ਚੰਡੀਗੜ੍ਹ, 5 ਨਵੰਬਰ:- ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਅਤੇ ਸਮਾਜਿਕ ਵਿਸ਼ਲੇਸ਼ਕ ਡਾ. ਹਰਵਿੰਦਰ ਸਿੰਘ ਭੱਟੀ ਦੀ ਕਾਵਿ ਪੁਸਤਕ ‘ਚੌਰਾਸੀਨਾਮਾ’ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ, ਪੰਜਾਬ ਦੇ ਸਾਬਕਾ ਮੁੱਖ ਸਕੱਤਰ ਰਮੇਸ਼ ਇੰਦਰ ਸਿੰਘ, ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਪੰਜਾਬੀ ਅਕਾਦਮੀ ਦਿੱਲੀ ਦੇ ਸਾਬਕਾ ਸਕੱਤਰ ਗੁਰਭੇਜ ਸਿੰਘ ਗੁਰਾਇਆ, ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ, ਦਲਜੀਤ ਸਿੰਘ ਸ਼ਾਹੀ ਅਤੇ ਆਰਬਾਈਡ ਵਰਲਡ ਚੈਨਲ ਦੇ ਸੰਚਾਲਕ ਦਵਿੰਦਰ ਪਾਲ ਨੇ ਪਾਠਕਾਂ ਨੂੰ ਅਰਪਿਤ ਕੀਤਾ।

ਸਮਾਗਮ ਦੀ ਸ਼ੁਰੂਆਤ ਵਿੱਚ ਨਾਮਵਰ ਪੱਤਰਕਾਰ ਅਤੇ ਲੇਖਕ ਜਗਤਾਰ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਨੇ ਨਾ ਤਾਂ 1947 ਮੰਗਿਆ ਸੀ ਅਤੇ ਨਾ ਹੀ 1984, ਪਰ ਸਿਆਸਤ ਦੀ ਭੁੱਖ ਕਾਰਨ 1947 ਅਤੇ 1984 ਦੌਰਾਨ ਪੰਜਾਬ ਅਤੇ ਦਿੱਲੀ ਦੀ ਧਰਤੀ ਲਹੂ-ਲੁਹਾਨ ਹੋਈ। ਉਨ੍ਹਾਂ ਸਵਾਲ ਕੀਤਾ ਕਿ 1947 ਤੋਂ 1984 ਤੱਕ ਪੰਜਾਬ ਨੂੰ ਲੁੱਟਣ, ਕੁੱਟਣ ਅਤੇ ਮਾਰਨ ਵਾਲੇ ਕੌਣ ਸਨ? ਉਨ੍ਹਾਂ ਕਿਹਾ ਕਿ ਅੱਜ ਤੱਕ ਵੀ ਹਨੇਰਾ ਕਾਇਮ ਹੈ ਅਤੇ ਲੋਕਾਂ ਨੂੰ ਇਨਸਾਫ਼ ਨਹੀਂ ਮਿਲਿਆ।

ਇਸ ਮੌਕੇ ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ 10 ਨਵੰਬਰ 1984 ਦੇ ਆਸ-ਪਾਸ ਦੇ ਸਮੇਂ ਨੂੰ ਯਾਦ ਕਰਦਿਆਂ ਕਿਹਾ ਕਿ ਜਦੋਂ ਦਿੱਲੀ ਅਤੇ ਕਾਨਪੁਰ ਛੱਡ ਕੇ ਉੱਜੜੇ ਲੋਕ ਰੇਲ ਗੱਡੀਆਂ, ਬੱਸਾਂ ਅਤੇ ਆਪਣੇ ਵਾਹਨਾਂ ਰਾਹੀਂ ਲੁਧਿਆਣਾ ਪਹੁੰਚੇ ਅਤੇ ਇਸ ਨੂੰ ਸੁਰੱਖਿਅਤ ਥਾਂ ਸਮਝਿਆ, ਤਾਂ ਉਸ ਸਮੇਂ ਉਨ੍ਹਾਂ ਦੇ ਦੁੱਖ-ਤਕਲੀਫ਼ਾਂ ਅਤੇ ਉਨ੍ਹਾਂ ਵੱਲੋਂ ਝੱਲੀ ਗਈ ਪੀੜਾ ਨੂੰ ਸੁਣਨਾ ਅਤੇ ਦੇਖਣਾ ਬਹੁਤ ਔਖਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਖੁਦ ਇਹ ਦੁਖਦਾਈ ਪਹਿਲੂ ਵੀ ਦੇਖਿਆ ਕਿ ਲੁਧਿਆਣਾ ਵਾਸੀਆਂ ਨੇ ਉੱਜੜੇ ਲੋਕਾਂ ਦਾ ਦਰਦ ਵੰਡਾਉਣ ਦੀ ਥਾਂ ਮਕਾਨਾਂ, ਪਲਾਟਾਂ ਅਤੇ ਦੁਕਾਨਾਂ ਦੇ ਭਾਅ ਰਾਤੋ-ਰਾਤ ਦੁੱਗਣੇ-ਤਿੱਗਣੇ ਕਰ ਦਿੱਤੇ। ਸਕੂਲਾਂ ਵਾਲਿਆਂ ਨੇ ਉੱਜੜੇ ਪਰਿਵਾਰਾਂ ਦੀ ਮਦਦ ਕਰਨ ਦੀ ਥਾਂ ਉਨ੍ਹਾਂ ਦੇ ਬੱਚਿਆਂ ਨੂੰ ਦਾਖ਼ਲਾ ਦੇਣ ਤੋਂ ਇਨਕਾਰ ਕਰ ਦਿੱਤਾ।

ਉਸ ਸਮੇਂ ਦਰਦਮੰਦ ਗਿਆਨੀ ਰਘਬੀਰ ਸਿੰਘ ਅਤੇ ਗਿਆਨੀ ਹਰਜੀਤ ਸਿੰਘ ਜੀ ਨੇ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਦੇ ਇੱਕ ਕੋਨੇ ਵਿੱਚ ਜੀਜੀਐਨ ਪਬਲਿਕ ਸਕੂਲ ਸ਼ੁਰੂ ਕੀਤਾ। ਇਸ ਤਰ੍ਹਾਂ ਉਨ੍ਹਾਂ ਸਿੱਖ ਪਰਿਵਾਰਾਂ ਨੂੰ ਮੁੜ ਵਸਾਉਣ ਵਿੱਚ ਵੀ ਮਦਦ ਕੀਤੀ ਗਈ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ, ਰਮੇਸ਼ ਇੰਦਰ ਸਿੰਘ, ਅਮਰੀਕਾ ਵਿੱਚ ਵੱਸਦੇ ਫ਼ਿਲਮ ਅਦਾਕਾਰ ਅਤੇ ਮਹਾਭਾਰਤ ਲੜੀਵਾਰ ਵਿੱਚ ਧ੍ਰਿਤਰਾਸ਼ਟਰ ਦੀ ਭੂਮਿਕਾ ਨਿਭਾਉਣ ਵਾਲੇ ਸ੍ਰੀ ਗਿਰਜਾ ਸ਼ੰਕਰ, ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਦੇ ਸੇਵਾਮੁਕਤ ਪ੍ਰੋਫੈਸਰ ਡਾ. ਗੁਰਿੰਦਰ ਸਿੰਘ ਮਾਨ, ਹੂਣ ਮੈਗਜ਼ੀਨ ਦੇ ਸੰਪਾਦਕ ਸੁਸ਼ੀਲ ਦੋਸਾਂਝ, ਪੰਜਾਬੀ ਲੇਖਕ ਦਲਜੀਤ ਸ਼ਾਹੀ ਐਡਵੋਕੇਟ ਸਮਰਾਲਾ ਅਤੇ ਗੁਰਭੇਜ ਸਿੰਘ ਗੁਰਾਇਆ ਨੇ ਵੀ ਸੰਬੋਧਨ ਕੀਤਾ।

ਕਾਵਿ ਪੁਸਤਕ ‘ਚੌਰਾਸੀਨਾਮਾ’ ਦੇ ਲੇਖਕ ਪ੍ਰੋ. ਹਰਵਿੰਦਰ ਸਿੰਘ ਭੱਟੀ ਨੇ ਕਿਹਾ ਕਿ ਭੀੜਤੰਤਰ ਵਿੱਚ ਇਨਸਾਨ ਕਦੋਂ ਸ਼ੈਤਾਨ ਬਣ ਜਾਂਦਾ ਹੈ, ਇਸ ਦਾ ਪਤਾ ਵੀ ਨਹੀਂ ਲੱਗਦਾ। ਦੇਸ਼ ਦੀ ਵੰਡ ਸਮੇਂ 1947 ਵਿੱਚ ਅਤੇ ਦਿੱਲੀ ਕਤਲੇਆਮ ਸਮੇਂ ਵੀ ਅਜਿਹਾ ਹੀ ਹੋਇਆ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਤਾਂ ਜਿਨ੍ਹਾਂ ਲੋਕਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ, ਉਹੀ ਬਾਅਦ ਵਿੱਚ ਬਚੇ ਹੋਏ ਸਿੱਖਾਂ ਨੂੰ ਹੌਸਲਾ ਦੇਣ ਪਹੁੰਚ ਗਏ।

ਗੁਰਭੇਜ ਸਿੰਘ ਗੁਰਾਇਆ ਨੇ ਦੱਸਿਆ ਕਿ ਡਾ. ਹਰਵਿੰਦਰ ਸਿੰਘ ਭੱਟੀ ਦਾ ਛੋਟਾ ਭਰਾ ਵੀ ਇਸ ਕਤਲੇਆਮ ਵਿੱਚ ਮਾਰਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਡਾ. ਭੱਟੀ ਨੇ ਵਿਦਿਆਰਥੀ ਆਗੂ ਅਤੇ ਅਧਿਆਪਕ ਆਗੂ ਵਜੋਂ ਕੰਮ ਕਰਨ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਵਿੱਚ ਸਮਾਜ ਵਿਗਿਆਨ ਦੇ ਪ੍ਰੋਫੈਸਰ ਵਜੋਂ ਲਗਭਗ 35 ਸਾਲ ਅਧਿਆਪਨ, ਖੋਜ ਅਤੇ ਪ੍ਰਸ਼ਾਸਨ ਨਾਲ ਸਬੰਧਤ ਜ਼ਿੰਮੇਵਾਰੀਆਂ ਨਿਭਾਈਆਂ।

ਇਸ ਮੌਕੇ ਯੂਨੀਸਟਾਰ ਪ੍ਰਕਾਸ਼ਨ ਘਰ ਦੇ ਮਾਲਕ ਹਰੀਸ਼ ਜੈਨ, ਪੰਜਾਬ ਦੇ ਸਾਬਕਾ ਮੁੱਖ ਸਕੱਤਰ ਸੁਰੇਸ਼ ਕੁਮਾਰ, ਪੰਜਾਬ ਦੇ ਸਾਬਕਾ ਡੀਜੀਪੀ ਸ. ਸਰਬਦੀਪ ਸਿੰਘ ਵਿਰਕ, ਨਾਮਵਰ ਪੱਤਰਕਾਰ ਬਲਜੀਤ ਬੱਲੀ, ਸਰਬਜੀਤ ਧਾਲੀਵਾਲ, ਰਾਜਿੰਦਰ ਸਿੰਘ ਤੱਗੜ, ਅਜਾਇਬ ਸਿੰਘ ਔਜਲਾ, ਸੁਰਜੀਤ ਵਿਸ਼ਾਦ ਸਮਰਾਲਾ, ਅਗਾਂਹਵਧੂ ਕਿਸਾਨ ਦਮਨ ਸ਼ਰਮਾ ਲੁਧਿਆਣਾ, ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ, ਸਾਬਕਾ ਏਆਈਜੀ ਹਰਪ੍ਰੀਤ ਸਿੰਘ ਸੰਧੂ, ਸੁਖਦੇਵ ਸਿੰਘ ਵਿਰਕ, ਰਤਨ ਸਿੰਘ ਬਰਾੜ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਸੀਨੀਅਰ ਆਗੂ ਇੰਜੀ. ਸਰਬਜੀਤ ਸਿੰਘ ਸੋਹਲ, ਸਪੋਕਸਮੈਨ ਅਖ਼ਬਾਰ ਦੀ ਸੰਪਾਦਕ ਕਮਲ ਦੁਸਾਂਝ, ਪੰਜਾਬੀ ਟ੍ਰਿਬਿਊਨ ਦੇ ਸਹਾਇਕ ਸੰਪਾਦਕ ਜਸਬੀਰ ਸਮਰ, ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ੍ਹ ਦੇ ਸਾਬਕਾ ਪ੍ਰਿੰਸੀਪਲ ਡਾ. ਕੁਲਦੀਪ ਸਿੰਘ, ਪੰਜਾਬੀ ਚਿੰਤਕ ਅਤੇ ਨਾਮਵਰ ਨਾਵਲਕਾਰ ਪ੍ਰੋ. ਸੰਤੋਸ਼ ਸਿੰਘ ਔਜਲਾ, ਡਾ. ਗੁਰਪ੍ਰੀਤ ਸਿੰਘ ਲਹਿਲ, ਦੂਰਦਰਸ਼ਨ ਦੇ ਸੇਵਾਮੁਕਤ ਨਿਊਜ਼ ਐਡੀਟਰ ਹਰਬੰਸ ਸੋਢੀ, ਜੋਰਾ ਸਿੰਘ, ਦਵਿੰਦਰ ਦਵੀ ਆਦਿ ਸ਼ਖ਼ਸੀਅਤਾਂ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ। ਸਮਾਗਮ ਦਾ ਸੰਚਾਲਨ ਸ. ਗੁਰਭੇਜ ਸਿੰਘ ਗੁਰਾਇਆ (ਦਿੱਲੀ) ਨੇ ਬਹੁਤ ਸੰਖੇਪ ਪਰ ਅਰਥਪੂਰਨ ਅੰਦਾਜ਼ ਵਿੱਚ ਕੀਤਾ।