ਅੰਬਾਲਾ, 03 ਅਕਤੂਬਰ (ਆਰ. ਸਿੰਘ):- ਝੋਨੇ ਦੀ ਖ਼ਰੀਦ ਨਾ ਹੋਣ ਨੂੰ ਲੈ ਕੇ ਕਿਸਾਨਾਂ ਅਤੇ ਸਰਕਾਰ ਵਿਚਕਾਰ ਇੱਕ ਵਾਰ ਫਿਰ ਟਕਰਾਅ ਦੀ ਸਥਿਤੀ ਬਣਦੀ ਜਾ ਰਹੀ ਹੈ। ਪੋਰਟਲ ਅਤੇ ਝੋਨੇ ਦੀ ਖ਼ਰੀਦ ਨਾਲ ਸਬੰਧਿਤ ਹੋਰ ਪ੍ਰਬੰਧਾਂ ਦੀ ਤਸਦੀਕ ਕਰਨ ਵਿੱਚ ਆ ਰਹੀਆਂ ਮੁਸ਼ਕਲਾਂ ਦੇ ਸੰਬੰਧ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਬਾਨੀ ਪ੍ਰਧਾਨ, ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਇੱਕ ਵੀਡੀਓ ਜਾਰੀ ਕਰਕੇ ਕਿਸਾਨਾਂ ਨੂੰ 5 ਅਕਤੂਬਰ ਨੂੰ ਸਵੇਰੇ 10 ਵਜੇ ਸ਼ਾਹਬਾਦ (ਮਾਰਕੰਡਾ) ਵਿੱਚ ਸ਼ਹੀਦ ਊਧਮ ਸਿੰਘ ਯਾਦਗਾਰ ਵਿਖੇ ਵੱਡੀ ਗਿਣਤੀ ਵਿੱਚ ਇਕੱਠੇ ਹੋਣ ਦੀ ਅਪੀਲ ਕੀਤੀ ਹੈ।
ਚੜੂਨੀ ਨੇ ਗੁੱਸੇ ਵਿੱਚ ਬੋਲਦਿਆਂ ਦੋਸ਼ ਲਾਇਆ ਕਿ ਪੋਰਟਲ ਤਸਦੀਕ ਦੀ ਘਾਟ ਕਾਰਨ ਕਿਸਾਨਾਂ ਨੂੰ ਮੰਡੀਆਂ ਵਿੱਚ ਆਪਣਾ ਝੋਨਾ ਵੇਚਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ’ਤੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਨਾ ਲੈਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ 5 ਅਕਤੂਬਰ ਨੂੰ ਉਸੇ ਥਾਂ ਇਕੱਠੇ ਹੋਣਾ ਹੈ, ਜਿੱਥੇ ਪਿਛਲੀ ਵਾਰ 22 ਸਤੰਬਰ ਨੂੰ ਵਿਰੋਧ ਪ੍ਰਦਰਸ਼ਨ ਦੌਰਾਨ ਪੁਲੀਸ ਨੇ ਲਾਠੀਆਂ, ਜਲ ਤੋਪਾਂ ਅਤੇ ਅੱਥਰੂ ਗੈਸ ਦੀ ਵਰਤੋਂ ਕੀਤੀ ਸੀ। ਉਨ੍ਹਾਂ ਇਸ ਵਾਰ 5 ਅਕਤੂਬਰ ਨੂੰ ਕਿਸਾਨਾਂ ਨੂੰ ਆਪਣੇ ਨਾਲ ਲੱਠ ਲੈ ਕੇ ਆਉਣ ਲਈ ਕਿਹਾ ਹੈ, ਜਿਸ ਤੋਂ ਕਿਸਾਨਾਂ ਅਤੇ ਪੁਲੀਸ ਵਿਚ ਟਕਰਾਅ ਹੋਣ ਦੀ ਸੰਭਾਵਨਾ ਬਣਦੀ ਹੈ। 22 ਸਤੰਬਰ ਨੂੰ ਸ਼ਾਹਬਾਦ ਵਿੱਚ ਝੋਨੇ ਦੀ ਖ਼ਰੀਦ ਵਿੱਚ ਦੇਰੀ ਨੂੰ ਲੈ ਕੇ ਹੋਏ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਪੁਲੀਸ ਨੇ ਜਲ ਤੋਪਾਂ ਅਤੇ ਅੱਥਰੂ ਗੈਸ ਦੀ ਵਰਤੋਂ ਕੀਤੀ ਸੀ।
ਚੜੂਨੀ ਨੇ ਕਿਹਾ ਕਿ ਆਗੂ ਫੋਟੋ ਖਿਚਵਾਉਣ ਲਈ ਮੰਡੀਆਂ ਦਾ ਦੌਰਾ ਕਰਦੇ ਹਨ ਪਰ ਕਿਸਾਨਾਂ ਦੀਆਂ ਅਸਲ ਸਮੱਸਿਆਵਾਂ ਦਾ ਹੱਲ ਨਹੀਂ ਹੋ ਰਿਹਾ।
ਗੁਰਨਾਮ ਸਿੰਘ ਚੜੂਨੀ ਦੀ ਇਸ ਵੀਡੀਓ ਨੂੰ ਲੈ ਕੇ ਆਲ ਇੰਡੀਆ ਐਂਟੀ ਟੈਰੋਰਿਸਟ ਫਰੰਟ ਦੇ ਕੌਮੀ ਪ੍ਰਧਾਨ ਵੀਰੇਸ਼ ਸ਼ਾਂਡਿਲਿਆ ਨੇ ਚੜੂਨੀ ਨੂੰ ਅਜਿਹੀ ਕਾਰਵਾਈ ਤੋਂ ਬਚਣ ਦੀ ਸਲਾਹ ਦਿੱਤੀ ਹੈ। ਸ਼ਾਂਡਿਲਿਆ ਨੇ ਕਿਹਾ ਕਿ ਕਾਨੂੰਨ-ਵਿਵਸਥਾ ਕਾਇਮ ਰੱਖਣੀ ਪੁਲੀਸ ਦੀ ਡਿਊਟੀ ਹੈ, ਜੋ ਸੰਵਿਧਾਨ ਅਨੁਸਾਰ ਚਲਦੀ ਹੈ ਅਤੇ ਕੋਈ ਟਕਰਾਅ ਨਹੀਂ ਹੋਣਾ ਚਾਹੀਦਾ। ਕਿਸਾਨ ਆਪਣੀਆਂ ਮੰਗਾਂ ਲਈ ਸ਼ਾਂਤਮਈ ਧਰਨਾ ਲਾ ਸਕਦੇ ਹਨ।
