਰਟੀਆਂ ਵੱਲੋਂ ਹੁਣ ਤੋਂ ਹੀ ਲੋਕਾਂ ਦੀ ਨਬਜ਼ ਟੋਹਣ ਅਤੇ ਆਪਣੇ ਹੱਕ ਵਿੱਚ ਮਾਹੌਲ ਸਿਰਜਣ ਲਈ ਜ਼ਮੀਨੀ ਪੱਧਰ 'ਤੇ ਪਹੁੰਚ ਬਣਾਉਣੀ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਸਿਆਸੀ ਹਲਚਲ ਦੇ ਦਰਮਿਆਨ ਹਲਕਾ ਬਲਾਚੌਰ ਵਿੱਚ ਕਾਂਗਰਸ ਪਾਰਟੀ ਨੇ ਵੀ ਆਪਣੀਆਂ ਚੋਣ ਸਰਗਰਮੀਆਂ ਨੂੰ ਤੇਜ਼ ਕਰਦਿਆਂ ਕਸਬਾ ਕਾਠਗੜ੍ਹ ਤੋਂ ਲੋਕ ਮਿਲਣੀਆਂ ਦਾ ਸਿਲਸਿਲਾ ਆਰੰਭ ਕਰ ਦਿੱਤਾ ਹੈ।

ਰਵੀ ਕੁਮਾਰ ਦੇ ਨਿਵਾਸ ਤੋਂ ਸ਼ੁਰੂ ਹੋਇਆ ਕਾਂਗਰਸ ਦਾ ਸਫ਼ਰ

ਇਸ ਤਹਿਤ ਕਾਠਗੜ੍ਹ ਵਿਖੇ ਬੀਤੀ ਰਾਤ ਕਾਂਗਰਸ ਪਾਰਟੀ ਵੱਲੋਂ ਲੋਕ ਮਿਲਣੀ ਕਰਵਾਈ ਗਈ, ਜਿਸ ਵਿੱਚ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਜੇ ਮੰਗੂਪੁਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਹ ਮਿਲਣੀ ਨੌਜਵਾਨ ਆਗੂ ਰਵੀ ਕੁਮਾਰ ਪੁੱਤਰ ਮਾਸਟਰ ਪ੍ਰੀਤਮ ਚੰਦ ਕਾਠਗੜ੍ਹ ਦੇ ਨਿਵਾਸ ਸਥਾਨ ਵਿਖੇ ਰੱਖੀ ਗਈ ਸੀ। ਰਵੀ ਕੁਮਾਰ ਦੇ ਘਰ ਹੋਈ ਇਹ ਮਿਲਣੀ ਸਿਰਫ਼ ਇੱਕ ਬੈਠਕ ਨਹੀਂ ਸੀ, ਇਹ ਕਾਂਗਰਸ ਦੇ ਨਵੇਂ ਸਫ਼ਰ ਦੀ ਸ਼ੁਰੂਆਤ ਸੀ, ਜਿੱਥੋਂ ਪਾਰਟੀ ਨੇ ਲੋਕਾਂ ਨਾਲ ਸਿੱਧਾ ਰਿਸ਼ਤਾ ਜੋੜਨ ਦਾ ਸੰਦੇਸ਼ ਦਿੱਤਾ।

ਇਸ ਮੌਕੇ ਉਨ੍ਹਾਂ ਨਾਲ ਬਲਾਕ ਸੰਮਤੀ ਦੇ ਚੇਅਰਮੈਨ ਨਾਨਕ ਸਿੰਘ ਜੰਡੀ ਅਤੇ ਸਾਬਕਾ ਬਲਾਕ ਸੰਮਤੀ ਚੇਅਰਮੈਨ ਧਰਮਪਾਲ ਭਰਥਲਾ, ਸੇਵਾਦਾਰ ਸਾਂਈ ਕਾਲੇਸ਼ਾਹ ਜੀ, ਸ਼ੁਭਾਸ਼ ਆਨੰਦ ਕਾਠਗੜ੍ਹ, ਰਾਜ ਕੁਮਾਰ ਆਨੰਦ, ਜਿੰਦਰ ਧੋਲ ਚੇਅਰਮੈਨ (ਐਸੀ) ਸੈੱਲ, ਦੀਪਾ ਸਰਪੰਚ ਨਿੱਘੀ, ਪ੍ਰਧਾਨ ਸੁਰਿੰਦਰ ਛਿੰਦਾ ਰੈਲ ਮਾਜਰਾ, ਠੇਕੇਦਾਰ ਦੇਸ ਰਾਜ ਹੱਕਲਾ ਵੀ ਮੌਜੂਦ ਸਨ। ਸਾਰੇ ਆਗੂਆਂ ਨੇ ਇੱਕ ਸੁਰ ਵਿੱਚ ਕਿਹਾ ਕਿ ਹੁਣ ਕਾਂਗਰਸ ਲੋਕਾਂ ਦੇ ਵਿੱਚ ਰਹਿ ਕੇ, ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਅਤੇ ਉਨ੍ਹਾਂ ਦਾ ਹੱਲ ਕਰਕੇ ਅੱਗੇ ਵਧੇਗੀ।

ਇਹ ਮਿਲਣੀ ਨਹੀਂ, 2027 ਦੀ ਰਣਨੀਤੀ ਹੈ : ਸਿਆਸੀ ਹਲਕੇ

ਅਜੇ ਮੰਗੂਪੁਰ ਦੀ ਇਸ ਲੋਕ ਮਿਲਣੀ ਨੂੰ ਬਲਾਚੌਰ ਹਲਕੇ ਵਿੱਚ ਕਾਂਗਰਸ ਦੀ ਜਥੇਬੰਦਕ ਸਰਗਰਮੀ ਵਧਾਉਣ ਅਤੇ ਲੋਕਾਂ ਨਾਲ ਸਿੱਧਾ ਸੰਪਰਕ ਕਾਇਮ ਕਰਨ ਦੀ ਰਣਨੀਤੀ ਵਜੋਂ ਦੇਖਿਆ ਜਾ ਰਿਹਾ ਹੈ। ਸਿਆਸੀ ਹਲਕਿਆਂ ਵਿੱਚ ਇਸ ਗੱਲ ਦੀ ਚਰਚਾ ਹੈ ਕਿ ਕਾਂਗਰਸ ਵੱਲੋਂ ਚੋਣਾਂ ਤੋਂ ਕਾਫ਼ੀ ਪਹਿਲਾਂ ਹੀ ਹਲਕੇ ਦੇ ਵੱਖ-ਵੱਖ ਖੇਤਰਾਂ ਵਿੱਚ ਪਹੁੰਚ ਬਣਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ। ਕਾਠਗੜ੍ਹ ਤੋਂ ਸ਼ੁਰੂ ਹੋਇਆ ਇਹ ਸਿਲਸਿਲਾ ਹੁਣ ਪਿੰਡ-ਪਿੰਡ, ਕਸਬਾ-ਕਸਬਾ ਜਾਵੇਗਾ।

ਕਾਠਗੜ੍ਹ ਦੀ ਇਸ ਮਿਲਣੀ ਨੇ ਬਲਾਚੌਰ ਦੀ ਸਿਆਸਤ ਵਿੱਚ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਨਵੀਂ ਹਲਚਲ ਪੈਦਾ ਕਰ ਦਿੱਤੀ ਹੈ। ਹੁਣ ਦੇਖਣਾ ਹੋਵੇਗਾ ਕਿ ਕਾਂਗਰਸ ਦੀ ਇਹ ਮੁੱਢਲੀ ਚੋਣ ਸਰਗਰਮੀ ਆਉਣ ਵਾਲੇ ਦਿਨਾਂ ਵਿੱਚ ਕਿੰਨਾ ਸਿਆਸੀ ਅਸਰ ਛੱਡਦੀ ਹੈ। ਇਸ ਮੌਕੇ ਇਲਾਕੇ ਭਰ ਤੋਂ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਲੋਕਾਂ ਦੀ ਵੱਡੀ ਹਾਜ਼ਰੀ ਨੇ ਇਹ ਸੰਕੇਤ ਦੇ ਦਿੱਤਾ ਕਿ ਬਲਾਚੌਰ ਵਿੱਚ 2027 ਦੀ ਲੜਾਈ ਹੁਣ ਸ਼ੁਰੂ ਹੋ ਚੁੱਕੀ ਹੈ।