ਚੰਡੀਗੜ੍ਹ:- ਬੌਲੀਵੁੱਡ ਦੇ ਉੱਘੇ ਅਦਾਕਾਰ ਅਮਿਤਾਭ ਬੱਚਨ ਅਤੇ ਉਨ੍ਹਾਂ ਦੇ ਪੁੱਤਰ ਅਭਿਸ਼ੇਕ ਬੱਚਨ ਨੂੰ ਗੈਂਗਸਟਰ ਗੋਲਡੀ ਢਿੱਲੋਂ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਗੈਂਗਸਟਰ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਕਿਹਾ ਹੈ ਕਿ ਦੋਵੇਂ ਆਪਣੀ ਸੁਰੱਖਿਆ ਲਈ ਭਾਵੇਂ ਕਿੰਨੇ ਵੀ ਬੁਲੇਟਪਰੂਫ਼ ਕੈਬਿਨ ਬਣਵਾ ਲੈਣ, ਉਹ ਉਨ੍ਹਾਂ ਨੂੰ ਨਹੀਂ ਬਚਾ ਸਕਣਗੇ। ਉਸ ਨੇ ਦੋਵਾਂ ਨੂੰ ਉਨ੍ਹਾਂ ਦੇ ਬੁਲੇਟਪਰੂਫ਼ ਕੈਬਿਨ ਦੇ ਅੰਦਰ ਹੀ ਮਾਰਨ ਦੀ ਧਮਕੀ ਦਿੱਤੀ ਹੈ।
ਇਹ ਧਮਕੀ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਮੁੰਬਈ ਵਿੱਚ ਗੈਂਗਸਟਰ ਦੇ ਦੋ ਸਾਥੀਆਂ ਵਿਕਾਸ ਠਾਕੁਰ ਅਤੇ ਦੀਪਕ ਸਿੰਘ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਸਾਹਮਣੇ ਆਈ ਹੈ। ਗੋਲਡੀ ਢਿੱਲੋਂ ਨੇ ਆਪਣੀ ਪੋਸਟ ਵਿੱਚ ਕਿਹਾ ਕਿ ਉਸ ਦੇ ਸਾਥੀਆਂ ਦੀ ਗ੍ਰਿਫ਼ਤਾਰੀ ਨਾਲ ਉਸ ਦੇ ਗਰੋਹ ਦੀਆਂ ਗਤੀਵਿਧੀਆਂ ਜਾਂ ਕਿਸੇ ਵੀ ਯੋਜਨਾ ’ਤੇ ਕੋਈ ਅਸਰ ਨਹੀਂ ਪਵੇਗਾ।
**ਮੁੰਬਈ ਵਿੱਚ 200 ਸਾਥੀਆਂ ਦੇ ਮੌਜੂਦ ਹੋਣ ਦਾ ਦਾਅਵਾ**
ਗੈਂਗਸਟਰ ਨੇ ਆਪਣੀ ਪੋਸਟ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਿਕਾਸ ਠਾਕੁਰ ਅਤੇ ਦੀਪਕ ਸਿੰਘ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਸਿਰਫ਼ ਉਸ ਦੇ ਗਰੁੱਪ ਨਾਲ ਸਬੰਧਤ ਹਨ ਅਤੇ ਉਨ੍ਹਾਂ ਨੂੰ ਕਿਸੇ ਹੋਰ ਗਰੋਹ ਨਾਲ ਨਾ ਜੋੜਿਆ ਜਾਵੇ। ਉਸ ਨੇ ਦਾਅਵਾ ਕੀਤਾ ਕਿ ਮੁੰਬਈ ਵਿੱਚ ਉਸ ਦੇ 200 ਹੋਰ ਸਾਥੀ ਮੌਜੂਦ ਹਨ ਅਤੇ ਉਹ ਕਿਸੇ ਵੀ ਕਾਰਵਾਈ ਲਈ ਤਿਆਰ ਹਨ।
