ਬਟਾਲਾ, 26 ਅਕਤੂਬਰ:- ਫਾਇਰ ਅਤੇ ਐਮਰਜੈਂਸੀ ਸਰਵਿਸ ਬਟਾਲਾ ਵੱਲੋਂ ਜੀਵਨ ਅਤੇ ਮੁੱਢਲੀ ਅੱਗ ਸੁਰੱਖਿਆ ਵਿਸ਼ੇ ’ਤੇ ਕੈਂਪ ਲਗਾਇਆ ਗਿਆ। ਇਸ ਦਾ ਆਯੋਜਨ ਅਹਿਮਦੀਆ ਜਮਾਤ ਕਾਦੀਆਂ ਇੰਡੀਆ ਦੇ ਡਾਇਰੈਕਟਰ ਜਨਰਲ (ਅਫੇਅਰਜ਼) ਅਤਾਉਲ ਮੋਮਿਨ ਦੀ ਅਗਵਾਈ ਹੇਠ ਯੂਥ ਪ੍ਰੈਜ਼ੀਡੈਂਟ ਨਿਆਜ਼ ਅਹਿਮਦ ਨਾਇਕ ਵੱਲੋਂ ਨੌਜਵਾਨਾਂ ਦੇ ਸਾਲਾਨਾ ਇਕੱਠ-2026 ਦੌਰਾਨ ਕੀਤਾ ਗਿਆ। ਇਸ ਵਿੱਚ ਭਾਰਤ ਦੇ 20 ਰਾਜਾਂ ਤੋਂ ਤਕਰੀਬਨ 3,000 ਨੌਜਵਾਨ ਮੈਂਬਰਾਂ ਦੇ ਨਾਲ ਫਾਇਰ ਸਟੇਸ਼ਨ ਇੰਚਾਰਜ ਨੀਰਜ ਸ਼ਰਮਾ, ਹਰਬਖਸ਼ ਸਿੰਘ, ਸਿਵਲ ਡਿਫੈਂਸ ਦੇ ਨੁਮਾਇੰਦਿਆਂ ਅਤੇ ਫਾਇਰ ਫਾਈਟਰਾਂ ਨੇ ਹਿੱਸਾ ਲਿਆ।
ਪਹਿਲੇ ਸੈਸ਼ਨ ਦੌਰਾਨ ਅੱਗ ਲੱਗਣ ਦੇ ਕਾਰਨਾਂ, ਅੱਗ ਜਾਂ ਹੋਰ ਐਮਰਜੈਂਸੀ ਦੀ ਸਥਿਤੀ ਵਿੱਚ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਅਤੇ ਐਮਰਜੈਂਸੀ ਸਹਾਇਤਾ ਨੰਬਰ 112 ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਦੂਜੇ ਸੈਸ਼ਨ ਵਿੱਚ ਮੌਕ ਡਰਿੱਲ ਰਾਹੀਂ ਫਾਇਰ ਫਾਈਟਰਾਂ ਨੇ ਅੱਗ ਬੁਝਾਉਣ ਵਾਲੇ ਯੰਤਰਾਂ ਦੀ ਵਰਤੋਂ ਦਾ ਅਭਿਆਸ ਕਰਵਾਇਆ। ਇਸ ਦੌਰਾਨ PASS ਤਰੀਕੇ ਰਾਹੀਂ ABC ਅਤੇ CO₂ ਅੱਗ ਬੁਝਾਊ ਯੰਤਰਾਂ ਅਤੇ ਫਾਇਰ ਟੈਂਡਰ ਦੀ ਵਰਤੋਂ ਕਰਕੇ ਪ੍ਰਦਰਸ਼ਨ ਕੀਤਾ ਗਿਆ।
ਤੀਜੇ ਸੈਸ਼ਨ ਦੌਰਾਨ ਅੱਗ ਲੱਗਣ ਦੇ ਕਾਰਨਾਂ ਅਤੇ ਐਮਰਜੈਂਸੀ ਵੇਲੇ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ, ਇਸ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ ਗਏ। ਇਨ੍ਹਾਂ ਵਿੱਚ ਘਰੇਲੂ ਅੱਗ, ਘਰੇਲੂ ਗੈਸ ਨਾਲ ਲੱਗਣ ਵਾਲੀ ਅੱਗ ਅਤੇ ਬਿਜਲੀ ਦੇ ਉਪਕਰਨਾਂ ਨਾਲ ਸਬੰਧਤ ਸਵਾਲ ਸ਼ਾਮਲ ਸਨ। ਇਹ ਸੈਸ਼ਨ ਬਹੁਤ ਸਫ਼ਲ ਰਿਹਾ ਅਤੇ ਸਾਰਿਆਂ ਲਈ ਖਿੱਚ ਦਾ ਕੇਂਦਰ ਬਣਿਆ।
ਇਸ ਉਪਰੰਤ ਫਾਇਰ ਸਟੇਸ਼ਨ ਇੰਚਾਰਜ ਨੀਰਜ ਸ਼ਰਮਾ ਅਤੇ ਹਰਬਖਸ਼ ਸਿੰਘ ਨੇ ਸਿਵਲ ਡਿਫੈਂਸ ਦੀ ਜਾਣਕਾਰੀ ਅਤੇ ਸੁਰੱਖਿਆ ਦੇ ਗੁਰਾਂ ਬਾਰੇ ਇੱਕ ਕਿਤਾਬ ਹਾਜ਼ਰ ਅਹੁਦੇਦਾਰਾਂ ਨੂੰ ਲਾਇਬ੍ਰੇਰੀ ਲਈ ਭੇਟ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਹਰ ਨਾਗਰਿਕ ਨੂੰ ਪਹਿਲ ਦੇ ਆਧਾਰ ’ਤੇ ਸੁਰੱਖਿਆ ਦੇ ਜ਼ਰੂਰੀ ਗੁਰ ਸਿੱਖਣੇ ਚਾਹੀਦੇ ਹਨ। ਅੰਤ ਵਿੱਚ ਅਹਿਮਦੀਆ ਜਮਾਤ ਕਾਦੀਆਂ ਇੰਡੀਆ ਦੇ ਅਹੁਦੇਦਾਰਾਂ ਨੇ ਧੰਨਵਾਦ ਕੀਤਾ ਅਤੇ ਯਾਦਗਾਰੀ ਵਜੋਂ ਡਾਇਰੀਆਂ ਭੇਟ ਕੀਤੀਆਂ।
