ਬਲਾਚੌਰ, 21 ਨਵੰਬਰ (ਜਤਿੰਦਰਪਾਲ ਸਿੰਘ ਕਲੇਰ):- ਪਿੰਡ ਚੂਹੜਪੁਰ ਵਿਖੇ ਸਰਪੰਚ ਜਸਵੀਰ ਕੌਰ ਦੇ ਲੰਬਰਦਾਰ ਪਰਿਵਾਰ ਵਿੱਚ ਸੀਨੀਅਰ ਭਾਜਪਾ ਆਗੂ ਰਵੀ ਇੰਦਰ ਸਿੰਘ ਬਾਗੋਵਾਲ ਵੱਲੋਂ ਕੀਤੀ ਗਈ ਲੋਕ ਮਿਲਣੀ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ। ਇਸ ਮਿਲਣੀ ਵਿੱਚ ਪਿੰਡ ਦੇ ਪਤਵੰਤੇ, ਬਜ਼ੁਰਗ, ਨੌਜਵਾਨ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਲੋਕਾਂ ਨੇ ਆਪਣੇ ਪਿੰਡ ਅਤੇ ਹਲਕੇ ਦੀਆਂ ਵੱਖ-ਵੱਖ ਸਮੱਸਿਆਵਾਂ ਸੀਨੀਅਰ ਆਗੂ ਸਾਹਮਣੇ ਰੱਖੀਆਂ। ਰਵੀ ਇੰਦਰ ਸਿੰਘ ਬਾਗੋਵਾਲ ਨੇ ਲੋਕਾਂ ਦੀਆਂ ਗੱਲਾਂ ਧਿਆਨ ਨਾਲ ਸੁਣੀਆਂ ਅਤੇ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਯਤਨ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ਦੀ ਨੀਤੀ ਹਮੇਸ਼ਾ ਲੋਕਾਂ ਨਾਲ ਜੁੜ ਕੇ ਜ਼ਮੀਨੀ ਪੱਧਰ ’ਤੇ ਕੰਮ ਕਰਨ ਦੀ ਰਹੀ ਹੈ।
2027 ਦੀ ਰੂਪ-ਰੇਖਾ ’ਤੇ ਹੋਇਆ ਵਿਚਾਰ-ਵਟਾਂਦਰਾ
ਮਿਲਣੀ ਦੌਰਾਨ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਰੂਪ-ਰੇਖਾ ਤਿਆਰ ਕਰਨ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਪਿੰਡਾਂ ਵਿੱਚ ਪਾਰਟੀ ਨੂੰ ਹੋਰ ਮਜ਼ਬੂਤ ਕਰਨ, ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਅਤੇ ਲੋਕਾਂ ਤੱਕ ਪਾਰਟੀ ਦੀਆਂ ਨੀਤੀਆਂ ਪਹੁੰਚਾਉਣ ਦੀ ਰਣਨੀਤੀ ਬਾਰੇ ਚਰਚਾ ਹੋਈ।
ਰਵੀ ਇੰਦਰ ਸਿੰਘ ਬਾਗੋਵਾਲ ਨੇ ਕਿਹਾ ਕਿ ਲੋਕ ਹੁਣ ਬਦਲਾਅ ਚਾਹੁੰਦੇ ਹਨ ਅਤੇ ਭਾਜਪਾ ਹੀ ਇਹ ਬਦਲਾਅ ਲਿਆ ਸਕਦੀ ਹੈ। ਉਨ੍ਹਾਂ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਹੁਣ ਤੋਂ ਹੀ ਪਿੰਡ-ਪਿੰਡ ਜਾ ਕੇ ਲੋਕਾਂ ਨਾਲ ਸੰਪਰਕ ਬਣਾਉਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅੱਗੇ ਆਉਣ।
ਮਿਲਣੀ ਵਿੱਚ ਪਹੁੰਚੇ ਲੋਕਾਂ ਨੇ ਵੀ ਭਰੋਸਾ ਦਿਵਾਇਆ ਕਿ ਉਹ 2027 ਵਿੱਚ ਭਾਜਪਾ ਦਾ ਡੱਟ ਕੇ ਸਾਥ ਦੇਣਗੇ।
