ਚੰਡੀਗੜ੍ਹ (ਹਰਮਿੰਦਰ ਸਿੰਘ ਨਾਗਪਾਲ):- ਥੈਲੇਸੀਮਿਕ ਚੈਰੀਟੇਬਲ ਟਰੱਸਟ (ਟੀਸੀਟੀ) ਅਤੇ ਪੀਜੀਆਈ ਚੰਡੀਗੜ੍ਹ ਦੇ ਟਰਾਂਸਫਿਊਜ਼ਨ ਮੈਡੀਸਨ ਵਿਭਾਗ ਵੱਲੋਂ ਕੌਮੀ ਸਵੈ-ਇੱਛਤ ਖੂਨਦਾਨ ਦਿਵਸ ਮੌਕੇ ਇੱਕ ਵਿਸ਼ੇਸ਼ ਖੂਨਦਾਨ ਕੈਂਪ ਲਗਾਇਆ ਗਿਆ। ਇਹ ਟਰੱਸਟ ਵੱਲੋਂ ਲਗਾਇਆ ਗਿਆ 343ਵਾਂ ਖੂਨਦਾਨ ਕੈਂਪ ਸੀ।
ਕੈਂਪ ਦਾ ਉਦਘਾਟਨ ਪੀਜੀਆਈ ਦੇ ਡੀਨ (ਅਕਾਦਮਿਕ) ਪ੍ਰੋ. (ਡਾ.) ਸੰਜੇ ਜੈਨ ਨੇ ਮੁੱਖ ਮਹਿਮਾਨ ਵਜੋਂ ਕੀਤਾ। ਇਸ ਮੌਕੇ ਮੈਡੀਕਲ ਸੁਪਰਡੈਂਟ ਪ੍ਰੋ. (ਡਾ.) ਅਸ਼ੋਕ ਕੁਮਾਰ, ਟਰਾਂਸਫਿਊਜ਼ਨ ਮੈਡੀਸਨ ਵਿਭਾਗ ਦੇ ਮੁਖੀ ਪ੍ਰੋ. (ਡਾ.) ਆਰ.ਆਰ. ਸ਼ਰਮਾ ਅਤੇ ਐਡੀਸ਼ਨਲ ਪ੍ਰੋਫੈਸਰ ਡਾ. ਸੁਚੇਤ ਸਚਦੇਵ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਮੁੱਖ ਮਹਿਮਾਨ ਨੇ ਫੈਕਲਟੀ ਮੈਂਬਰਾਂ, ਥੈਲੇਸੀਮੀਆ ਮਰੀਜ਼ਾਂ, ਵਿਦਿਆਰਥੀਆਂ ਅਤੇ ਸਟਾਫ਼ ਨਾਲ ਕੇਕ ਕੱਟ ਕੇ ਸਮਾਗਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਸਾਰਿਆਂ ਨੇ ਵੱਧ ਤੋਂ ਵੱਧ ਖੂਨਦਾਨ ਕਰਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਦਾ ਅਹਿਦ ਲਿਆ।
ਕੈਂਪ ਦੌਰਾਨ ਕੁੱਲ 86 ਸਵੈ-ਇੱਛਤ ਖੂਨਦਾਨੀਆਂ ਨੇ ਖੂਨਦਾਨ ਕੀਤਾ। ਇਸ ਉਪਰਾਲੇ ਵਿੱਚ ਨਰਸਿੰਗ ਵਿਦਿਆਰਥੀਆਂ, ਪੀਜੀਆਈ ਵਲੰਟੀਅਰਾਂ ਅਤੇ ਇੰਡੀਅਨ ਰੈੱਡ ਕਰਾਸ ਸੋਸਾਇਟੀ, ਯੂਟੀ ਚੰਡੀਗੜ੍ਹ ਨੇ ਸਰਗਰਮ ਸਹਿਯੋਗ ਦਿੱਤਾ। ਸਮਾਗਮ ਵਿੱਚ ਨਿਯਮਿਤ ਖੂਨਦਾਨੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਅੰਤ ਵਿੱਚ ਪ੍ਰੋ. (ਡਾ.) ਆਰ.ਆਰ. ਸ਼ਰਮਾ, ਟਰੱਸਟ ਦੀ ਚੇਅਰਪਰਸਨ ਵਿਭਾ ਮਿੱਤਲ, ਮੈਂਬਰ ਸਕੱਤਰ ਰਜਿੰਦਰ ਕਾਲਰਾ ਅਤੇ ਸੀਨੀਅਰ ਮੀਤ ਪ੍ਰਧਾਨ ਏ.ਪੀ. ਸਿੰਘ ਨੇ ਖੂਨਦਾਨੀਆਂ ਅਤੇ ਸਮੁੱਚੀ ਟੀਮ ਦਾ ਧੰਨਵਾਦ ਕੀਤਾ।
