ਪਟਿਆਲਾ (ਮਨਪ੍ਰੀਤ ਸਿੰਘ):- ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਵੱਲੋਂ ਪ੍ਰਦੂਸ਼ਣ ਮੁਕਤ ਵਾਤਾਵਰਨ ਬਣਾਉਣ ਦੇ ਉਦੇਸ਼ ਨਾਲ “ਕਲੀਨ ਪਟਿਆਲਾ, ਗਰੀਨ ਪਟਿਆਲਾ” ਸਫ਼ਾਈ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਲੜੀ ਤਹਿਤ ਅੱਜ ਪਟਿਆਲਾ ਦੇ ਬਾਰਾਂਦਰੀ ਗਾਰਡਨ ਤੋਂ ਫੁਹਾਰਾ ਚੌਕ ਤੱਕ ਆਮ ਲੋਕਾਂ ਵਿੱਚ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਮੁਹਿੰਮ ਚਲਾਈ ਗਈ।
ਇਸ ਮੌਕੇ ਲੋਕਾਂ ਨੇ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਸਫ਼ਾਈ ਅਤੇ ਵਾਤਾਵਰਨ ਦੀ ਸੰਭਾਲ ਦਾ ਅਹਿਮ ਸੁਨੇਹਾ ਦਿੱਤਾ। ਤਖ਼ਤੀਆਂ ਉੱਤੇ ਲਿਖੇ ਨਾਰਿਆਂ ਵਿੱਚ “ਸਾਰੇ ਰੋਗਾਂ ਦੀ ਇੱਕ ਦਵਾਈ, ਘਰ ਵਿੱਚ ਰੱਖੋ ਸਫ਼ਾਈ”, “ਜਨ-ਜਨ ਵਿੱਚ ਅਲਖ ਜਗਾਈਏ, ਸਾਫ਼-ਸੁਥਰੀ ਧਰਤੀ ਬਣਾਈਏ”, “ਸਫ਼ਾਈ ਹੈ ਮਹਾਂ ਅਭਿਆਨ, ਸਫ਼ਾਈ ਵਿੱਚ ਦਿਓ ਯੋਗਦਾਨ”, “ਸਫ਼ਾਈ ਅਪਣਾਓ, ਦੇਸ਼ ਨੂੰ ਤਰੱਕੀ ਦੇ ਰਾਹ ’ਤੇ ਲੈ ਜਾਓ”, “ਸਾਡਾ ਸਾਰਿਆਂ ਦਾ ਇੱਕ ਹੀ ਨਾਅਰਾ, ਸਾਫ਼-ਸੁਥਰਾ ਦੇਸ਼ ਸਾਰਾ” ਅਤੇ “Say No to Plastic” ਸ਼ਾਮਲ ਸਨ। ਮੁਹਿੰਮ ਵਿੱਚ ਸ਼ਾਮਲ ਲੋਕਾਂ ਨੇ ਇਹ ਨਾਅਰੇ ਬੁਲੰਦ ਵੀ ਕੀਤੇ।
ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਉਪਕਾਰ ਸਿੰਘ ਨੇ ਕਿਹਾ, “ਆਓ ਮਿਲ ਕੇ ਸਫ਼ਾਈ ਕਰੀਏ ਅਤੇ ਸੁੰਦਰ ਪੰਜਾਬ ਦਾ ਨਿਰਮਾਣ ਕਰੀਏ। ਸਾਡੀ ਇਸ ਮੁਹਿੰਮ ਨਾਲ ਜੁੜੋ।”
ਇਸ ਮੌਕੇ ਸਾਬਕਾ ਚੇਅਰਮੈਨ ਹਰਿੰਦਰਪਾਲ ਸ਼ਰਮਾ ਨੇ ਪਟਿਆਲਾ ਵਿੱਚ ਵਧ ਰਹੇ ਪ੍ਰਦੂਸ਼ਣ ਦੇ ਪੱਧਰ ’ਤੇ ਚਿੰਤਾ ਪ੍ਰਗਟਾਈ ਅਤੇ ਆਮ ਲੋਕਾਂ ਨੂੰ “ਕਲੀਨ ਪਟਿਆਲਾ, ਗਰੀਨ ਪਟਿਆਲਾ” ਮੁਹਿੰਮ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ।
ਇਸ ਮੁਹਿੰਮ ਵਿੱਚ ਆਮ ਲੋਕਾਂ ਅਤੇ ਸੁਸਾਇਟੀ ਦੇ ਮੈਂਬਰਾਂ ਨੇ ਹਿੱਸਾ ਲਿਆ।
