ਅੰਬਾਲਾ, 20 ਨਵੰਬਰ (ਆਰ.ਸਿੰਘ):- ਜ਼ਿਲ੍ਹਾ ਬਾਲ ਭਲਾਈ ਪ੍ਰੀਸ਼ਦ ਅੰਬਾਲਾ ਦੀ ਅਗਵਾਈ ਹੇਠ ਅੱਜ "ਅੰਤਰ ਰਾਸ਼ਟਰੀ ਬਾਲ ਦਿਵਸ-2026" ਮਨਾਉਣ ਲਈ ਕੁਮਾਰੀ ਰੁਕਮਣੀ ਦੇਵੀ ਹਾਲ ਅੰਬਾਲਾ ਛਾਉਣੀ ਵਿਖੇ ਸਾਲਾਨਾ ਸਮਾਗਮ, ਇਨਾਮ ਵੰਡ ਅਤੇ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਐਸਡੀਐਮ ਅੰਬਾਲਾ ਛਾਉਣੀ, ਸ਼੍ਰੀਮਤੀ ਕਨਿਕਾ ਗੋਇਲ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

ਜ਼ਿਲ੍ਹਾ ਬਾਲ ਭਲਾਈ ਅਧਿਕਾਰੀ ਨੇ ਸਵਾਗਤੀ ਭਾਸ਼ਣ ਦਿੱਤਾ ਅਤੇ ਪ੍ਰੋਗਰਾਮ ਦੀ ਰੂਪ-ਰੇਖਾ ਪੇਸ਼ ਕੀਤੀ। ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਮੁੱਖ ਮਹਿਮਾਨ ਸ਼੍ਰੀਮਤੀ ਕਨਿਕਾ ਗੋਇਲ ਨੇ ਬਾਲ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਬੱਚੇ ਸਮਾਜ ਅਤੇ ਦੇਸ਼ ਦੀ ਸਭ ਤੋਂ ਕੀਮਤੀ ਸੰਪਤੀ ਹਨ। ਬਾਲ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਬੱਚਿਆਂ ਨੂੰ ਇੱਕ ਸੁਰੱਖਿਅਤ, ਸਕਾਰਾਤਮਿਕ ਅਤੇ ਪ੍ਰੇਰਨਾਦਾਇਕ ਵਾਤਾਵਰਣ ਪ੍ਰਦਾਨ ਕੀਤਾ ਜਾਵੇ ਜਿੱਥੇ ਉਹ ਬਿਨਾਂ ਕਿਸੇ ਡਰ ਜਾਂ ਝਿਜਕ ਦੇ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਣ, ਆਪਣੀ ਪ੍ਰਤਿਭਾ ਨੂੰ ਨਿਖਾਰ ਸਕਣ ਅਤੇ ਸੰਵੇਦਨਸ਼ੀਲ, ਜ਼ਿੰਮੇਵਾਰ ਅਤੇ ਆਤਮਵਿਸ਼ਵਾਸੀ ਨਾਗਰਿਕ ਬਣ ਸਕਣ।

ਉਨ੍ਹਾਂ ਦੱਸਿਆ ਕਿ ਇਸ ਸਾਲ ਜ਼ਿਲ੍ਹਾ ਪੱਧਰੀ ਬਾਲ ਦਿਵਸ ਮੁਕਾਬਲੇ 2026 ਲਈ ਰਜਿਸਟ੍ਰੇਸ਼ਨ ਵੈੱਬਸਾਈਟ ambalabalbhawan.com ਰਾਹੀਂ ਔਨਲਾਈਨ ਕਰਵਾਈ ਗਈ ਸੀ। ਕੁੱਲ 3,841 ਬੱਚਿਆਂ ਨੇ ਵੱਖ ਵੱਖ ਉਮਰ ਸਮੂਹਾਂ ਵਿੱਚ 18 ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲਿਆ। ਇਨ੍ਹਾਂ ਵਿਚ 818 ਸਰਕਾਰੀ ਸਕੂਲਾਂ ਦੇ ਬੱਚੇ ਸਨ। ਸਮਾਰੋਹ ਦੌਰਾਨ 584 ਜੇਤੂਆਂ ਨੂੰ ਪਹਿਲੇ, ਦੂਜੇ, ਤੀਜੇ ਅਤੇ ਦਿਲਾਸੇ ਵਾਲੇ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਸਕੂਲੀ ਬੱਚਿਆਂ ਨੇ ਸਮਾਗਮ ਦੌਰਾਨ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ।

ਇਸ ਮੌਕੇ 'ਤੇ, ਮੁਕਾਬਲਿਆਂ ਦੇ ਸਫਲ ਆਯੋਜਨ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਪੰਜ ਪ੍ਰਮੁੱਖ ਸਮਾਜ ਸੇਵਕਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਪ੍ਰੀਸ਼ਦ ਦੇ ਜੀਵਨ ਮੈਂਬਰਾਂ, 18 ਮੈਂਬਰੀ ਜਿਊਰੀ ਅਤੇ ਪੀ.ਆਰ.ਜੇ. ਪੁਲੀਸ ਡੀਏਵੀ ਪਬਲਿਕ ਸਕੂਲ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਕੁਝ ਜੱਜਾਂ ਵਿਚ ਇਸ ਗੱਲ ਨੂੰ ਲੈ ਕੇ ਬੁੜਬੁੜਾਹਟ ਵੀ ਹੋਈ ਕਿ ਉਨ੍ਹਾਂ ਦਾ ਮਾਣ-ਸਤਿਕਾਰ ਉਸ ਤਰ੍ਹਾਂ ਨਹੀਂ ਕੀਤਾ ਗਿਆ ਜਿਸ ਤਰ੍ਹਾਂ ਹੋਣਾ ਚਾਹੀਦਾ ਹੈ।

ਓਵਰ ਆਲ ਟਰਾਫ਼ੀ ਪੁਲੀਸ ਡੀਏਵੀ ਨੇ ਜਿੱਤੀ

ਪੁਲੀਸ ਡੀਏਵੀ ਪਬਲਿਕ ਸਕੂਲ, ਅੰਬਾਲਾ ਸਿਟੀ ਦੇ ਪ੍ਰਿੰਸੀਪਲ ਡਾ. ਵਿਕਾਸ ਕੋਹਲੀ ਨੇ ਮੀਡੀਆ ਦੇ ਨਾਂ ਪ੍ਰੈੱਸ ਨੋਟ ਜਾਰੀ ਕਰਕੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਬੱਚਿਆਂ ਨੇ ਜ਼ਿਲ੍ਹਾ ਬਾਲ ਭਲਾਈ ਪ੍ਰੀਸ਼ਦ (ਡੀਸੀਸੀ), ਬਾਲ ਭਵਨ, ਅੰਬਾਲਾ ਸਿਟੀ ਦੁਆਰਾ ਆਯੋਜਿਤ ਵੱਖ-ਵੱਖ ਮੁਕਾਬਲਿਆਂ ਵਿੱਚ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ। 108 ਵਿਦਿਆਰਥੀਆਂ ਨੇ ਪੁਰਸਕਾਰ ਅਤੇ ਓਵਰਆਲ ਟਰਾਫ਼ੀ ਪ੍ਰਾਪਤ ਕੀਤੀ ਜਿਸ ਨਾਲ ਸਕੂਲ ਦਾ ਮਾਣ ਵਧਿਆ ਹੈ। ਪੁਲੀਸ ਡੀਏਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ, ਸਖ਼ਤ ਮਿਹਨਤ ਅਤੇ ਸਮਰਪਣ ਦਾ ਪ੍ਰਦਰਸ਼ਨ ਕਰਦੇ ਹੋਏ ਵੱਖ-ਵੱਖ ਮੁਕਾਬਲਿਆਂ ਵਿੱਚ ਇਨਾਮ ਜਿੱਤੇ ਅਤੇ ਓਵਰਆਲ ਟਰਾਫ਼ੀ 'ਤੇ ਕਬਜ਼ਾ ਕੀਤਾ। ਸਕੂਲ ਦੇ 22 ਬੈਗ ਪਾਈਪਰ ਬੈਂਡ ਮੈਂਬਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਦਰਸ਼ਕਾਂ ਦੀਆਂ ਤਾੜੀਆਂ ਜਿੱਤੀਆਂ ਅਤੇ ਆਪਣੇ ਪ੍ਰਭਾਵਸ਼ਾਲੀ ਪ੍ਰਦਰਸ਼ਨਾਂ ਨਾਲ ਸਾਰਿਆਂ ਨੂੰ ਮੋਹਿਤ ਕੀਤਾ।

ਡਾ. ਕੋਹਲੀ ਨੇ ਕਿਹਾ ਕਿ ਇਹ ਜਿੱਤ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਅਧਿਆਪਕਾਂ ਦੇ ਸਮਰਪਣ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ। ਪੁਲੀਸ ਡੀਏਵੀ ਪਬਲਿਕ ਸਕੂਲ ਦੀ ਪ੍ਰਾਪਤੀ ਇੱਕ ਵਾਰ ਫਿਰ ਦਰਸਾਉਂਦੀ ਹੈ ਕਿ ਸਕੂਲ ਅਕਾਦਮਿਕ ਦੇ ਨਾਲ-ਨਾਲ ਸਭਿਆਚਾਰਕ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਵਿੱਚ ਉੱਤਮਤਾ ਦੇ ਨਵੇਂ ਮਾਪਦੰਡ ਸਥਾਪਤ ਕਰ ਰਿਹਾ ਹੈ।