ਰਤੀਆ, 24 ਨਵੰਬਰ (ਐਡਵੋਕੇਟ ਗੁਰਪ੍ਰੀਤ ਮੰਡੇਰ):- ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਮੌਕੇ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ, ਪੁਰਾਣਾ ਬਾਜ਼ਾਰ ਰਤੀਆ ਵਿਖੇ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੇ ਸਹਿਯੋਗ ਨਾਲ ਸਮਾਜਿਕ ਕਾਰਕੁਨ ਹੈਪੀ ਸਿੰਘ ਸੇਠੀ ਵੱਲੋਂ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਲਗਭਗ 50 ਯੂਨਿਟ ਖੂਨ ਇਕੱਠਾ ਕਰਨ ਲਈ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਵਿੱਚ ਖੂਨ ਇਕੱਠਾ ਕਰਨ ਲਈ ਸਰਕਾਰੀ ਬਲੱਡ ਬੈਂਕ ਦੀ ਟੀਮ ਪਹੁੰਚੀ।
ਕੈਂਪ ਬਾਰੇ ਜਾਣਕਾਰੀ ਦਿੰਦਿਆਂ ਸਮਾਜਿਕ ਕਾਰਕੁਨ ਹੈਪੀ ਸਿੰਘ ਸੇਠੀ ਨੇ ਦੱਸਿਆ ਕਿ ਇਲਾਕੇ ਵਿੱਚ ਸਮੇਂ-ਸਮੇਂ ’ਤੇ ਧਾਰਮਿਕ ਸਮਾਗਮਾਂ ਮੌਕੇ ਖੂਨਦਾਨ ਕੈਂਪ ਅਤੇ ਹੋਰ ਸਮਾਜਿਕ ਪ੍ਰੋਗਰਾਮ ਕਰਵਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਨੇ ਸਮਾਜ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਹੈ ਅਤੇ ਗੁਰਪੁਰਬ ਮੌਕੇ ਲਗਾਏ ਗਏ ਇਸ ਖੂਨਦਾਨ ਕੈਂਪ ਵਿੱਚ ਨੌਜਵਾਨਾਂ ਨੇ ਵੱਧ ਚੜ੍ਹ ਕੇ ਖੂਨਦਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਸੋਚ ਰੱਖ ਕੇ ਹਮੇਸ਼ਾ ਖੂਨਦਾਨ ਕਰਨਾ ਚਾਹੀਦਾ ਹੈ ਕਿ ਸਾਡੇ ਵੱਲੋਂ ਦਿੱਤਾ ਖੂਨ ਕਿਸੇ ਦੇ ਕੰਮ ਆ ਸਕੇ।
ਕੈਂਪ ਮੌਕੇ ਖੂਨਦਾਨ ਕਰਨ ਵਾਲਿਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਸਟੱਡੀ ਸਰਕਲ ਵੱਲੋਂ ਵਿਸ਼ੇਸ਼ ਤੌਰ ’ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਬਲੱਡ ਬੈਂਕ ਤੋਂ ਪਹੁੰਚੀ ਟੀਮ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਮੈਨੇਜਰ ਦਲਜੀਤ ਸਿੰਘ, ਸੁਖਦੀਪ ਸਿੰਘ, ਕੁਲਬੀਰ ਸਿੰਘ, ਮਨਜੀਤ ਸਿੰਘ, ਜਗਸੀਰ ਸਿੰਘ, ਨਵਦੀਪ ਸਿੰਘ, ਸੰਦੀਪ ਸਿੰਘ ਅਤੇ ਮੁਨੀਸ਼ ਬੱਤਰਾ ਸਮੇਤ ਹੋਰ ਹਾਜ਼ਰ ਸਨ।
