ਹੁਸ਼ਿਆਰਪੁਰ- ​ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਚੰਡੀਗੜ੍ਹ ਇੰਚਾਰਜ ਡਾ. ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਰਾਜ ਸਭਾ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ 59 ਸਾਲ ਪੁਰਾਣੀ ਸੈਨਟ ਅਤੇ ਸਿੰਡੀਕੇਟ ਨੂੰ ਭੰਗ ਕਰਨ ਦੇ ਫੈਸਲੇ ਦੀ ਸਖ਼ਤ ਨਿੰਦਿਆ ਕਰਦਿਆਂ ਕਿਹਾ ਕਿ ਜਿਸ ਦਿਨ ਸਮੁੱਚਾ ਪੰਜਾਬ 'ਪੰਜਾਬ ਦਿਵਸ' ਮਨਾ ਰਿਹਾ ਹੈ, ਉਸੇ ਦਿਨ ਕੇਂਦਰ ਸਰਕਾਰ ਨੇ ਇਹ ਫੈਸਲਾ ਸੁਣਾ ਕੇ ਪੰਜਾਬ ਦੇ ਹੱਕਾਂ 'ਤੇ ਇੱਕ ਗਹਿਰਾ ਵਾਰ ਕੀਤਾ ਹੈ।
​"ਇਹ ਫੈਸਲਾ ਸਿੱਧੇ ਤੌਰ 'ਤੇ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਕੋਲੋਂ ਖੋਹਣ ਦੀ ਇੱਕ ਸਾਜ਼ਿਸ਼ ਹੈ, ਜਿਸ ਨੂੰ ਬਹੁਜਨ ਸਮਾਜ ਪਾਰਟੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰੇਗੀ।"
​ਉਨਾਂ ਕਿਹਾ ਬਸਪਾ ਪੰਜਾਬ ਵਲੋੰ ਕੇਂਦਰ ਸਰਕਾਰ ਦੇ ਇਸ ਲੋਕਤੰਤਰ ਵਿਰੋਧੀ ਅਤੇ ਪੰਜਾਬ ਵਿਰੋਧੀ ਫੈਸਲੇ ਦੀ ਪੁਰਜ਼ੋਰ ਨਿੰਦਾ ਕੀਤੀ ਜਾਂਦੀ ਹੈ ਕਿਉਂਕਿ ਇਹ ਫੈਂਸਲਾ ਪੰਜਾਬ ਦੇ ਹੱਕਾਂ 'ਤੇ ਸਿੱਧਾ ਡਾਕਾ ਹੈ। ਡਾ. ਕਰੀਮਪੁਰੀ ਨੇ ਕਿਹਾ ਪੰਜਾਬ ਯੂਨੀਵਰਸਿਟੀ 'ਤੇ ਪੰਜਾਬ ਦਾ ਇਤਿਹਾਸਕ ਅਤੇ ਕਾਨੂੰਨੀ ਹੱਕ ਹੈ, ਅਤੇ ਇਸ ਦੇ ਪ੍ਰਬੰਧਕੀ ਢਾਂਚੇ ਨੂੰ ਖ਼ਤਮ ਕਰਨਾ ਸੂਬੇ ਦੇ ਅਧਿਕਾਰਾਂ 'ਤੇ ਸਿੱਧਾ ਡਾਕਾ ਹੈ।
​ ਡਾ. ਕਰੀਮਪੁਰੀ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਤੁਰੰਤ ਬਿਨਾਂ ਕਿਸੇ ਦੇਰੀ ਦੇ ਇਸ ਫੈਸਲੇ ਨੂੰ ਵਾਪਸ ਲਵੇ ਅਤੇ ਸੈਨਟ ਤੇ ਸਿੰਡੀਕੇਟ ਦੀਆਂ ਚੋਣਾਂ ਨੂੰ ਬਹਾਲ ਕਰੇ।
​ ਉਨ੍ਹਾਂ ਕਿਹਾ ਕਿ ਸੈਨਟ ਅਤੇ ਸਿੰਡੀਕੇਟ ਯੂਨੀਵਰਸਿਟੀ ਦੀਆਂ ਸਭ ਤੋਂ ਉੱਚੀਆਂ ਲੋਕਤੰਤਰੀ ਸੰਸਥਾਵਾਂ ਹਨ। ਇਨ੍ਹਾਂ ਨੂੰ ਭੰਗ ਕਰਨਾ ਵਿਦਿਅਕ ਅਤੇ ਪ੍ਰਬੰਧਕੀ ਖੁਦਮੁਖਤਿਆਰੀ ਦੇ ਨਾਲ-ਨਾਲ ਲੋਕਤੰਤਰ ਦਾ ਵੀ ਕਤਲ ਹੈ।
​ਡਾ. ਕਰੀਮਪੁਰੀ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਆਪਣਾ ਫੈਸਲਾ ਵਾਪਸ ਨਾ ਲਿਆ ਤਾਂ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਹੱਕਾਂ ਲਈ ਸੰਘਰਸ਼ ਨੂੰ ਹੋਰ ਤੇਜ਼ ਕਰੇਗੀ ਅਤੇ ਕੇਂਦਰ ਸਰਕਾਰ ਦੀਆਂ ਪੰਜਾਬ ਵਿਰੋਧੀ ਨੀਤੀਆਂ ਦਾ ਡੱਟ ਕੇ ਵਿਰੋਧ ਕਰੇਗੀ। 
ਉਨ੍ਹਾਂ ਪੰਜਾਬ ਦੇ ਸਮੂਹ ਵਿਦਿਅਕ ਅਤੇ ਸਿਆਸੀ ਸੰਗਠਨਾਂ ਨੂੰ ਵੀ ਇਸ ਮੁੱਦੇ 'ਤੇ ਇੱਕਜੁੱਟ ਹੋਣ ਦੀ ਅਪੀਲ ਕੀਤੀ ਕਰੀਮਪੁਰੀ ਨੇ ਪੰਜਾਬੀਆਂ ਨੂੰ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਬਸਪਾ ਦੀ ਪੰਜਾਬ ਸੰਭਾਲੋ ਮੁਹਿੰਮ ਦੇ ਦੂਸਰੇ ਪੜਾਅ ਵਿੱਚ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਵੀ ਕੀਤੀ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਪੰਜਾਬ ਅਤੇ ਕੇਂਦਰ ਸਰਕਾਰ ਦੇ ਲੋਕ ਵਿਰੋਧੀ ਫੈਂਸਲਿਆਂ ਤੋਂ ਛੁਟਕਾਰਾ ਮਿਲ ਸਕੇ। 
ਇਸ ਮੌਕੇ ਮਨਿੰਦਰ ਸ਼ੇਰਪੁਰੀ ਸਕੱਤਰ ਪੰਜਾਬ, ਸੁਖਦੇਵ ਬਿੱਟਾ ਸਕੱਤਰ ਪੰਜਾਬ, ਦਲਜੀਤ ਰਾਏ ਜਿਲਾ ਪ੍ਰਧਾਨ, ਐਡਵੋਕੇਟ ਧਰਮਿੰਦਰ ਦਾਦਰਾ ਜ਼ਿਲਾ ਜਨਰਲ ਸਕੱਤਰ,ਐਡਵੋਕੇਟ ਪਲਵਿੰਦਰ ਮਾਨਾ ਇੰਚਾਰਜ ਹਲਕਾ ਚੱਬੇਵਾਲ, ਮਦਨ ਸਿੰਘ ਬੈੰਸ ਇੰਚਾਰਜ ਹਲਕਾ ਹੁਸ਼ਿਆਰਪੁਰ, ਯਸ਼ ਭੱਟੀ ਪ੍ਰਧਾਨ ਚੱਬੇਵਾਲ, ਸੁਰਜੀਤ ਮਹਿੰਮੀ ਪ੍ਰਧਾਨ ਹੁਸ਼ਿਆਰਪੁਰ ਅਤੇ ਹੋਰ ਆਗੂ ਹਾਜਰ ਸਨ ।