ਬਲਾਚੌਰ, 20 ਨਵੰਬਰ (ਜਤਿੰਦਰਪਾਲ ਸਿੰਘ ਕਲੇਰ) : ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 90 ਦਿਨਾਂ ਵਿੱਚ ਮੁਕੰਮਲ ਹੋਣ ਦੀ ਸੰਭਾਵਨਾ ਹੈ ਤੇ ਸਾਰੀਆਂ ਰਾਜਨੀਤਿਕ ਧਿਰਾਂ ਚੋਣਾਂ ਜਿੱਤਣ ਲਈ ਵੱਖ-ਵੱਖ ਢੰਗ ਤਰੀਕੇ ਵਰਤ ਰਹੀਆਂ ਹਨ। ਮਹਿੰਗਾਈ ਨਾਲ ਝੰਬੀ ਜਨਤਾ ਇਨ੍ਹਾਂ ਲੋਕਾਂ ਦੀਆਂ ਪਿਛਲੇ ਸਾਲਾਂ ਦੀਆਂ ਕਾਰਗੁਜ਼ਾਰੀਆਂ ਅਤੇ ਆਪਣੇ-ਆਪਣੇ ਮੁੱਦਿਆਂ ਤੇ ਸੰਘਰਸ਼ਾਂ ਦੇ ਸਿੱਟਿਆਂ ਤੇ ਵਿਚਾਰ ਕਰ ਰਹੀ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮੰਚ ਪੰਜਾਬ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕੀਤਾ।
ਰਾਜ ਕਰ ਚੁੱਕੀਆਂ ਪਾਰਟੀਆਂ ਤੇ ਤਿੱਖਾ ਤੰਜ
ਉਨ੍ਹਾਂ ਤੰਜ ਕੱਸਦੇ ਹੋਏ ਕਿਹਾ ਕਿ ਰਾਜ ਕਰ ਚੁੱਕੀਆਂ ਪਾਰਟੀਆਂ ਸ਼ਕਤੀ ਪ੍ਰਦਰਸ਼ਨਾਂ ਅਤੇ ਲੋਕ ਮਿਲਣੀਆਂ ਰਾਹੀਂ ਲੋਕਾਂ ਨੂੰ ਭਰਮਾ ਰਹੀਆਂ ਹਨ, ਪਰ ਪਿਛਲੇ 5 ਸਾਲਾਂ ਦੌਰਾਨ ਲੋਕ ਮੁੱਦਿਆਂ ਲਈ ਚੱਲ ਰਹੇ ਸੰਘਰਸ਼ਾਂ ਵਿੱਚ ਪਾਏ ਆਪਣੇ ਯੋਗਦਾਨ ਬਾਰੇ ਖਾਮੋਸ਼ ਹਨ।
ਇਨ੍ਹਾਂ ਰਾਜ ਕਰਦੀਆਂ ਪਾਰਟੀਆਂ ਵੱਲੋਂ ਸ਼ਕਤੀ ਪ੍ਰਦਰਸ਼ਨਾਂ ਦੇ ਵੱਖ-ਵੱਖ ਸਰੂਪ, ਵੱਡੀ ਭੀੜ ਇਕੱਠੀ ਕਰਨਾ, ਦੂਜੀਆਂ ਪਾਰਟੀਆਂ ਦੇ ਆਗੂਆਂ ਦੀ ਦਲ ਬਦਲੀ ਕਰਵਾਉਣਾ ਅਤੇ ਝੂਠੇ ਪ੍ਰਚਾਰ ਤੇ ਇਸ਼ਤਿਹਾਰਾਂ ਤੇ ਧਨ ਖਰਚ ਕਰਨਾ ਹੈ।
ਲੋਕ ਮੁੱਦਿਆਂ ਤੇ ਕੋਈ ਰੋਡ ਮੈਪ ਨਹੀਂ
ਸਾਥੀ ਰਾਣਾ ਨੇ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ ਕਿ ਪੂੰਜੀਪਤੀ ਕਾਰਪੋਰੇਟਾਂ ਪੱਖੀ ਪਾਰਟੀਆਂ ਦੇ ਸ਼ਕਤੀ ਪ੍ਰਦਰਸ਼ਨਾਂ ਵਿੱਚ ਰੋਜ਼ਗਾਰ ਪ੍ਰਾਪਤੀ, ਸਰਕਾਰੀ ਵਿੱਦਿਆ ਤੇ ਸਿਹਤ ਸੇਵਾਵਾਂ ਅਤੇ ਭ੍ਰਿਸ਼ਟਾਚਾਰ ਰੋਕਣ ਲਈ ਕੋਈ ਰੋਡ ਮੈਪ ਨਹੀਂ ਹੈ।
ਇਸੇ ਤਰ੍ਹਾਂ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਮਨਰੇਗਾ ਕਾਮਿਆਂ ਵੱਲੋਂ ਚੱਲ ਰਹੇ ਸੰਘਰਸ਼ਾਂ ਦੀਆਂ ਮੰਗਾਂ ਦੀ ਪੂਰਤੀ ਲਈ ਕੋਈ ਜ਼ਿਕਰ ਨਹੀਂ ਹੈ। ਇਹ ਪਾਰਟੀਆਂ ਝੂਠੇ ਸ਼ਕਤੀ ਪ੍ਰਦਰਸ਼ਨ ਕਰਕੇ ਲੋਕਾਂ ਦੀਆਂ ਵੋਟਾਂ ਲੁੱਟਣੀਆਂ ਚਾਹੁੰਦੀਆਂ ਹਨ।
ਪਾਰਟੀਆਂ ਜਾਂ ਬੰਦੇ ਬਦਲਣ ਨਾਲ ਭਲਾ ਨਹੀਂ ਹੋਣਾ
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਲੋਕ ਪੱਖ ਵਿੱਚ ਨੀਤੀਆਂ ਬਦਲੇ ਬਿਨਾਂ ਲੋਕਾਂ ਦਾ ਭਲਾ ਨਹੀਂ ਹੋ ਸਕਦਾ, ਜਿਸਦਾ ਸਿਰਫ਼ ਰਾਹ ਜਨ ਅੰਦੋਲਨਾਂ ਹੀ ਹਨ। ਪਾਰਟੀਆਂ ਜਾਂ ਬੰਦੇ ਬਦਲ ਕੇ ਲੋਕ ਪੱਖੀ ਨੀਤੀਆਂ ਦਾ ਨਿਰਮਾਣ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਜਨ ਅੰਦੋਲਨਾਂ ਨੂੰ ਵਿਸ਼ਾਲ ਅਤੇ ਮਜ਼ਬੂਤ ਬਣਾਇਆ ਜਾਵੇ।
