ਪਟਿਆਲਾ, 10 ਮਈ - ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਪਾਰਲੀਮਾਨੀ ਹਲਕੇ ਤੋਂ ਉਮੀਦਵਾਰ ਐਨ ਕੇ ਸ਼ਰਮਾ ਅੱਜ ਟਰੈਕਟਰ ’ਤੇ ਸਵਾਰ ਹੋ ਕੇ ਆਪਣੇ ਸਮਰਥਕਾਂ ਸਮੇਤ ਨਾਮਜ਼ਦਗੀ ਪੱਤਰ ਭਰਨ ਲਈ ਪੁੱਜੇ। ਉਹਨਾਂ ਦੀ ਪਤਨੀ ਬਬੀਤਾ ਸ਼ਰਮਾ ਨੇ ਉਹਨਾਂ ਦੇ ਕਵਰਿੰਗ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ।
ਇਸ ਮੌਕੇ ਐਨ ਕੇ ਸ਼ਰਮਾ ਦੇ ਪਿਤਾ ਵੀ ਐਨ ਸ਼ਰਮਾ ਤੇ ਸਿਆਸੀ ਸਕੱਤਰ ਕ੍ਰਿਸ਼ਨਪਾਲ ਸ਼ਰਮਾ ਵੀ ਹਾਜ਼ਰ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਨ ਕੇ ਸ਼ਰਮਾ ਨੇ ਕਿਹਾ ਕਿ ਉਹ ਕਿਸਾਨ ਦੇ ਸਪੁੱਤਰ ਹਨ ਤੇ ਟਰੈਕਟਰ ਹੀ ਸਾਡੀ ਜਿੰਦ ਜਾਨ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਕਿਸਾਨਾਂ, ਪੰਜਾਬ ਤੇ ਪੰਜਾਬੀਆਂ ਦੀ ਭਲਾਈ ਲਈ ਕੰਮ ਕੀਤਾ ਹੈ। ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ ਦੀ ਸਰਕਾਰ ਹੀ ਸੀ ਜਿਸਨੇ ਕਿਸਾਨਾਂ ਵਾਸਤੇ ਖੇਤੀਬਾੜੀ ਬਿਜਲੀ ਮੁਫਤ ਕੀਤੀ ਜਿਸਦੀ ਬਦੌਲਤ ਪੰਜਾਬ ਵਿਚ ਖੇਤੀਬਾੜੀ ਇਕ ਵਾਰ ਤੋਂ ਮੁਨਾਫੇ ਵਾਲਾ ਧੰਦਾ ਬਣੀ ਸੀ ਪਰ ਮੰਦੇ ਹਾਲਾਤਾਂ ਨੂੰ ਹੁਣ ਕੇਂਦਰ ਸਰਕਾਰ ਤੇ ਸੂਬੇ ਦੀ ਮੌਜੂਦਾ "ਆਪ" ਸਰਕਾਰ ਦੇ ਬੇਰੁਖੇ ਰਵੱਈਏ ਕਾਰਨ ਕਿਸਾਨ ਕਰਜ਼ਈ ਹੋ ਕੇ ਆਤਮ ਹੱਤਿਆਵਾਂ ਕਰ ਰਹੇ ਹਨ ਪਰ ਦੋਵੇਂ ਸਰਕਾਰਾਂ ਕਿਸਾਨਾਂ ਦੀ ਸਾਰ ਨਹੀਂ ਲੈ ਰਹੀਆਂ। 
ਐਨ ਕੇ ਸ਼ਰਮਾ ਨੇ ਕਿਹਾ ਕਿ ਪਹਿਲਾਂ ਦਿੱਲੀ ਦੇ ਬਾਰਡਰਾਂ ’ਤੇ ਕਿਸਾਨ ਅੰਦੋਲਨ ਚੱਲਿਆ ਤੇ ਹੁਣ 13 ਫਰਵਰੀ ਤੋਂ ਸ਼ੰਭੂ ਬਾਰਡਰ ’ਤੇ ਕਿਸਾਨਾਂ ਦਾ ਧਰਨਾ ਚਲ ਰਿਹਾ ਹੈ ਪਰ ਨਾ ਤਾਂ ਕੇਂਦਰ ਦੀ ਭਾਜਪਾ ਸਰਕਾਰ ਤੇ ਨਾ ਹੀ ਪੰਜਾਬ ਸਰਕਾਰ ਉਨ੍ਹਾਂ ਦੀ ਸਾਰ ਲੈ ਰਹੀ ਹੈ। ਇਸ ਮੌਕੇ ਅਕਾਲੀ ਦਲ ਦੇ ਪੀ ਏ ਸੀ ਮੈਂਬਰ ਆਕਾਸ਼ ਸ਼ਰਮਾ ਤੇ ਸੁਖਬੀਰ ਸਿੰਘ ਸਨੌਰ ਵੀ ਹਾਜ਼ਰ ਸਨ।