ਅੰਬਾਲਾ, 12 ਨਵੰਬਰ (ਆਰ. ਸਿੰਘ):-ਹਰਿਆਣਾ ਦੇ ਊਰਜਾ, ਆਵਾਜਾਈ ਅਤੇ ਕਿਰਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਛੱਠ ਪੂਜਾ ਦੇਸ਼ ਦਾ ਇੱਕ ਮਹੱਤਵਪੂਰਨ ਤਿਉਹਾਰ ਹੈ, ਜਿਸ ਦੌਰਾਨ ਛੱਠੀ ਮਈਆ ਦੀ ਪੂਜਾ ਕੀਤੀ ਜਾਂਦੀ ਹੈ। ਸਾਡੇ ਸ਼ਹਿਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਹ ਤਿਉਹਾਰ ਮਨਾਉਂਦੇ ਹਨ ਅਤੇ ਘਾਟ ’ਤੇ ਖੜ੍ਹੇ ਹੋ ਕੇ ਪੂਜਾ ਕਰਦੇ ਹਨ। ਵਿਜ ਨੇ ਕਿਹਾ ਕਿ ਇੱਥੇ ਪਹਿਲਾਂ ਕੋਈ ਪੱਕਾ ਘਾਟ ਨਹੀਂ ਸੀ। ਲੋਕ ਜ਼ਮੀਨ ਦੇ ਇੱਕ ਖਾਲੀ ਪਲਾਟ ਵਿੱਚ ਪਾਣੀ ਭਰ ਕੇ ਪੂਜਾ ਕਰਦੇ ਸਨ। ਹੁਣ ਅੰਬਾਲਾ ਛਾਉਣੀ ਵਿੱਚ ਇੱਕ ਏਕੜ ਜਗ੍ਹਾ ’ਤੇ ਪੱਕਾ ਘਾਟ ਬਣਾਇਆ ਜਾ ਰਿਹਾ ਹੈ। ਪਖਾਨੇ, ਕੱਪੜੇ ਬਦਲਣ ਵਾਲੇ ਕਮਰੇ, ਬਿਜਲੀ ਅਤੇ ਹੋਰ ਸਹੂਲਤਾਂ ਸਮੇਤ ਬਾਕੀ ਕੰਮ ਛੱਠ ਪੂਜਾ ਤੋਂ ਬਾਅਦ ਪੂਰਾ ਕੀਤਾ ਜਾਵੇਗਾ।
ਅੱਜ ਸਵੇਰੇ ਸ੍ਰੀ ਵਿਜ ਨੇ ਅੰਬਾਲਾ ਛਾਉਣੀ ਵਿੱਚ ਟਾਂਗਰੀ ਨਦੀ ਦੇ ਪੁਲ ਦੇ ਨਾਲ ਚਾਂਦਪੁਰਾ ਵਿਖੇ ਛੱਠ ਘਾਟ ਦੇ ਨਿਰਮਾਣ ਕਾਰਜ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨੇ ਛੱਠ ਪੂਜਾ ਦੇ ਪ੍ਰਬੰਧਾਂ ਸਬੰਧੀ ਮੌਕੇ ’ਤੇ ਮੌਜੂਦ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਛੱਠ ਪੂਜਾ ਲਈ ਰੌਸ਼ਨੀ, ਪਾਣੀ ਅਤੇ ਹੋਰ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਘਾਟ ਨੂੰ ਭਰਨ ਲਈ ਲੋੜੀਂਦਾ ਪਾਣੀ ਮੁਹੱਈਆ ਕਰਵਾਉਣ ਅਤੇ ਛੱਠ ਘਾਟ ਦੇ ਨਾਮ ਵਾਲਾ ਬੋਰਡ ਲਗਾਉਣ ਦੇ ਨਿਰਦੇਸ਼ ਵੀ ਦਿੱਤੇ।
ਜ਼ਿਕਰਯੋਗ ਹੈ ਕਿ ਛੱਠ ਘਾਟ ਦਾ ਨਿਰਮਾਣ ਊਰਜਾ ਮੰਤਰੀ ਅਨਿਲ ਵਿਜ ਦੇ ਯਤਨਾਂ ਸਦਕਾ ਕੀਤਾ ਜਾ ਰਿਹਾ ਹੈ। ਵਿਜ ਨੇ ਘਾਟ ਦੇ ਨਿਰਮਾਣ ਲਈ ਆਪਣੇ ਅਖ਼ਤਿਆਰੀ ਫੰਡ ਵਿੱਚੋਂ 50 ਲੱਖ ਰੁਪਏ ਅਲਾਟ ਕੀਤੇ ਸਨ ਅਤੇ ਇਸ ਰਕਮ ਦੀ ਵਰਤੋਂ ਘਾਟ ਦੇ ਨਿਰਮਾਣ ਲਈ ਕੀਤੀ ਜਾ ਰਹੀ ਹੈ।
ਊਰਜਾ ਮੰਤਰੀ ਦੇ ਨਿਰੀਖਣ ਲਈ ਛੱਠ ਘਾਟ ਪਹੁੰਚਣ ’ਤੇ ਮਿਥਿਲਾਂਚਲ ਨਵਯੁਵਕ ਸੇਵਾ ਸਮਿਤੀ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਕੌਂਸਲਰ ਜਸਬੀਰ ਸਿੰਘ ਜੱਸੀ, ਮਦਨ ਲਾਲ ਸ਼ਰਮਾ, ਸੁਦਰਸ਼ਨ ਸਿੰਘ ਸਹਿਗਲ, ਫਕੀਰਾ ਚੰਦ ਸੈਣੀ, ਰਵੀ ਜਾਟ, ਨਗਰ ਕੌਂਸਲ ਦੇ ਚੇਅਰਮੈਨ ਹਰੀਸ਼ ਗੋਇਲ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਹੋਰ ਹਾਜ਼ਰ ਸਨ।
