ਕਰਨਾਲ, 10 ਨਵੰਬਰ (ਪ੍ਰਵੀਨ ਵਾਲੀਆ):- ਹਰਿਆਣਾ ਵਿਧਾਨ ਸਭਾ ਦੇ ਸਪੀਕਰ ਹਰਵਿੰਦਰ ਕਲਿਆਣ ਨੇ ਕਿਹਾ ਕਿ ਸਨਾਤਨ ਧਰਮ ਵਿੱਚ ਭਗਵਾਨ ਵਿਸ਼ਵਕਰਮਾ ਨੂੰ ਦੁਨੀਆ ਦਾ ਪਹਿਲਾ ਵਾਸਤੂਕਾਰ, ਸ਼ਿਲਪਕਾਰ ਅਤੇ ਇੰਜੀਨੀਅਰ ਮੰਨਿਆ ਜਾਂਦਾ ਹੈ। ਅੱਜ ਲੋੜ ਉਨ੍ਹਾਂ ਵੱਲੋਂ ਸਥਾਪਿਤ ਕੀਤੇ ਗਏ ਮਾਰਗਦਰਸ਼ਕ ਸਿਧਾਂਤਾਂ ਅਤੇ ਨਿਯਮਾਂ ਦੀ ਪਾਲਣਾ ਕਰਨ ਦੀ ਹੈ। ਉਨ੍ਹਾਂ ਲੋਕਾਂ ਨੂੰ ਆਪਣੇ ਪਰਿਵਾਰ ਵਿੱਚ ਰੋਲ ਮਾਡਲ ਬਣਨ ਦਾ ਸੰਕਲਪ ਲੈਣ ਦਾ ਸੱਦਾ ਵੀ ਦਿੱਤਾ, ਤਾਂ ਜੋ ਬੱਚੇ ਉਨ੍ਹਾਂ ਦੀ ਪਾਲਣਾ ਕਰਦਿਆਂ ਜੀਵਨ ਵਿੱਚ ਚੰਗੇ ਨਾਗਰਿਕ ਬਣਨ ਅਤੇ ਸਮਾਜ ਤੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾ ਸਕਣ। ਉਨ੍ਹਾਂ ਘਰੌਂਡਾ ਵਿੱਚ ਵਿਸ਼ਵਕਰਮਾ ਚੌਕ ਦਾ ਉਦਘਾਟਨ ਵੀ ਕੀਤਾ।

ਸ੍ਰੀ ਕਲਿਆਣ ਵਿਸ਼ਵਕਰਮਾ ਜਯੰਤੀ ਮੌਕੇ ਘਰੌਂਡਾ ਦੇ ਵਿਸ਼ਵਕਰਮਾ ਮੰਦਰ ਵਿੱਚ ਕਰਵਾਏ ਗਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ। ਉਨ੍ਹਾਂ ਲੋਕਾਂ ਨੂੰ ਵਿਸ਼ਵਕਰਮਾ ਦਿਵਸ ਦੀਆਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਭਗਵਾਨ ਵਿਸ਼ਵਕਰਮਾ ਨੂੰ ਸ੍ਰਿਸ਼ਟੀ ਦਾ ਇੰਜੀਨੀਅਰ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਸ੍ਰਿਸ਼ਟੀ ਦੀ ਰਚਨਾ, ਵਾਸਤੂਕਲਾ ਅਤੇ ਤਕਨੀਕੀ ਕੰਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੁਝ ਮਾਰਗਦਰਸ਼ਕ ਸਿਧਾਂਤ ਅਤੇ ਨਿਯਮ ਸਥਾਪਿਤ ਕੀਤੇ ਹਨ, ਜਿਨ੍ਹਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਅੱਜ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਲੋੜ ਹੈ। ਸਿਰਫ਼ ਇੱਟਾਂ-ਪੱਥਰਾਂ ਨਾਲ ਕੀਤਾ ਗਿਆ ਵਿਕਾਸ ਕਾਫ਼ੀ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਆਪਣੇ ਪਰਿਵਾਰ ਵਿੱਚ ਰੋਲ ਮਾਡਲ ਬਣਨ ਦਾ ਸੰਕਲਪ ਲੈਣ ਦਾ ਸੱਦਾ ਦਿੱਤਾ। ਜੇਕਰ ਆਪਣਾ ਆਚਰਨ ਚੰਗਾ ਹੋਵੇਗਾ ਤਾਂ ਪਰਿਵਾਰ ਦੇ ਬੱਚੇ ਵੀ ਉਸ ਦੀ ਪਾਲਣਾ ਕਰਨਗੇ। ਅੱਜ ਲੋੜ ਸਿਰਫ਼ ਬੱਚਿਆਂ ਨੂੰ ਸੱਭਿਆਚਾਰ ਨਾਲ ਜੋੜ ਕੇ ਸੰਸਕਾਰੀ ਬਣਾਉਣ ਦੀ ਹੀ ਨਹੀਂ, ਸਗੋਂ ਉਨ੍ਹਾਂ ਵਿੱਚ ਇਹ ਭਾਵਨਾ ਪੈਦਾ ਕਰਨ ਦੀ ਵੀ ਹੈ ਕਿ ਜੀਵਨ ਵਿੱਚ ਸਫਲਤਾ ਲਈ ਸਖ਼ਤ ਮਿਹਨਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਕੁਝ ਨੌਜਵਾਨ ਪੜ੍ਹੇ-ਲਿਖੇ ਹੋਣ ਤੋਂ ਬਾਅਦ ਛੋਟੇ ਕੰਮ ਕਰਨ ਤੋਂ ਝਿਜਕਦੇ ਹਨ। ਵਿਧਾਨ ਸਭਾ ਸਪੀਕਰ ਨੇ ਕਿਹਾ ਕਿ ਕੋਈ ਵੀ ਕੰਮ ਛੋਟਾ ਨਹੀਂ ਹੁੰਦਾ। ਮਿਹਨਤੀ ਵਿਅਕਤੀ ਹੀ ਅੱਗੇ ਵਧਦਾ ਹੈ।

ਸ੍ਰੀ ਕਲਿਆਣ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਸਾਬਕਾ ਰਾਸ਼ਟਰਪਤੀ ਏ.ਪੀ.ਜੇ. ਅਬਦੁਲ ਕਲਾਮ ਅਤੇ ਸੰਵਿਧਾਨ ਨਿਰਮਾਤਾ ਭੀਮਰਾਓ ਅੰਬੇਡਕਰ ਦੀਆਂ ਉਦਾਹਰਣਾਂ ਦਿੰਦਿਆਂ ਕਿਹਾ ਕਿ ਇਨ੍ਹਾਂ ਸਾਰੀਆਂ ਮਹਾਨ ਸ਼ਖ਼ਸੀਅਤਾਂ ਦਾ ਸਬੰਧ ਗਰੀਬ ਪਰਿਵਾਰਾਂ ਨਾਲ ਰਿਹਾ ਹੈ, ਪਰ ਉਨ੍ਹਾਂ ਨੇ ਸਖ਼ਤ ਮਿਹਨਤ ਅਤੇ ਤਪੱਸਿਆ ਦੇ ਬਲ ’ਤੇ ਨਵੀਆਂ ਉਚਾਈਆਂ ਹਾਸਲ ਕੀਤੀਆਂ। ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ ਅਤੇ ਦੁਨੀਆ ਵਿੱਚ ਭਾਰਤ ਦਾ ਮਾਣ ਵਧਿਆ ਹੈ। ਉਨ੍ਹਾਂ ਕਿਹਾ ਕਿ ਤਰੱਕੀ ਦੀ ਸ਼ੁਰੂਆਤ ਹੇਠਲੇ ਪੱਧਰ ਤੋਂ ਹੁੰਦੀ ਹੈ। ਸਿਖਰਲੀ ਲੀਡਰਸ਼ਿਪ ਸਿਰਫ਼ ਦਿਸ਼ਾ ਦੇਣ ਦਾ ਕੰਮ ਕਰਦੀ ਹੈ। ਸਮਾਜ ਅਤੇ ਦੇਸ਼ ਦੀ ਮਜ਼ਬੂਤੀ ਲਈ ਜ਼ਰੂਰੀ ਹੈ ਕਿ ਹਰ ਵਿਅਕਤੀ ਇਮਾਨਦਾਰੀ ਨਾਲ ਆਪਣੇ ਫ਼ਰਜ਼ ਨਿਭਾਏ। ਉਨ੍ਹਾਂ ਕਿਹਾ ਕਿ ਅੱਜ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਦੀ ਲੋੜ ਹੈ। ਵਾਤਾਵਰਨ ਦੀ ਸੁਰੱਖਿਆ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਹੋਣਗੇ ਅਤੇ ਸਫ਼ਾਈ ਵੱਲ ਵੀ ਧਿਆਨ ਦੇਣਾ ਹੋਵੇਗਾ। ਉਨ੍ਹਾਂ ਕਿਹਾ ਕਿ ਸਮਾਜ ਦੇ ਹਿੱਤ ਵਿੱਚ ਕੀਤਾ ਗਿਆ ਕੰਮ ਪੁੰਨ ਦੇ ਬਰਾਬਰ ਹੁੰਦਾ ਹੈ। ਸ੍ਰੀ ਕਲਿਆਣ ਨੇ ਕਿਹਾ ਕਿ ਇਲਾਕੇ ਦੀ ਤਰੱਕੀ ਅਤੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਹੈ।

ਇਸ ਤੋਂ ਬਾਅਦ ਉਨ੍ਹਾਂ ਨੇ ਨਵੀਨੀਕਰਨ ਦਾ ਕੰਮ ਪੂਰਾ ਹੋਣ ਉਪਰੰਤ ਭਗਵਾਨ ਸ੍ਰੀ ਵਿਸ਼ਵਕਰਮਾ ਚੌਕ ਦਾ ਉਦਘਾਟਨ ਕੀਤਾ। ਇਸ ਮੌਕੇ ਵਿਸ਼ਵਕਰਮਾ ਸਮਾਜ ਨਾਲ ਸਬੰਧਤ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ।

ਇਸ ਮੌਕੇ ਨਗਰ ਪਾਲਿਕਾ ਦੇ ਚੇਅਰਮੈਨ ਹੈੱਪੀਲਕ ਗੁਪਤਾ, ਵਿਸ਼ਵਕਰਮਾ ਸਭਾ ਦੇ ਸਰਪ੍ਰਸਤ ਰਾਮਕਿਸ਼ਨ ਧੀਮਾਨ, ਮੰਡਲ ਪ੍ਰਧਾਨ ਰੋਹਿਤ ਭੰਡਾਰੀ ਅਤੇ ਕਮਲ ਕਾਂਤ ਧੀਮਾਨ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸਮਾਗਮ ਵਿੱਚ ਕੌਂਸਲਰ ਅਨੁਜ ਗੁਪਤਾ, ਅਮਿਤ, ਅਨਿਲ ਜਾਵਾ, ਜੈਭਗਵਾਨ, ਵਪਾਰ ਮੰਡਲ ਦੇ ਪ੍ਰਧਾਨ ਪਵਨ, ਵਿਸ਼ਵਕਰਮਾ ਸਭਾ ਦੇ ਪ੍ਰਧਾਨ ਗੁਲਾਬ, ਸਕੱਤਰ ਸ਼੍ਰਵਣ, ਸਾਬਕਾ ਪ੍ਰਧਾਨ ਧਰਮਪਾਲ, ਰਾਜਿੰਦਰ, ਧਰਮਪਾਲ, ਭਾਜਪਾ ਮੰਡਲ ਦੇ ਜਨਰਲ ਸਕੱਤਰ ਸੁਰਿੰਦਰ ਜੈਨ ਆਦਿ ਮੌਜੂਦ ਰਹੇ।