ਮਾਹਿਲਪੁਰ, 5 ਜੁਲਾਈ- ਸੱਚਖੰਡ ਵਾਸੀ ਸੰਤ ਬਾਬਾ ਰਾਮ ਸਿੰਘ ਜੀ ਦੀ 25ਵੀਂ ਬਰਸੀ 'ਤੇ ਸਲਾਨਾ ਜੋੜ ਮੇਲਾ  6 ਜੁਲਾਈ ਦਿਨ ਐਤਵਾਰ ਨੂੰ ਡੇਰਾ ਬੁੰਗਾ ਸਾਹਿਬ ਪਿੰਡ ਤਾਜੇਵਾਲ ਜ਼ਿਲਾ ਹੁਸ਼ਿਆਰਪੁਰ ਵਿਖੇ ਹੋ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਸ ਅਸਥਾਨ ਦੇ ਮੌਜੂਦਾ ਮੁੱਖ ਸੰਚਾਲਕ ਸੰਤ  ਮਹਾਂਵੀਰ ਸਿੰਘ ਜੀ ਨੇ ਦੱਸਿਆ ਕਿ ਇਸ ਮੌਕੇ ਸਭ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਉਪਰੰਤ ਕੀਰਤਨੀ ਜਥੇ ਸੰਗਤਾਂ ਨੂੰ ਕਥਾ ਕੀਰਤਨ ਨਾਲ ਨਿਹਾਲ ਕਰਨਗੇ। 
ਇਸ ਤੋਂ ਬਾਅਦ ਸਮਾਗਮ ਵਿੱਚ ਪਹੁੰਚੇ ਸੰਤ ਮਹਾਂਪੁਰਸ਼ ਧਾਰਮਿਕ ਪ੍ਰਵਚਨ ਕਰਦੇ ਹੋਏ ਸੰਗਤਾਂ ਨੂੰ ਉਸ ਸਰਬ ਸ਼ਕਤੀਮਾਨ ਪਰਮਾਤਮਾ ਦੇ ਚਰਨਾਂ ਨਾਲ ਜੋੜਨਗੇ, ਜੋ ਬ੍ਰਹਿਮੰਡ ਦੇ ਕਣ - ਕਣ ਵਿੱਚ ਮੌਜੂਦ ਹੋ ਕੇ ਸਭਨਾ ਜੀਵਾਂ ਦੀ ਪ੍ਰਿਤਪਾਲਣਾ ਕਰ ਰਿਹਾ ਹੈ। ਇਸ ਮੌਕੇ ਸੰਤ ਬਾਬਾ ਰਾਮ ਸਿੰਘ ਮਹਾਰਾਜ ਜੀ ਦੇ ਪਰਉਪਕਾਰੀ ਕਾਰਜਾਂ ਤੋਂ ਵੀ ਸੰਗਤਾਂ ਨੂੰ ਜਾਣੂ ਕਰਵਾਇਆ ਜਾਵੇਗਾ।
 ਉਹਨਾਂ ਦੱਸਿਆ ਕਿ 5 ਜੁਲਾਈ ਸ਼ਨੀਵਾਰ ਨੂੰ ਰਾਤ ਦੇ ਕੀਰਤਨ ਦਰਬਾਰ ਵਿੱਚ ਭਾਈ ਸੰਦੀਪ ਸਿੰਘ ਸ੍ਰੀ ਭੈਣੀ ਸਾਹਿਬ ਜੀ ਨੇ ਕਥਾ ਕੀਰਤਨ ਕਰਕੇ ਸੰਗਤਾਂ ਨੂੰ ਸਿੱਖ ਕੌਮ ਦੇ ਗੌਰਵਮਈ ਇਤਿਹਾਸ ਤੋਂ ਜਾਣੂ ਕਰਵਾਇਆ। ਸੰਤ ਮਹਾਂਵੀਰ ਸਿੰਘ ਜੀ ਨੇ ਇਲਾਕਾ ਨਿਵਾਸੀ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹੋਏ ਪਵਿਤਰ ਆਤਮਾ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਨ ਵਾਸਤੇ ਸਮਾਗਮ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ। 
ਗੁਰੂ ਕੇ ਲੰਗਰ ਅਟੁੱਟ ਚੱਲਣਗੇ। ਧਾਰਮਿਕ ਸਮਾਗਮ ਨੂੰ ਮੁੱਖ ਰੱਖਦੇ ਹੋਏ ਜਥੇਦਾਰ ਬਾਬਾ ਨਾਗਰ ਸਿੰਘ ਜੀ ਟੂਟੋਮਜਾਰਾ ਅਤੇ ਹੋਰ ਸੰਤ ਮਹਾਂਪੁਰਸ਼ ਡੇਰਾ ਬੁੰਗਾ ਸਾਹਿਬ ਤਾਜੇਵਾਲ ਵਿਖੇ ਸੰਤ ਬਾਬਾ ਮਹਾਂਵੀਰ ਸਿੰਘ ਤਾਜੇਵਾਲ ਨੂੰ ਮਿਲੇ ਅਤੇ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ।