ਹੁਸ਼ਿਆਰਪੁਰ/ਦਲਜੀਤ ਅਜਨੋਹਾ:- ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਗੜ੍ਹਸ਼ੰਕਰ ਸਥਿਤ ਓਲੰਪੀਅਨ ਜਰਨੈਲ ਸਿੰਘ ਸਟੇਡੀਅਮ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਮੈਦਾਨ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਫੁੱਟਬਾਲ ਕਲੱਬ, ਗੜ੍ਹਸ਼ੰਕਰ ਵੱਲੋਂ 17 ਤੋਂ 21 ਨਵੰਬਰ ਤੱਕ 17ਵਾਂ ਸਾਲਾਨਾ ਟੂਰਨਾਮੈਂਟ ਕਰਵਾਇਆ ਗਿਆ, ਜਿਸ ਦਾ ਫਾਈਨਲ ਅੱਜ ਬਹੁਤ ਹੀ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਇਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਫੁੱਟਬਾਲ ਕਲੱਬ, ਗੜ੍ਹਸ਼ੰਕਰ ਦੇ ਪ੍ਰਧਾਨ ਐਡਵੋਕੇਟ ਜਸਵੀਰ ਸਿੰਘ ਰਾਏ ਨੇ ਦੱਸਿਆ ਕਿ ਸਾਰੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕਲੱਬ ਵੱਲੋਂ ਕਰਵਾਏ ਗਏ ਇਸ ਟੂਰਨਾਮੈਂਟ ਵਿੱਚ ਪਿੰਡ ਪੱਧਰ ਦੀਆਂ ਫੁੱਟਬਾਲ ਟੀਮਾਂ ਦੇ ਮੁਕਾਬਲੇ, ਫੁੱਟਬਾਲ ਅਕੈਡਮੀਆਂ ਦੇ ਮੁਕਾਬਲੇ, ਲੜਕਿਆਂ ਅਤੇ ਲੜਕੀਆਂ ਦੇ ਐਥਲੈਟਿਕਸ ਮੁਕਾਬਲੇ ਅਤੇ ਲੰਬੀ ਛਾਲ ਦੇ ਮੁਕਾਬਲੇ ਕਰਵਾਏ ਗਏ।
ਇਸ ਤੋਂ ਇਲਾਵਾ ਸਕੂਲ ਪੱਧਰ ਦੀਆਂ ਲੜਕੀਆਂ ਦੇ ਰੱਸਾਕਸ਼ੀ ਦੇ ਮੁਕਾਬਲੇ ਵੀ ਕਰਵਾਏ ਗਏ ਅਤੇ ਜੇਤੂ ਟੀਮਾਂ ਨੂੰ ਸ਼ਾਨਦਾਰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਟੂਰਨਾਮੈਂਟ ਦੌਰਾਨ ਖਾਲਸਾ ਕਾਲਜ, ਗੜ੍ਹਸ਼ੰਕਰ ਦੀ ਟੀਮ ਨੇ ਮਾਹਿਲਪੁਰ ਦੀ ਟੀਮ ਨੂੰ 5-0 ਨਾਲ ਹਰਾ ਕੇ ਟਰਾਫੀ 'ਤੇ ਕਬਜ਼ਾ ਕੀਤਾ।
ਇਸ ਮੌਕੇ ਇਨਾਮਾਂ ਦੀ ਵੰਡ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਵੱਲੋਂ ਕੀਤੀ ਜਾਣੀ ਸੀ, ਪਰ ਕੁਝ ਰਾਜਨੀਤਿਕ ਰੁਝੇਵਿਆਂ ਕਾਰਨ ਉਹ ਇਸ ਮੌਕੇ ਸ਼ਾਮਲ ਨਹੀਂ ਹੋ ਸਕੇ। ਉਨ੍ਹਾਂ ਦੀ ਤਰਫੋਂ ਹਲਕਾ ਗੜ੍ਹਸ਼ੰਕਰ ਦੇ ਯੂਥ ਵਿੰਗ ਦੇ ਪ੍ਰਧਾਨ ਪ੍ਰਿੰਸ ਚੌਧਰੀ ਵੱਲੋਂ ਕੁਝ ਇਨਾਮ ਵੰਡੇ ਗਏ। ਇਸ ਤੋਂ ਬਾਅਦ ਮੌਕੇ 'ਤੇ ਪਹੁੰਚੇ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ।
ਇਸ ਮੌਕੇ ਕਲੱਬ ਦੇ ਪ੍ਰਧਾਨ ਐਡਵੋਕੇਟ ਜਸਵੀਰ ਸਿੰਘ ਰਾਏ, ਤੀਰਥ ਸਿੰਘ ਰਤੂ, ਸਤਨਾਮ ਸਿੰਘ ਪਰੋਵਾਲ, ਅਵਤਾਰ ਸਿੰਘ ਸੀਹਰਾ, ਰਜਿੰਦਰ ਸ਼ਬਲਾ, ਸੁਨੀਲ ਕੁਮਾਰ ਗੋਲਡੀ, ਕਮਲਜੀਤ ਬੈਂਸ, ਰਮਨ ਬੰਗਾ, ਸ਼ਲਿੰਦਰ ਰਾਣਾ, ਇੰਦਰ ਕੁਮਾਰ, ਕੇਵਲ ਸਿੰਘ ਭੱਜਲ, ਲਖਵਿੰਦਰ ਸਿੰਘ ਤੋਂ ਇਲਾਵਾ ਸਾਬਕਾ ਕੌਂਸਲਰ ਪਰਮਜੀਤ ਸਿੰਘ ਪੰਮਾ ਸਮੇਤ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਹਾਜ਼ਰ ਸਨ।
