ਸਾਹਿਬਜ਼ਾਦਾ ਅਜੀਤ ਸਿੰਘ ਨਗਰ, 10 ਨਵੰਬਰ:- ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਦੀ ਆਰ.ਬੀ.ਐਸ.ਕੇ. (ਰਾਸ਼ਟਰੀ ਬਾਲ ਸਵਾਸਥਯ ਕਾਰਿਆਕ੍ਰਮ) ਟੀਮ ਨੇ ਦਿਲ ਵਿੱਚ ਜਮਾਂਦਰੂ ਨੁਕਸ ਤੋਂ ਪੀੜਤ ਬੱਚੇ ਦਾ ਸਫ਼ਲ ਆਪਰੇਸ਼ਨ ਕਰਵਾਇਆ ਹੈ। ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਜੋਤ ਕੌਰ ਨੇ ਦੱਸਿਆ ਕਿ ਕੁਰਾਲੀ ਵਾਸੀ ਤਿੰਨ ਸਾਲਾ ਨਵਦੀਪ ਸਿੰਘ ਦੇ ਦਿਲ ਵਿੱਚ ਜਮਾਂਦਰੂ ਨੁਕਸ ਸੀ। ਸਿਹਤ ਟੀਮ ਨੇ ਬੱਚੇ ਦੇ ਘਰ ਜਾ ਕੇ ਉਸ ਦੀ ਜਾਂਚ ਕੀਤੀ ਅਤੇ ਇਲਾਜ ਸਬੰਧੀ ਸਾਰੇ ਲੋੜੀਂਦੇ ਕਾਗਜ਼-ਪੱਤਰ ਤਿਆਰ ਕੀਤੇ। ਇਸ ਤੋਂ ਬਾਅਦ ਉਸ ਨੂੰ ਅਗਲੀ ਜਾਂਚ ਲਈ ਜ਼ਿਲ੍ਹਾ ਹਸਪਤਾਲ ਮੋਹਾਲੀ ਭੇਜ ਦਿੱਤਾ ਗਿਆ।
ਡਾ. ਅਲਕਜੋਤ ਕੌਰ ਨੇ ਦੱਸਿਆ ਕਿ ਬੱਚੇ ਦੇ ਜ਼ਰੂਰੀ ਟੈਸਟ ਕਰਨ ਉਪਰੰਤ ਉਸ ਨੂੰ ਆਪਰੇਸ਼ਨ ਲਈ ਪੀ.ਜੀ.ਆਈ. ਰੈਫ਼ਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਬੱਚੇ ਦਾ ਸਫ਼ਲ ਆਪਰੇਸ਼ਨ ਹੋਇਆ ਹੈ ਅਤੇ ਹੁਣ ਉਹ ਪੂਰੀ ਤਰ੍ਹਾਂ ਤੰਦਰੁਸਤ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਾਰਾ ਇਲਾਜ ਮੁਫ਼ਤ ਹੋਇਆ ਹੈ, ਜਿਸ ਨਾਲ ਪਰਿਵਾਰ ਦਾ ਕਾਫ਼ੀ ਖ਼ਰਚਾ ਬਚਿਆ ਹੈ। ਡਾਕਟਰਾਂ ਦੀ ਟੀਮ ਵਿੱਚ ਡਾ. ਵਿਕਾਸ ਸਹਿਦੇਵ, ਡਾ. ਰੋਹਿਨੀ ਅਤੇ ਹੋਰ ਸਟਾਫ਼ ਮੈਂਬਰ ਸ਼ਾਮਲ ਸਨ।
ਐਸ.ਐਮ.ਓ. ਨੇ ਦੱਸਿਆ ਕਿ ਰਾਸ਼ਟਰੀ ਬਾਲ ਸਵਾਸਥਯ ਕਾਰਿਆਕ੍ਰਮ (ਆਰ.ਬੀ.ਐਸ.ਕੇ.) ਤਹਿਤ ਬੱਚਿਆਂ ਦਾ ਕਈ ਬਿਮਾਰੀਆਂ ਦਾ ਬਿਲਕੁਲ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਪਰਿਵਾਰ ਨੂੰ ਇਲਾਜ ਲਈ ਕੋਈ ਪੈਸਾ ਦੇਣ ਦੀ ਲੋੜ ਨਹੀਂ ਪੈਂਦੀ। ਮਾਲੀ ਸਹਾਇਤਾ ਲਈ ਲੋੜੀਂਦੇ ਕਾਗਜ਼-ਪੱਤਰ ਹਸਪਤਾਲ ਵੱਲੋਂ ਹੀ ਤਿਆਰ ਕੀਤੇ ਜਾਂਦੇ ਹਨ।
ਉਨ੍ਹਾਂ ਆਰ.ਬੀ.ਐਸ.ਕੇ. ਦੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਬੱਚੇ ਦਾ ਮੁਫ਼ਤ ਆਪਰੇਸ਼ਨ ਸੰਭਵ ਹੋ ਸਕਿਆ ਅਤੇ ਪਰਿਵਾਰ ਦਾ ਕਾਫ਼ੀ ਖ਼ਰਚਾ ਬਚਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਿਹਤ ਯੋਜਨਾਵਾਂ ਅਤੇ ਪ੍ਰੋਗਰਾਮਾਂ ਦਾ ਵੱਧ ਤੋਂ ਵੱਧ ਲਾਭ ਲੈਣ। ਕਿਸੇ ਵੀ ਜ਼ਰੂਰੀ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 'ਤੇ ਸੰਪਰਕ ਕੀਤਾ ਜਾ ਸਕਦਾ ਹੈ।
