ਪਟਿਆਲਾ, 13 ਮਾਰਚ - ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਨੇ ਪੋਲੋ ਗ੍ਰਾਉਂਡ, ਪਟਿਆਲਾ ਵਿਖੇ ਸੰਪੰਨ ਹੋਈ ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਜਿਮਨਾਸਟਿਕਸ ਚੈਂਪੀਅਨਸ਼ਿਪ (ਲੜਕੇ ਅਤੇ ਲੜਕੀਆਂ) ਜਿੱਤ ਲਈ ਹੈ। ਇਸ ਮੁਕਾਬਲੇ ਵਿੱਚ ਮੋਦੀ ਕਾਲਜ ਦੇ ਲੜਕਿਆਂ ਦੀ ਟੀਮ ਨੇ ਨੈਸ਼ਨਲ ਕਾਲਜ ਆਫ਼ ਫ਼ਿਜ਼ੀਕਲ ਐਜੂਕੇਸ਼ਨ, ਚੁਪਕੀ ਨੂੰ ਹਰਾ ਕੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਲੜਕੀਆਂ ਦੇ ਆਰਟਿਸਟਿਕ ਮੁਕਾਬਲੇ ਵਿੱਚ ਸਰਕਾਰੀ ਗਰਲਜ਼ ਕਾਲਜ, ਪਟਿਆਲਾ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਜੇਤੂ ਟੀਮ ਦੇ ਕਾਲਜ ਪਹੁੰਚਣ ਤੇ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਉਨ੍ਹਾਂ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਇਨ੍ਹਾਂ ਖਿਡਾਰੀਆਂ 'ਤੇ ਕਾਲਜ ਨੂੰ ਬੇਹੱਦ ਮਾਣ ਹੈ। ਕਾਲਜ ਵੱਲੋਂ ਆਪਣੇ ਖਿਡਾਰੀ ਵਿਦਿਆਰਥੀਆਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਇਸ ਮੌਕੇ ਕਾਲਜ ਦੇ ਡੀਨ ਸਪੋਰਟਸ ਡਾ. ਨਿਸ਼ਾਨ ਸਿੰਘ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਇਸ ਪ੍ਰਤੀਯੋਗਤਾ ਵਿੱਚ ਮੋਦੀ ਕਾਲਜ ਦੀ ਟੀਮ ਦੇ ਖਿਡਾਰੀਆਂ ਕੁਲਦੀਪ ਸਿੰਘ, ਪੁਖਰਾਜ ਸਿੰਘ, ਯੁਗੇਸ਼, ਵਿਸ਼ਾਲ, ਮਹਾਦੇਵ ਪਾਂਡੇ, ਭਵਨੀਸ਼ ਕੁਮਾਰ, ਕਿਸ਼ਨਮ ਅਤੇ ਨਕੁਲ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਟੀਮ ਦੀ ਜਿੱਤ ਯਕੀਨੀ ਬਣਾਈ। ਲੜਕੀਆਂ ਦੀ ਆਰਟਿਸਟਿਕ ਟੀਮ ਵਿੱਚ ਦਾਮਿਨੀ, ਨੇਹਾ ਵਰਮਾ, ਕਸ਼ਿਸ਼ ਵੈਸ਼, ਅਨਾਮਿਕਾ ਸ਼ਰਮਾ, ਜਸਲੀਨ ਕੌਰ ਅਤੇ ਵਰਸ਼ਾ ਜਿੰਦਲ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਖੇਡ ਵਿਭਾਗ ਦੇ ਮੁਖੀ ਡਾ. ਨਿਸ਼ਾਨ ਸਿੰਘ, ਪ੍ਰੋ. ਹਰਨੀਤ ਸਿੰਘ ਅਤੇ ਮੈਡਮ ਮਨਦੀਪ ਕੌਰ ਦੇ ਭਰਪੂਰ ਯਤਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਅੱਗੇ ਤੋਂ ਵੀ ਇਸੇ ਭਾਵਨਾ ਨਾਲ ਖਿਡਾਰੀਆਂ ਦਾ ਮਾਰਗਦਰਸ਼ਨ ਕਰਦੇ ਰਹਿਣ ਦੀ ਪ੍ਰੇਰਨਾ ਦਿੱਤੀ।