ਨਵਾਂਸ਼ਹਿਰ (ਦੇਸ ਰਾਜ ਬਾਲੀ):- ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਦੇ ਹਿੱਸੇ ਵਜੋਂ 9 ਅਕਤੂਬਰ ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ 19 ਪਿੰਡਾਂ ਵਿੱਚ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ। ਇਸ ਮੁਹਿੰਮ ਦੌਰਾਨ ਪਿੰਡ ਰੱਖਿਆ ਕਮੇਟੀਆਂ ਨੇ ਸਰਗਰਮ ਭੂਮਿਕਾ ਨਿਭਾਉਂਦਿਆਂ ਪਿੰਡ ਵਾਸੀਆਂ ਨੂੰ ਨਸ਼ਿਆਂ ਵਿਰੁੱਧ ਇਕਜੁੱਟ ਹੋਣ ਅਤੇ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੇਰਿਤ ਕੀਤਾ।
ਇਹ ਜਾਗਰੂਕਤਾ ਮੁਹਿੰਮ ਮਹਿੰਦੀਪੁਰ, ਗੜ੍ਹੀ ਫਤਿਹ ਖਾਂ, ਚੱਕਦਾਨਾ, ਜਾਡਲਾ, ਜੱਬੋਵਾਲ, ਰੱਤੇਵਾਲ ਖੁਰਦ, ਸੂਰਾਪੁਰ, ਧੋਲ, ਬੇਲਾ ਤਾਜੋਵਾਲ, ਆਦੋਆਣਾ, ਜਲਾਲਪੁਰ, ਧਕਧਾਣਾ, ਥਾਨਵਾਲਾ, ਫਰਾਲਾ, ਸੰਧਵਾਂ, ਖੋਤਰਾਂ, ਨਾਗਰਾ, ਸਕੋਹਪੁਰ ਅਤੇ ਬਖਲੌਰ ਪਿੰਡਾਂ ਵਿੱਚ ਚਲਾਈ ਗਈ।
ਇਸ ਦੌਰਾਨ ਲੋਕਾਂ ਨੂੰ ਨਸ਼ਿਆਂ ਦੇ ਸਰੀਰਕ, ਮਾਨਸਿਕ ਅਤੇ ਸਮਾਜਿਕ ਨੁਕਸਾਨਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ, ਉਨ੍ਹਾਂ ਨੂੰ ਖੇਡਾਂ ਅਤੇ ਉਸਾਰੂ ਗਤੀਵਿਧੀਆਂ ਨਾਲ ਜੋੜਨ ਅਤੇ ਨਸ਼ਿਆਂ ਦੀ ਰੋਕਥਾਮ ਲਈ ਲੋਕਾਂ ਦੀ ਸਰਗਰਮ ਭਾਗੀਦਾਰੀ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ ਗਿਆ।
ਨਸ਼ਾ ਮੁਕਤੀ ਮੋਰਚਾ ਦੇ ਦੋਆਬਾ ਇੰਚਾਰਜ ਅਤਿਨ ਅਗਨੀਹੋਤਰੀ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਨੂੰ ਸਫ਼ਲ ਬਣਾਉਣ ਲਈ ਹਰ ਪਿੰਡ ਅਤੇ ਹਰ ਪਰਿਵਾਰ ਦੀ ਭਾਗੀਦਾਰੀ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਫੈਲਾਉਣ ਅਤੇ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਲਈ ਅੱਗੇ ਆਉਣ ਦੀ ਅਪੀਲ ਕੀਤੀ।
ਜ਼ਿਲ੍ਹਾ ਕੋਆਰਡੀਨੇਟਰ ਦਿਨੇਸ਼ ਸੂਰੀ ਨੇ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਲਈ ਲਗਾਤਾਰ ਜਾਗਰੂਕਤਾ, ਪਰਿਵਾਰਕ ਸਹਿਯੋਗ ਅਤੇ ਸਮਾਜਿਕ ਏਕਤਾ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਵੱਲ ਠੋਸ ਕਦਮ ਚੁੱਕੇ ਜਾ ਸਕਦੇ ਹਨ।
ਜ਼ਿਲ੍ਹਾ ਵਾਈਸ ਕੋਆਰਡੀਨੇਟਰ ਬਲਜੀਤ ਰਾਮ ਨੇ ਕਿਹਾ ਕਿ ਨੌਜਵਾਨ ਦੇਸ਼ ਅਤੇ ਸਮਾਜ ਦਾ ਭਵਿੱਖ ਹਨ, ਇਸ ਲਈ ਉਨ੍ਹਾਂ ਨੂੰ ਨਸ਼ਿਆਂ ਤੋਂ ਬਚਾਉਣਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਜਾਗਰੂਕਤਾ ਮੁਹਿੰਮ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ ਲੋੜਵੰਦ ਵਿਅਕਤੀਆਂ ਨੂੰ ਇਲਾਜ ਤੇ ਮੁੜ ਵਸੇਬੇ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ।
ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਹਿੱਸਾ ਬਣਨ ਅਤੇ ਪ੍ਰਸ਼ਾਸਨ, ਪਿੰਡ ਰੱਖਿਆ ਕਮੇਟੀਆਂ ਅਤੇ ਸਮਾਜਿਕ ਜਥੇਬੰਦੀਆਂ ਨਾਲ ਮਿਲ ਕੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਉਣ।
