ਚੰਡੀਗੜ੍ਹ, 19 ਨਵੰਬਰ:- ਹਰਿਆਣਾ ਦੇ ਸ਼ਹਿਰਾਂ ਵਿੱਚ ਨਾਗਰਿਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਹੁਣ ਕਮਿਊਨਿਟੀ ਸੈਂਟਰ ਆਧੁਨਿਕ ਅਤੇ ਇੱਕਸਾਰ ਡਿਜ਼ਾਈਨ ਵਿੱਚ ਵਿਕਸਤ ਕੀਤੇ ਜਾਣਗੇ, ਉੱਥੇ ਹੀ ਸੜਕਾਂ ਨੂੰ ਵੀ ਸਮਾਰਟ ਰੋਡ ਵਜੋਂ ਵਿਕਸਤ ਕਰਕੇ ਸ਼ਹਿਰੀ ਸਹੂਲਤਾਂ ਨੂੰ ਨਵੀਂ ਪਛਾਣ ਦਿੱਤੀ ਜਾਵੇਗੀ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇਸ ਸਬੰਧੀ ਵੀਰਵਾਰ ਨੂੰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕਮਿਊਨਿਟੀ ਸੈਂਟਰਾਂ ਦੇ ਮਿਆਰੀ ਡਿਜ਼ਾਈਨ ਅਤੇ ਸਮਾਰਟ ਰੋਡ ਪ੍ਰੋਜੈਕਟਾਂ ਬਾਰੇ ਵਿਸਥਾਰਪੂਰਵਕ ਦਿਸ਼ਾ-ਨਿਰਦੇਸ਼ ਦਿੱਤੇ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਵਿੱਚ ਵਿਕਸਤ ਕੀਤੇ ਜਾਣ ਵਾਲੇ ਕਮਿਊਨਿਟੀ ਸੈਂਟਰਾਂ ਦਾ ਡਿਜ਼ਾਈਨ ਅਜਿਹਾ ਹੋਣਾ ਚਾਹੀਦਾ ਹੈ, ਜੋ ਆਧੁਨਿਕ ਸਹੂਲਤਾਂ, ਬਿਹਤਰ ਵਰਤੋਂ ਅਤੇ ਨਾਗਰਿਕਾਂ ਦੀਆਂ ਲੋੜਾਂ ਦੇ ਅਨੁਕੂਲ ਹੋਵੇ। ਕਮਿਊਨਿਟੀ ਸੈਂਟਰ ਸਿਰਫ਼ ਸਮਾਜਿਕ ਅਤੇ ਭਾਈਚਾਰਕ ਸਮਾਗਮਾਂ ਦੇ ਸਥਾਨ ਹੀ ਨਹੀਂ, ਸਗੋਂ ਨਾਗਰਿਕਾਂ ਦੇ ਆਪਸੀ ਮੇਲ-ਜੋਲ ਅਤੇ ਸਮਾਜਿਕ ਗਤੀਵਿਧੀਆਂ ਦੇ ਪ੍ਰਮੁੱਖ ਕੇਂਦਰ ਵੀ ਹਨ। ਇਸ ਲਈ ਇਨ੍ਹਾਂ ਦੇ ਨਿਰਮਾਣ ਵਿੱਚ ਗੁਣਵੱਤਾ, ਸੁੰਦਰਤਾ, ਸੁਖਾਲੀ ਪਹੁੰਚ ਅਤੇ ਹਰ ਉਮਰ ਵਰਗ ਦੇ ਲੋਕਾਂ ਦੀਆਂ ਲੋੜਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।

ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਮਿਊਨਿਟੀ ਸੈਂਟਰਾਂ ਲਈ ਇੱਕਸਾਰ ਅਤੇ ਮਿਆਰੀ ਡਿਜ਼ਾਈਨ ਤਿਆਰ ਕੀਤਾ ਜਾਵੇ, ਤਾਂ ਜੋ ਸੂਬੇ ਭਰ ਵਿੱਚ ਇਨ੍ਹਾਂ ਦਾ ਰੂਪ ਸੁਚੱਜਾ ਅਤੇ ਆਕਰਸ਼ਕ ਹੋਵੇ। ਇਸ ਦੇ ਨਾਲ ਹੀ ਨਿਰਮਾਣ ਕਾਰਜਾਂ ਵਿੱਚ ਆਧੁਨਿਕ ਤਕਨੀਕ, ਮਿਆਰੀ ਸਮੱਗਰੀ ਅਤੇ ਉਪਲਬਧ ਥਾਂ ਦੀ ਬਿਹਤਰ ਵਰਤੋਂ ਯਕੀਨੀ ਬਣਾਈ ਜਾਵੇ।

ਮੁੱਖ ਮੰਤਰੀ ਨੇ ਸਮਾਰਟ ਰੋਡ ਪ੍ਰੋਜੈਕਟਾਂ ਦੀ ਸਮੀਖਿਆ ਕਰਦਿਆਂ ਕਿਹਾ ਕਿ ਸਮਾਰਟ ਸੜਕਾਂ ਦੇ ਨਿਰਮਾਣ ਵਿੱਚ ਬਿਹਤਰ ਸੜਕ ਡਿਜ਼ਾਈਨ, ਪੈਦਲ ਚੱਲਣ ਵਾਲਿਆਂ ਦੀ ਸਹੂਲਤ, ਢੁਕਵੀਂ ਰੌਸ਼ਨੀ ਦਾ ਪ੍ਰਬੰਧ, ਪਾਣੀ ਦੀ ਨਿਕਾਸੀ, ਹਰਿਆਲੀ ਅਤੇ ਹੋਰ ਜ਼ਰੂਰੀ ਨਾਗਰਿਕ ਸਹੂਲਤਾਂ ਨੂੰ ਪਹਿਲ ਦਿੱਤੀ ਜਾਵੇ।

ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਪ੍ਰੋਜੈਕਟਾਂ ਦੀ ਯੋਜਨਾ ਬਣਾਉਂਦੇ ਸਮੇਂ ਭਵਿੱਖ ਦੀਆਂ ਲੋੜਾਂ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇ, ਤਾਂ ਜੋ ਵਿਕਸਤ ਹੋਣ ਵਾਲਾ ਬੁਨਿਆਦੀ ਢਾਂਚਾ ਲੰਬੇ ਸਮੇਂ ਤੱਕ ਨਾਗਰਿਕਾਂ ਲਈ ਲਾਹੇਵੰਦ ਸਾਬਤ ਹੋਵੇ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਪਰਾਲਾ ਹੈ ਕਿ ਸੂਬੇ ਦੇ ਸ਼ਹਿਰਾਂ ਨੂੰ ਯੋਜਨਾਬੱਧ, ਸਾਫ਼-ਸੁਥਰਾ, ਸੁੰਦਰ ਅਤੇ ਨਾਗਰਿਕਾਂ ਦੇ ਅਨੁਕੂਲ ਬਣਾਇਆ ਜਾਵੇ।

ਮੁੱਖ ਮੰਤਰੀ ਨੇ ਕਿਹਾ ਕਿ ਸ਼ਹਿਰੀ ਵਿਕਾਸ ਨਾਲ ਜੁੜੇ ਸਾਰੇ ਪ੍ਰੋਜੈਕਟਾਂ ਵਿੱਚ ਗੁਣਵੱਤਾ, ਸਮੇਂ ਸਿਰ ਮੁਕੰਮਲ ਕਰਨਾ ਅਤੇ ਜਨਤਕ ਸਹੂਲਤਾਂ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਵੇ, ਤਾਂ ਜੋ ਸੂਬਾ ਵਾਸੀਆਂ ਨੂੰ ਬਿਹਤਰ ਸ਼ਹਿਰੀ ਸਹੂਲਤਾਂ ਦਾ ਲਾਭ ਮਿਲ ਸਕੇ।

ਮੀਟਿੰਗ ਵਿੱਚ ਦੱਸਿਆ ਗਿਆ ਕਿ ਸਮਾਰਟ ਰੋਡ ਪ੍ਰੋਜੈਕਟ ਤਹਿਤ ਸੜਕਾਂ ਨੂੰ ਆਧੁਨਿਕ, ਸੁਰੱਖਿਅਤ ਅਤੇ ਨਾਗਰਿਕਾਂ ਲਈ ਵਧੇਰੇ ਸਹੂਲਤਜਨਕ ਬਣਾਉਣ ਦੇ ਉਦੇਸ਼ ਨਾਲ ਵੱਖ-ਵੱਖ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਇਨ੍ਹਾਂ ਵਿੱਚ ਸਾਈਕਲ ਟਰੈਕ ਦਾ ਨਿਰਮਾਣ, ਦਿਵਿਆਂਗਜਨਾਂ ਦੀ ਸਹੂਲਤ ਲਈ ਟੈਕਟਾਈਲ ਫਲੋਰਿੰਗ ਵਾਲੇ ਪੈਦਲ ਰਸਤਿਆਂ ਦਾ ਵਿਕਾਸ, ਬੂਟੇ ਲਗਾਉਣਾ, ਮੁੱਖ ਸੜਕ ਮਾਰਗਾਂ ਦੀ ਮਜ਼ਬੂਤੀ, ਬਰਸਾਤੀ ਪਾਣੀ ਦੀ ਨਿਕਾਸੀ ਲਈ ਸਟੌਰਮ ਵਾਟਰ ਡਰੇਨ ਦਾ ਨਿਰਮਾਣ, ਸਟਰੀਟ ਲਾਈਟ ਅਤੇ ਹਾਈਮਾਸਟ ਲਾਈਟ ਦਾ ਪ੍ਰਬੰਧ, ਟ੍ਰੈਫਿਕ ਸੰਕੇਤਾਂ ਅਤੇ ਸੜਕ ਕਿਨਾਰੇ ਜ਼ਰੂਰੀ ਸਹੂਲਤਾਂ ਦਾ ਵਿਕਾਸ, ਜ਼ਮੀਨਦੋਜ਼ ਯੂਟਿਲਿਟੀ ਡਕਟ ਦਾ ਨਿਰਮਾਣ ਅਤੇ ਬਰਸਾਤੀ ਪਾਣੀ ਦੀ ਸੰਭਾਲ ਪ੍ਰਣਾਲੀ ਦੀ ਸਥਾਪਨਾ ਵਰਗੇ ਪ੍ਰਮੁੱਖ ਕੰਮ ਸ਼ਾਮਲ ਹਨ।

ਮੀਟਿੰਗ ਵਿੱਚ ਦੱਸਿਆ ਗਿਆ ਕਿ ਸੂਬੇ ਦੀਆਂ ਸਾਰੀਆਂ 87 ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਵਿੱਚ ਸਮਾਰਟ ਰੋਡ ਵਿਕਸਤ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਇਨ੍ਹਾਂ ਵਿੱਚੋਂ 11 ਨਗਰ ਇਕਾਈਆਂ ਵਿੱਚ ਸਮਾਰਟ ਰੋਡ ਦਾ ਨਿਰਮਾਣ ਕਾਰਜ ਪ੍ਰਗਤੀ ਅਧੀਨ ਹੈ। ਇਸ ਤੋਂ ਇਲਾਵਾ, 10 ਨਗਰ ਇਕਾਈਆਂ ਵਿੱਚ ਪ੍ਰੋਜੈਕਟ ਮਨਜ਼ੂਰੀ ਸਮੇਤ ਵੱਖ-ਵੱਖ ਪੜਾਵਾਂ ਵਿੱਚ ਹਨ ਅਤੇ ਜਲਦੀ ਹੀ ਇੱਥੇ ਵੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉੱਥੇ ਹੀ, 23 ਨਗਰ ਇਕਾਈਆਂ ਵਿੱਚ ਪ੍ਰੋਜੈਕਟ ਪ੍ਰਸ਼ਾਸਕੀ ਮਨਜ਼ੂਰੀ ਦੇ ਪੱਧਰ ’ਤੇ ਹਨ।

ਮੀਟਿੰਗ ਵਿੱਚ ਸ਼ਹਿਰੀ ਸਥਾਨਕ ਸਰਕਾਰਾਂ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਸ੍ਰੀ ਅਸ਼ੋਕ ਕੁਮਾਰ ਮੀਣਾ, ਮੁੱਖ ਮੰਤਰੀ ਦੇ ਉਪ ਪ੍ਰਮੁੱਖ ਸਕੱਤਰ ਸ੍ਰੀ ਯਸ਼ ਪਾਲ ਸਮੇਤ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।