ਸਾਹਿਬਜ਼ਾਦਾ ਅਜੀਤ ਸਿੰਘ ਨਗਰ, 24 ਸਤੰਬਰ:- ਸਰਕਾਰੀ ਕਾਲਜ, ਐਸ.ਏ.ਐਸ. ਨਗਰ ਦੇ ਕਰੀਅਰ ਅਤੇ ਪਲੇਸਮੈਂਟ ਸੈੱਲ ਵੱਲੋਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਐਸ.ਏ.ਐਸ. ਨਗਰ ਦੇ ਸਹਿਯੋਗ ਨਾਲ ਕਲ੍ਹ ਕਾਲਜ ਦੇ ਸੈਮੀਨਾਰ ਰੂਮ ਵਿੱਚ ਕਰੀਅਰ ਕਾਊਂਸਲਿੰਗ ਸੈਮੀਨਾਰ ਕਰਵਾਇਆ ਗਿਆ।

ਇਹ ਸੈਮੀਨਾਰ ਕਾਲਜ ਦੀ ਪ੍ਰਿੰਸੀਪਲ ਸ੍ਰੀਮਤੀ ਜਸਪ੍ਰੀਤ ਕੌਰ ਬੈਂਸ ਦੀ ਅਗਵਾਈ ਅਤੇ ਸ੍ਰੀਮਤੀ ਅਨੂਰੀਤ ਭੱਲਾ, ਕਨਵੀਨਰ, ਕਰੀਅਰ ਅਤੇ ਪਲੇਸਮੈਂਟ ਸੈੱਲ ਦੇ ਮਾਰਗਦਰਸ਼ਨ ਹੇਠ ਆਯੋਜਿਤ ਕੀਤਾ ਗਿਆ।

ਸੈਮੀਨਾਰ ਦੌਰਾਨ ਸ੍ਰੀਮਤੀ ਸੁਖਮਨ ਬਾਠ, ਉਪ ਮੁੱਖ ਕਾਰਜਕਾਰੀ ਅਫ਼ਸਰ ਅਤੇ ਨਬੀਹਾ, ਕਰੀਅਰ ਕਾਊਂਸਲਰ, ਵੱਲੋਂ ਵਿਦਿਆਰਥੀਆਂ ਨੂੰ ਕਰੀਅਰ ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀ ਅਤੇ ਮਾਰਗਦਰਸ਼ਨ ਪ੍ਰਦਾਨ ਕੀਤਾ ਗਿਆ।

ਇਸ ਮੌਕੇ ਬੀ ਸੀ ਏ, ਬੀ ਬੀ ਏ, ਬੀ ਕਾਮ ਅਤੇ ਬੀ ਐਸ ਆਦਿ ਵੱਖ-ਵੱਖ ਕੋਰਸਾਂ ਦੇ ਅੰਤਿਮ ਸਾਲ ਦੇ ਵਿਦਿਆਰਥੀਆਂ ਨੇ ਭਾਗ ਲਿਆ।

ਸਰੋਤ ਵਿਅਕਤੀਆਂ ਵੱਲੋਂ ਵਿਦਿਆਰਥੀਆਂ ਨੂੰ ਨੈਸ਼ਨਲ ਕਰੀਅਰ ਸਰਵਿਸ ਪੋਰਟਲ, ਉੱਚ ਸਿੱਖਿਆ ਲਈ ਵਜ਼ੀਫ਼ਾ ਯੋਜਨਾਵਾਂ, ਪੰਜਾਬ ਰੋਜ਼ਗਾਰ ਪੋਰਟਲ ਅਤੇ ਰੋਜ਼ਗਾਰ ਦੇ ਵੱਖ-ਵੱਖ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਗਈ।

ਇਸ ਤੋਂ ਇਲਾਵਾ ਸਟਾਰਟਅੱਪ ਅਤੇ ਉਦਮਤਾ ਨੂੰ ਕੈਰੀਅਰ ਦੇ ਇੱਕ ਵਿਕਲਪ ਵਜੋਂ ਅਪਣਾਉਣ, ਹੁਨਰ-ਅਧਾਰਿਤ ਵੋਕੇਸ਼ਨਲ ਕੋਰਸਾਂ ਅਤੇ ਟ੍ਰੇਨਿੰਗ ਪ੍ਰੋਗਰਾਮਾਂ ਅਤੇ ਆਈ ਟੀ ਆਈ ਕੋਰਸਾਂ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਗਈ।

ਵਿਦਿਆਰਥੀਆਂ ਨੂੰ ਰਿਜ਼ਿਊਮੇ ਤਿਆਰ ਕਰਨ ਅਤੇ ਪ੍ਰਭਾਵਸ਼ਾਲੀ ਨੌਕਰੀ ਅਰਜ਼ੀਆਂ ਲਈ ਰਿਜ਼ਿਊਮੇ ਨੂੰ ਪ੍ਰੋਫੈਸ਼ਨਲ ਬਣਾਉਣ ਸਬੰਧੀ ਵੀ ਵਿਹਾਰਕ ਜਾਣਕਾਰੀ ਦਿੱਤੀ ਗਈ।

ਇਸ ਸਬੰਧੀ ਵੱਖ-ਵੱਖ ਰਿਜ਼ਿਊਮੇ-ਮੇਕਿੰਗ ਅਤੇ ਰਿਜ਼ਿਊਮੇ-ਇਨਹਾਂਸਮੈਂਟ ਟੂਲਜ਼ ਬਾਰੇ ਵੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ।

ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਰੋਜ਼ਗਾਰ, ਉੱਚ ਸਿੱਖਿਆ, ਉਦਮਤਾ, ਹੁਨਰ ਵਿਕਾਸ ਅਤੇ ਰਿਜ਼ਿਊਮੇ ਤਿਆਰੀ ਨਾਲ ਸਬੰਧਤ ਮੌਕਿਆਂ ਬਾਰੇ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਨੌਕਰੀ ਬਾਜ਼ਾਰ ਲਈ ਪ੍ਰਭਾਵਸ਼ਾਲੀ ਢੰਗ ਨਾਲ ਤਿਆਰ ਕਰਨਾ ਸੀ।

ਅੰਤ ਵਿੱਚ ਪ੍ਰੋ. ਗੁਰਪ੍ਰੀਤ ਕੌਰ ਵੱਲੋਂ ਧੰਨਵਾਦ ਦਾ ਮਤਾ ਪੇਸ਼ ਕੀਤਾ ਗਿਆ। ਉਨ੍ਹਾਂ ਨੇ ਸਰੋਤ ਵਿਅਕਤੀਆਂ ਵੱਲੋਂ ਦਿੱਤੇ ਕੀਮਤੀ ਮਾਰਗਦਰਸ਼ਨ ਅਤੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਲਈ ਧੰਨਵਾਦ ਕੀਤਾ।