ਬਲੌਂਗੀ, 31 ਜਨਵਰੀ - ਬਲੌਂਗੀ ਪੁਲੀਸ ਨੇ 4 ਵਿਅਕਤੀ ਰਾਜੀਵ ਕੁਮਾਰ ਸਿੰਘ ਉਰਫ ਬਿੱਲਾ ਵਾਸੀ ਬਲੌਂਗੀ, ਅਮਨ ਸਿੰਘ ਉਰਫ ਅਮਨਾ ਬਿਲਾ ਵਾਸੀ ਬਲੌਂਗੀ, ਸੰਜੂ ਅਤੇ ਸਰਦਾਰ ਲੜਕਾ ਚੰਨੀ ਵਾਸੀ ਬਲੌਂਗੀ ਦੇ ਖਿਲਾਫ ਇੱਕ ਮੋਟਰ ਸਾਈਕਲ ਸਵਾਰ ਨੂੰ ਘੇਰ ਕੇ ਉਸ ਨਾਲ ਕੁੱਟਮਾਰ ਕਰਨ ਅਤੇ ਉਸਦਾ ਮੋਟਰ ਸਾਈਕਲ ਅਤੇ ਪਰਸ ਖੋਹਣ ਦੇ ਦੋਸ਼ ਹੇਠ ਆਈ ਪੀ ਸੀ ਦੀ ਧਾਰਾ 379 ਬੀ, 384, 323, 341, 506, 34 ਦੇ ਅਧੀਨ ਮਾਮਲਾ ਦਰਜ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਏ ਐਸ ਆਈ ਅੰਗਰੇਜ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਵਿਜੈ ਕੁਮਾਰ ਵਾਸੀ ਬਲੌਂਗੀ ਨੇ ਰਿਪੋਰਟ ਲਿਖਵਾਈ ਸੀ ਕਿ ਉਹ ਆਪਣੇ ਮੋਟਰ ਸਾਈਕਲ ਨੰਬਰ ਪੀ ਬੀ 65 -ਏ ਐਕਸ -4094 ਤੇ ਆਪਣੇ ਕੰਮ ਤੋਂ ਘਰ ਨੂੰ ਸ਼ਾਮ ਵੇਲੇ ਵਾਪਿਸ ਆ ਰਿਹਾ ਸੀ ਜਦੋਂ ਰਾਹ ਵਿੱਚ 4 ਵਿਅਕਤੀਆਂ (1 ਸਰਦਾਰ ਅਤੇ 3 ਮੋਨੇ) ਨੇ ਉਸਨੂੰ ਘੇਰ ਲਿਆ। ਉਕਤ ਵਿਅਕਤੀਆਂ ਨੇ ਉਸਨੂੰ ਡੰਡਿਆਂ ਨਾਲ ਕੁੱਟਿਆ ਅਤੇ ਉਸ ਦਾ ਮੋਟਰ ਸਾਈਕਲ ਅਤੇ ਪਰਸ ਖੋਹ ਲਿਆ। ਪਰਸ ਵਿਚ ਏ ਟੀ ਐਮ ਵੀ ਅਤੇ ਉਕਤ ਵਿਅਕਤੀਆਂ ਨੇ ਏ ਟੀ ਐਮ ਦਾ ਪਿੰਨ ਨੰਬਰ ਪੁੱਛਿਆ ਅਤੇ ਨੰਬਰ ਨਾ ਦੱਸਣ ਤੇ ਉਸਦੀ ਹੋਰ ਕੁੱਟਮਾਰ ਕੀਤੀ ਜਿਸਤੇ ਵਿਜੈ ਕੁਮਾਰ ਨੇ ਆਪਣੀ ਜਾਨ ਬਚਾਉਣ ਲਈ ਪਿੰਨ ਨੰਬਰ ਦੱਸ ਦਿੱਤਾ।

ਉਹਨਾਂ ਦੱਸਿਆ ਕਿ ਉਕਤ ਵਿਅਕਤੀਆਂ ਨੇ ਵਿਜੈ ਕੁਮਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿਤੀ ਅਤੇ ਕਿਹਾ ਕਿ ਜੇਕਰ ਕਿਸੇ ਨੂੰ ਇਸ ਬਾਰੇ ਦਸਿਆ ਤਾਂ ਉਸਨੂੰ ਜਾਨ ਤੋਂ ਮਾਰ ਦੇਣਗੇ। ਉਹਨਾਂ ਦੱਸਿਆ ਕਿ ਉਕਤ ਵਿਅਕਤੀਆਂ ਨੇ ਵਿਜੈ ਕੁਮਾਰ ਦੇ ਏ ਟੀ ਐਮ ਤੋਂ 25000 ਰੁਪਏ ਵੀ ਕਢਵਾ ਲਏ।

ਅੰਗਰੇਜ ਸਿੰਘ ਨੇ ਦੱਸਿਆ ਕਿ ਪੁਲੀਸ ਵਲੋਂ ਇਸ ਮਾਮਲੇ ਵਿੱਚ 27 ਜਨਵਰੀ ਨੂੰ ਰਾਜੀਵ ਕੁਮਾਰ ਸਿੰਘ ਉਰਫ ਬਿੱਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਮੋਟਰ ਸਾਈਕਲ ਪੀ ਬੀ 65 -ਏ ਐਕਸ -4094 ਵੀ ਬਰਾਮਦ ਕੀਤਾ ਗਿਆ। ਬਿੱਲਾ ਦੀ ਪੁੱਛਗਿੱਛ ਤੋਂ ਬਾਅਦ 29 ਜਨਵਰੀ ਨੂੰ ਦੂਸਰੇ ਮੁਲਜ਼ਮ ਅਮਨ ਸਿੰਘ ਉਰਫ ਅਮਨਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸਤੋਂ ਸ਼ਿਕਾਇਤ ਕਰਤਾ ਦਾ ਪਰਸ ਅਤੇ ਏ ਟੀ ਐਮ ਬਰਾਮਦ ਕੀਤਾ ਗਿਆ। ਉਹਨਾਂ ਦੱਸਿਆ ਕਿ ਦੋਵਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਅਤੇ ਇਹਨਾਂ ਦੇ ਬਾਕੀ ਦੇ ਦੋ ਸਾਥੀਆਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।