ਪਟਿਆਲਾ / ਸਮਾਣਾ / ਪਾਤੜਾਂ (ਮਨਪ੍ਰੀਤ ਸਿੰਘ):- ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੀ ਜ਼ਿਲ੍ਹਾ ਪਟਿਆਲਾ ਇਕਾਈ ਦੀ ਮੀਟਿੰਗ ਗਾਜੇਵਾਸ ਵਿਖੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਛੰਨਾ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜਨਕ ਸਿੰਘ ਭੁਟਾਲ, ਜਗਤਾਰ ਕਾਲਾਝਾੜ ਅਤੇ ਅਮਰੀਕ ਸਿੰਘ ਗੰਧੂਆਂ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।

ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਜਨਰਲ ਸਕੱਤਰ ਸੁਖਮਿੰਦਰ ਸਿੰਘ ਬਰਨ ਨੇ ਦੱਸਿਆ ਕਿ ਪਾਤੜਾਂ ਬਲਾਕ ਦੇ ਪ੍ਰਧਾਨ ਅਮਰੀਕ ਸਿੰਘ ਘੱਗਾ ਕਾਫ਼ੀ ਸਮੇਂ ਤੋਂ ਜਥੇਬੰਦੀ ਵਿਰੋਧੀ ਗਤੀਵਿਧੀਆਂ ਕਰ ਰਹੇ ਸਨ। ਉਹ ਜਥੇਬੰਦਕ ਸੰਸਥਾਵਾਂ ਵਿਰੁੱਧ ਪ੍ਰਚਾਰ ਕਰਕੇ ਜਥੇਬੰਦੀ ਦੇ ਅਕਸ ਨੂੰ ਨੁਕਸਾਨ ਪਹੁੰਚਾ ਰਹੇ ਸਨ। ਇਸ ’ਤੇ ਕਾਰਵਾਈ ਕਰਦਿਆਂ ਮੀਟਿੰਗ ਵਿੱਚ ਸਰਬਸੰਮਤੀ ਨਾਲ ਉਨ੍ਹਾਂ ਨੂੰ ਬਲਾਕ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਅਤੇ ਜਥੇਬੰਦੀ ਦੀ ਮੁੱਢਲੀ ਮੈਂਬਰਸ਼ਿਪ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਗਿਆ। ਹੁਣ ਉਗਰਾਹਾਂ ਜਥੇਬੰਦੀ ਦਾ ਉਨ੍ਹਾਂ ਨਾਲ ਕੋਈ ਜਥੇਬੰਦਕ ਸਬੰਧ ਨਹੀਂ ਰਹੇਗਾ।

ਇੱਕ ਹੋਰ ਮਤੇ ਰਾਹੀਂ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਗਿਆ। ਆਗੂਆਂ ਨੇ ਸਪੱਸ਼ਟ ਕੀਤਾ ਕਿ ਜਥੇਬੰਦੀ ਦੇ ਵਿਧਾਨ ਅਤੇ ਜਥੇਬੰਦਕ ਲੀਹ ਦੇ ਉਲਟ ਕਾਰਵਾਈ ਕਰਨ ਵਾਲੇ ਕਿਸੇ ਵੀ ਆਗੂ ਲਈ ਜਥੇਬੰਦੀ ਵਿੱਚ ਕੋਈ ਥਾਂ ਨਹੀਂ ਹੋਵੇਗੀ।

ਮੀਟਿੰਗ ਵਿੱਚ ਉਕਤ ਆਗੂਆਂ ਤੋਂ ਇਲਾਵਾ ਜਗਮੇਲ ਸਿੰਘ ਗਾਜੇਵਾਸ, ਬਲਰਾਜ ਜੋਸ਼ੀ, ਭਰਪੂਰ ਸਿੰਘ ਗਾਜੇਵਾਸ, ਜਸਵਿੰਦਰ ਸਿੰਘ ਬਿਸ਼ਨਪੁਰਾ, ਬਲਜੀਤ ਸਿੰਘ, ਜਸਵਿੰਦਰ ਸਿੰਘ ਸਾਲੂਵਾਲ, ਦਵਿੰਦਰ ਸਿੰਘ ਸੀਲ, ਗੁਰਮੁਖ ਸਿੰਘ ਹਰਪਾਲਾ, ਵਰਿੰਦਰ ਸਿੰਘ ਕਕਰਾਲਾ, ਅਵਤਾਰ ਸਿੰਘ ਬੁਰੜ, ਗੁਰਮੁਖ ਸਿੰਘ ਕਲਵਾਣੂ, ਅਜੈਬ ਸਿੰਘ ਦਫ਼ਤਰੀਵਾਲਾ, ਬਲਮ ਸਿੰਘ ਨਿਆਲ, ਲਾਭ ਸਿੰਘ ਬਰਾਸ, ਅਮਰੀਕ ਸਿੰਘ ਘੱਗਾ, ਪ੍ਰੇਮ ਲਲੋਛੀ, ਸੁਖਵਿੰਦਰ ਸੁੱਖਾ ਸਵਾਜਪੁਰ, ਹਰਪ੍ਰੀਤ ਸਿੰਘ ਕਾਲਾ ਗਾਜੇਵਾਸ, ਜਸਵਿੰਦਰ ਸਿੰਘ ਬਰਾਸ, ਹਰਦੇਵ ਸਿੰਘ ਘੱਗਾ ਤੋਂ ਇਲਾਵਾ ਪਿੰਡ ਪੱਧਰ ਦੇ ਹੋਰ ਆਗੂ ਵੀ ਸ਼ਾਮਲ ਹੋਏ।