ਸੰਗਰੂਰ, 12 ਸਤੰਬਰ:- ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਮਹਿਲਾ ਸਾਈਕਲਿੰਗ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸੰਗਰੂਰ ਵਿਖੇ ਕਰਵਾਈ ਜਾ ਰਹੀ ‘ਅਸਮਿਤਾ ਖੇਲੋ ਇੰਡੀਆ ਵੂਮੈਨਜ਼ ਸਟੇਟ ਲੀਗ (ਰੋਡ)-2026’ ਦੇ ਪਹਿਲੇ ਦਿਨ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੀਆਂ ਮਹਿਲਾ ਸਾਈਕਲਿਸਟਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇੰਡੀਵਿਜੁਅਲ ਟਾਈਮ ਟਰਾਇਲ ਦੇ ਮੁਕਾਬਲਿਆਂ ਦੌਰਾਨ ਖਿਡਾਰਨਾਂ ਨੇ ਆਪਣੀ ਸਰੀਰਕ ਸਮਰੱਥਾ, ਤਕਨੀਕੀ ਹੁਨਰ, ਦ੍ਰਿੜ੍ਹ ਇਰਾਦੇ ਅਤੇ ਖੇਡ ਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਪਹਿਲੇ ਦਿਨ ਹੋਏ ਵੂਮੈਨ ਐਲੀਟ ਵਰਗ ਦੇ 16 ਕਿਲੋਮੀਟਰ ਇੰਡੀਵਿਜੁਅਲ ਟਾਈਮ ਟਰਾਇਲ ਵਿੱਚ ਐਨ.ਆਈ.ਐਸ. ਪਟਿਆਲਾ ਦੀ ਭੂਮਿਕਾ ਨੇ 25 ਮਿੰਟ 32.751 ਸਕਿੰਟ ਦੇ ਸਮੇਂ ਨਾਲ ਸੋਨ ਤਗਮਾ ਆਪਣੇ ਨਾਮ ਕੀਤਾ, ਜਦਕਿ ਐਨ.ਆਈ.ਐਸ. ਪਟਿਆਲਾ ਦੀ ਖੋਇਰੋਮ ਰੇਜੀਆ ਦੇਵੀ ਨੇ 25 ਮਿੰਟ 39.146 ਸਕਿੰਟ ਦੇ ਸਮੇਂ ਨਾਲ ਚਾਂਦੀ ਦਾ ਤਗਮਾ ਹਾਸਲ ਕੀਤਾ। ਸੰਗਰੂਰ ਦੀ ਸਵਰੀਨ ਕੌਰ ਨੇ 36 ਮਿੰਟ 53.236 ਸਕਿੰਟ ਦੇ ਸਮੇਂ ਨਾਲ ਕਾਂਸੀ ਦਾ ਤਗਮਾ ਜਿੱਤ ਕੇ ਜ਼ਿਲ੍ਹੇ ਦਾ ਮਾਣ ਵਧਾਇਆ।
ਇਸੇ ਤਰ੍ਹਾਂ ਵੂਮੈਨ ਜੂਨੀਅਰ ਵਰਗ ਦੇ 8 ਕਿਲੋਮੀਟਰ ਇੰਡੀਵਿਜੁਅਲ ਟਾਈਮ ਟਰਾਇਲ ਵਿੱਚ ਗੁਰਦਾਸਪੁਰ ਦੀ ਏਕਦੀਪਜੋਤ ਕੌਰ ਨੇ 14 ਮਿੰਟ 18.278 ਸਕਿੰਟ ਦੇ ਸ਼ਾਨਦਾਰ ਸਮੇਂ ਨਾਲ ਸੋਨ ਤਗਮਾ ਜਿੱਤਿਆ। ਲੁਧਿਆਣਾ ਦੀ ਤਨਵੀਰ ਕੌਰ ਨੇ 14 ਮਿੰਟ 44.720 ਸਕਿੰਟ ਦੇ ਸਮੇਂ ਨਾਲ ਚਾਂਦੀ, ਜਦਕਿ ਲੁਧਿਆਣਾ ਦੀ ਪ੍ਰੀਤੀ ਨੇ 15 ਮਿੰਟ 09.319 ਸਕਿੰਟ ਦੇ ਸਮੇਂ ਨਾਲ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ।
ਇਸ ਮੌਕੇ ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਨੇ ਜੇਤੂ ਖਿਡਾਰਨਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪੰਜਾਬ ਦੀਆਂ ਧੀਆਂ ਹਰ ਖੇਤਰ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਰਹੀਆਂ ਹਨ ਅਤੇ ਖੇਡਾਂ ਦੇ ਖੇਤਰ ਵਿੱਚ ਵੀ ਉਨ੍ਹਾਂ ਨੇ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ‘ਅਸਮਿਤਾ ਖੇਲੋ ਇੰਡੀਆ ਵੂਮੈਨਜ਼ ਸਟੇਟ ਲੀਗ’ ਵਰਗੇ ਮੁਕਾਬਲੇ ਖਾਸ ਤੌਰ ’ਤੇ ਨੌਜਵਾਨ ਮਹਿਲਾ ਖਿਡਾਰਨਾਂ ਨੂੰ ਆਪਣੀ ਸਮਰੱਥਾ ਸਾਬਤ ਕਰਨ ਲਈ ਇੱਕ ਮਜ਼ਬੂਤ ਮੰਚ ਮੁਹੱਈਆ ਕਰਵਾਉਂਦੇ ਹਨ।
ਸ. ਈਲਵਾਲ ਨੇ ਕਿਹਾ ਕਿ ਖੇਡਾਂ ਸਿਰਫ਼ ਤਗਮੇ ਜਿੱਤਣ ਤੱਕ ਸੀਮਤ ਨਹੀਂ ਹੁੰਦੀਆਂ, ਸਗੋਂ ਇਹ ਨੌਜਵਾਨਾਂ ਦੇ ਸਮੁੱਚੇ ਵਿਅਕਤੀਤਵ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਖੇਡਾਂ ਨਾਲ ਜੁੜਿਆ ਨੌਜਵਾਨ ਅਨੁਸ਼ਾਸਨ, ਮਿਹਨਤ, ਟੀਚਾ ਨਿਰਧਾਰਤ ਕਰਨ, ਟੀਮ ਭਾਵਨਾ ਅਤੇ ਮੁਸ਼ਕਲ ਹਾਲਾਤ ਵਿੱਚ ਡਟੇ ਰਹਿਣ ਵਰਗੇ ਗੁਣ ਸਿੱਖਦਾ ਹੈ। ਉਨ੍ਹਾਂ ਨੇ ਸਮੂਹ ਖਿਡਾਰਨਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਜਿੱਤ-ਹਾਰ ਤੋਂ ਉੱਪਰ ਉੱਠ ਕੇ ਖੇਡ ਭਾਵਨਾ ਨਾਲ ਮੁਕਾਬਲੇ ਵਿੱਚ ਹਿੱਸਾ ਲੈਣਾ ਆਪਣੇ ਆਪ ਵਿੱਚ ਵੱਡੀ ਪ੍ਰਾਪਤੀ ਹੈ।
ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਐਸੋਸੀਏਸ਼ਨ ਦਾ ਮੁੱਖ ਉਦੇਸ਼ ਪੰਜਾਬ ਵਿੱਚ ਸਾਈਕਲਿੰਗ ਨੂੰ ਜ਼ਮੀਨੀ ਪੱਧਰ ਤੋਂ ਮਜ਼ਬੂਤ ਕਰਨਾ ਅਤੇ ਸੂਬੇ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਛੁਪੀ ਪ੍ਰਤਿਭਾ ਦੀ ਪਛਾਣ ਕਰਕੇ ਉਸ ਨੂੰ ਅੱਗੇ ਵਧਣ ਦੇ ਢੁੱਕਵੇਂ ਮੌਕੇ ਮੁਹੱਈਆ ਕਰਵਾਉਣਾ ਹੈ।
ਉਨ੍ਹਾਂ ਕਿਹਾ ਕਿ ਵਿਸ਼ੇਸ਼ ਤੌਰ ’ਤੇ ਮਹਿਲਾ ਸਾਈਕਲਿੰਗ ਦੇ ਖੇਤਰ ਵਿੱਚ ਪੰਜਾਬ ਕੋਲ ਬੇਹੱਦ ਪ੍ਰਤਿਭਾ ਮੌਜੂਦ ਹੈ। ਲੋੜ ਇਸ ਗੱਲ ਦੀ ਹੈ ਕਿ ਹੋਣਹਾਰ ਖਿਡਾਰਨਾਂ ਨੂੰ ਛੋਟੀ ਉਮਰ ਤੋਂ ਹੀ ਨਿਯਮਤ ਮੁਕਾਬਲੇ, ਤਕਨੀਕੀ ਸਿਖਲਾਈ ਅਤੇ ਉੱਚ ਪੱਧਰੀ ਖੇਡ ਮਾਹੌਲ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਅਸਮਿਤਾ ਖੇਲੋ ਇੰਡੀਆ ਵੂਮੈਨਜ਼ ਲੀਗ ਇਸ ਦਿਸ਼ਾ ਵਿੱਚ ਬੇਹੱਦ ਮਹੱਤਵਪੂਰਨ ਪਹਿਲ ਹੈ, ਕਿਉਂਕਿ ਇਸ ਰਾਹੀਂ ਖਿਡਾਰਨਾਂ ਨੂੰ ਆਪਣੀ ਪ੍ਰਤਿਭਾ ਪਰਖਣ ਦੇ ਨਾਲ-ਨਾਲ ਮੁਕਾਬਲੇ ਦਾ ਕੀਮਤੀ ਤਜਰਬਾ ਵੀ ਹਾਸਲ ਹੁੰਦਾ ਹੈ।
ਸ. ਕਾਹਲੋਂ ਨੇ ਕਿਹਾ ਕਿ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦਾ ਯਤਨ ਹੈ ਕਿ ਸੂਬੇ ਵਿੱਚ ਵੱਧ ਤੋਂ ਵੱਧ ਸਾਈਕਲਿੰਗ ਮੁਕਾਬਲੇ ਕਰਵਾਏ ਜਾਣ ਅਤੇ ਸਕੂਲਾਂ ਤੇ ਪਿੰਡ ਪੱਧਰ ਤੋਂ ਪ੍ਰਤਿਭਾਸ਼ਾਲੀ ਖਿਡਾਰੀਆਂ ਦੀ ਪਛਾਣ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਾਈਕਲਿੰਗ ਵਿੱਚ ਪੰਜਾਬ ਦੇ ਖਿਡਾਰੀਆਂ ਕੋਲ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਵੱਡੀਆਂ ਪ੍ਰਾਪਤੀਆਂ ਕਰਨ ਦੀ ਸਮਰੱਥਾ ਹੈ ਅਤੇ ਇਸ ਲਈ ਉਨ੍ਹਾਂ ਨੂੰ ਵਿਗਿਆਨਕ ਸਿਖਲਾਈ ਅਤੇ ਨਿਯਮਤ ਮੁਕਾਬਲਿਆਂ ਨਾਲ ਜੋੜਨਾ ਬੇਹੱਦ ਜ਼ਰੂਰੀ ਹੈ।
ਆਰਗੇਨਾਈਜ਼ਿੰਗ ਕਮੇਟੀ ਦੇ ਚੇਅਰਮੈਨ ਅਤੇ ਅਧਿਆਪਕ ਜਗਦੀਸ਼ ਸਿੰਘ ਅਤੇ ਸਕੱਤਰ ਜਸਵੀਰ ਸਿੰਘ ਨੇ ਕਿਹਾ ਕਿ ਕਿਸੇ ਵੀ ਖਿਡਾਰੀ ਦੀ ਕਾਮਯਾਬੀ ਪਿੱਛੇ ਲਗਾਤਾਰ ਮਿਹਨਤ, ਅਨੁਸ਼ਾਸਨ ਅਤੇ ਸਹੀ ਮਾਰਗਦਰਸ਼ਨ ਦੀ ਅਹਿਮ ਭੂਮਿਕਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਅਤੇ ਮਾਪਿਆਂ ਨੂੰ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਹਿੱਸਾ ਲੈਣ ਲਈ ਵੀ ਉਤਸ਼ਾਹਿਤ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਖਾਸ ਤੌਰ ’ਤੇ ਲੜਕੀਆਂ ਨੂੰ ਖੇਡਾਂ ਵਿੱਚ ਅੱਗੇ ਲਿਆਉਣ ਲਈ ਪਰਿਵਾਰ, ਸਕੂਲ ਅਤੇ ਸਮਾਜ ਦਾ ਸਹਿਯੋਗ ਬੇਹੱਦ ਜ਼ਰੂਰੀ ਹੈ। ਲੀਗ ਵਿੱਚ ਖਿਡਾਰਨਾਂ ਵੱਲੋਂ ਦਿਖਾਇਆ ਗਿਆ ਉਤਸ਼ਾਹ ਪੰਜਾਬ ਵਿੱਚ ਮਹਿਲਾ ਸਾਈਕਲਿੰਗ ਦੇ ਸੁਨਹਿਰੇ ਭਵਿੱਖ ਦਾ ਸੰਕੇਤ ਹੈ।
ਇਸ ਦੌਰਾਨ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੀਆਂ ਮਹਿਲਾ ਸਾਈਕਲਿਸਟਾਂ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਅਜਿਹੇ ਰਾਜ ਪੱਧਰੀ ਮੁਕਾਬਲੇ ਉਨ੍ਹਾਂ ਲਈ ਬੇਹੱਦ ਮਹੱਤਵਪੂਰਨ ਹਨ। ਇਨ੍ਹਾਂ ਮੁਕਾਬਲਿਆਂ ਰਾਹੀਂ ਉਨ੍ਹਾਂ ਨੂੰ ਆਪਣੀ ਤਿਆਰੀ ਅਤੇ ਸਮਰੱਥਾ ਪਰਖਣ ਦੇ ਨਾਲ-ਨਾਲ ਹੋਰਨਾਂ ਬਿਹਤਰੀਨ ਖਿਡਾਰਨਾਂ ਨਾਲ ਮੁਕਾਬਲਾ ਕਰਨ ਦਾ ਮੌਕਾ ਮਿਲਦਾ ਹੈ। ਇਸ ਨਾਲ ਉਨ੍ਹਾਂ ਦਾ ਆਤਮ-ਵਿਸ਼ਵਾਸ ਵਧਦਾ ਹੈ ਅਤੇ ਆਪਣੀਆਂ ਕਮੀਆਂ ਨੂੰ ਪਛਾਣ ਕੇ ਅਗਲੇ ਮੁਕਾਬਲਿਆਂ ਲਈ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਮਿਲਦੀ ਹੈ।
ਖਿਡਾਰਨਾਂ ਨੇ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਅਤੇ ਪ੍ਰਬੰਧਕੀ ਕਮੇਟੀ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਹਿਲਾ ਖਿਡਾਰਨਾਂ ਲਈ ਨਿਰੰਤਰ ਅਜਿਹੇ ਮੁਕਾਬਲੇ ਕਰਵਾਏ ਜਾਣੇ ਚਾਹੀਦੇ ਹਨ ਤਾਂ ਜੋ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਵੱਧ ਤੋਂ ਵੱਧ ਮੌਕੇ ਮਿਲ ਸਕਣ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਟੀਚਾ ਪੰਜਾਬ ਅਤੇ ਦੇਸ਼ ਦੀ ਨੁਮਾਇੰਦਗੀ ਕਰਦਿਆਂ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਤਗਮੇ ਜਿੱਤਣਾ ਹੈ।
ਪ੍ਰਬੰਧਕਾਂ ਨੇ ਦੱਸਿਆ ਕਿ 12 ਸਤੰਬਰ ਨੂੰ ਇੰਡੀਵਿਜੁਅਲ ਟਾਈਮ ਟਰਾਇਲ ਤਹਿਤ ਵੂਮੈਨ ਐਲੀਟ ਲਈ 16 ਕਿਲੋਮੀਟਰ ਅਤੇ ਵੂਮੈਨ ਜੂਨੀਅਰ ਲਈ 8 ਕਿਲੋਮੀਟਰ ਦੇ ਮੁਕਾਬਲੇ ਕਰਵਾਏ ਗਏ। ਉਨ੍ਹਾਂ ਦੱਸਿਆ ਕਿ 13 ਸਤੰਬਰ ਨੂੰ ਰੋਡ ਰੇਸ (ਮਾਸ ਸਟਾਰਟ) ਦੇ ਮੁਕਾਬਲੇ ਕਰਵਾਏ ਜਾਣਗੇ।
ਪ੍ਰਬੰਧਕਾਂ ਨੇ ਕਿਹਾ ਕਿ ਇਸ ਲੀਗ ਦਾ ਮਕਸਦ ਸਿਰਫ਼ ਜੇਤੂ ਖਿਡਾਰਨਾਂ ਦੀ ਚੋਣ ਕਰਨਾ ਨਹੀਂ, ਸਗੋਂ ਪੰਜਾਬ ਦੀਆਂ ਵੱਧ ਤੋਂ ਵੱਧ ਧੀਆਂ ਨੂੰ ਸਾਈਕਲਿੰਗ ਨਾਲ ਜੋੜਨਾ, ਉਨ੍ਹਾਂ ਅੰਦਰ ਖੇਡਾਂ ਪ੍ਰਤੀ ਵਿਸ਼ਵਾਸ ਪੈਦਾ ਕਰਨਾ ਅਤੇ ਭਵਿੱਖ ਲਈ ਕੌਮੀ ਤੇ ਕੌਮਾਂਤਰੀ ਪੱਧਰ ਦੀਆਂ ਖਿਡਾਰਨਾਂ ਤਿਆਰ ਕਰਨ ਵਾਸਤੇ ਮਜ਼ਬੂਤ ਆਧਾਰ ਸਿਰਜਣਾ ਹੈ।
ਇਸ ਮੌਕੇ ਸਾਈਕਲਿੰਗ ਕੋਚ ਮਨੋਜ ਦੂਆ, ਕੁਲਦੀਪ ਸਿੰਘ ਬਿਜਲਪੁਰ, ਨਰਿੰਦਰ ਪਾਲ ਸਿੰਘ ਗਿੱਲ, ਕਮਲਪ੍ਰੀਤ ਸਿੰਘ ਕਪਿਆਲ, ਰਜੇਸ਼ ਕੁਮਾਰ ਬਾਰਨ, ਲਵਦੀਪ ਚੀਮਾ, ਅਤੇ ਗੁਰਵਿੰਦਰ ਸਿੰਘ ਗੱਗੂ ਸਮੇਤ ਵੱਡੀ ਗਿਣਤੀ ਵਿੱਚ ਖਿਡਾਰੀ ਅਤੇ ਦਰਸ਼ਕ ਹਾਜ਼ਰ ਸਨ।
ਅਸਮਿਤਾ ਖੇਲੋ ਇੰਡੀਆ ਵੂਮੈਨਜ਼ ਸਟੇਟ ਲੀਗ ਮਹਿਲਾ ਖਿਡਾਰਨਾਂ ਨੂੰ ਅੱਗੇ ਵਧਣ ਲਈ ਦੇ ਰਹੀ ਵੱਡਾ ਮੰਚ ਅਵਤਾਰ ਸਿੰਘ ਈਲਵਾਲ
