ਭਵਾਨੀਗੜ੍ਹ, 9 ਸਤੰਬਰ:- ਬਾਬਾ ਬੰਦਾ ਸਿੰਘ ਬਹਾਦਰ ਸਟੇਡੀਅਮ, ਪੰਨਵਾਂ ਵਿਖੇ 70ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ 2026-27 ਤਹਿਤ ਕਬੱਡੀ ਸਰਕਲ ਸਟਾਈਲ ਅੰਡਰ-14 ਲੜਕਿਆਂ ਦੇ ਰਾਜ ਪੱਧਰੀ ਮੁਕਾਬਲੇ ਬੇਹੱਦ ਉਤਸ਼ਾਹ ਅਤੇ ਧੂਮ-ਧਾਮ ਨਾਲ ਸਫ਼ਲਤਾਪੂਰਵਕ ਸੰਪੰਨ ਹੋਏ। ਇਹ ਖੇਡਾਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਸ੍ਰੀਮਤੀ ਤਰਵਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਮਨਜੀਤ ਕੌਰ ਦੀ ਯੋਗ ਅਗਵਾਈ ਹੇਠ ਕਰਵਾਈਆਂ ਗਈਆਂ।

ਇਨਾਮ ਵੰਡ ਸਮਾਰੋਹ ਵਿੱਚ ਸੰਗਰੂਰ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਪਿਤਾ ਸ੍ਰੀ ਗੁਰਨਾਮ ਸਿੰਘ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਜੇਤੂ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਵਿੱਚ ਅਨੁਸ਼ਾਸਨ, ਆਪਸੀ ਸਹਿਯੋਗ ਅਤੇ ਸਿਹਤਮੰਦ ਜੀਵਨ-ਸ਼ੈਲੀ ਪੈਦਾ ਕਰਦੀਆਂ ਹਨ। ਹਰੇਕ ਖਿਡਾਰੀ ਨੂੰ ਖੇਡ-ਭਾਵਨਾ ਅਤੇ ਪੂਰੀ ਇਮਾਨਦਾਰੀ ਨਾਲ ਮੈਦਾਨ ਵਿੱਚ ਉਤਰਨਾ ਚਾਹੀਦਾ ਹੈ।

ਟੂਰਨਾਮੈਂਟ ਦੇ ਕਨਵੀਨਰ ਸ੍ਰੀ ਜਸਵੀਰ ਸਿੰਘ (ਡੀ.ਪੀ.ਈ.) ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸ੍ਰੀਮਤੀ ਨਰੇਸ਼ ਸੈਣੀ ਨੇ ਦੱਸਿਆ ਕਿ ਇਸ ਰਾਜ ਪੱਧਰੀ ਟੂਰਨਾਮੈਂਟ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੀਆਂ ਅੰਡਰ-14 ਵਰਗ ਦੇ ਲੜਕਿਆਂ ਦੀਆਂ ਕੁੱਲ 22 ਟੀਮਾਂ ਨੇ ਆਪਣੇ ਖੇਡ ਹੁਨਰ ਦਾ ਪ੍ਰਦਰਸ਼ਨ ਕੀਤਾ।

ਇਸ ਮੁਕਾਬਲੇ ਵਿੱਚ ਮਾਨਸਾ ਜ਼ਿਲ੍ਹੇ ਨੇ ਪਹਿਲਾ, ਕਪੂਰਥਲਾ ਜ਼ਿਲ੍ਹੇ ਨੇ ਦੂਜਾ ਅਤੇ ਮੇਜ਼ਬਾਨ ਟੀਮ ਸੰਗਰੂਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਖੇਡਾਂ ਦੇ ਓਵਰਆਲ ਇੰਚਾਰਜ ਪ੍ਰਿੰਸੀਪਲ ਸ੍ਰੀ ਪਰਮਲ ਸਿੰਘ ਤੇਜਾ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਨਦਾਮਪੁਰ), ਹੈੱਡਮਾਸਟਰ ਸੁਖਵਿੰਦਰਪਾਲ, ਹੈੱਡਮਾਸਟਰ ਸੁਖਦੀਪ ਸਿੰਘ, ਹੈੱਡਮਿਸਟ੍ਰੈੱਸ ਜਸਵੀਰ ਕੌਰ ਰਾਮਪੁਰਾ, ਸ੍ਰੀ ਸਤਨਾਮ ਦਾਸ (ਡੀ.ਪੀ.ਈ.), ਜਸਤਿੰਦਰ ਸਿੰਘ (ਡੀ.ਪੀ.ਈ.) ਅਤੇ ਜਸਵੀਰ ਸਿੰਘ (ਲੈਕਚਰਾਰ ਸਰੀਰਕ ਸਿੱਖਿਆ) ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

ਸਮਾਗਮ ਦੌਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸ੍ਰੀ ਨਵਕਿਰਨਪ੍ਰੀਤ ਸਿੰਘ ਖੱਟੜਾ ਅਤੇ ਅਮਰਜੋਤ ਜੋਸ਼ੀ ਨੇ ਬਾਖ਼ੂਬੀ ਨਿਭਾਈ।