ਪਟਿਆਲਾ (ਕਾਕਾ ਰਾਮ ਵਰਮਾ):- ਭਾਰਤ ਰਤਨ ਡਾ. ਏ.ਪੀ.ਜੇ. ਅਬਦੁਲ ਕਲਾਮ ਜੀ ਦੇ ਜਨਮ ਦਿਹਾੜੇ ਨੂੰ ਸੰਯੁਕਤ ਰਾਸ਼ਟਰ ਵੱਲੋਂ ਵਿਸ਼ਵ ਦੇ ਸਰਵੋਤਮ ਵਿਦਿਆਰਥੀ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਇਸ ਮੌਕੇ ਫਸਟ ਏਡ ਸੇਫਟੀ ਹੈਲਥ ਅਵੇਅਰਨੈੱਸ ਮਿਸ਼ਨ ਦੇ ਚੀਫ ਟ੍ਰੇਨਰ ਸ੍ਰੀ ਕਾਕਾ ਰਾਮ ਵਰਮਾ ਅਤੇ ਭਾਈ ਘਨ੍ਹਈਆ ਜੀ ਐਂਬੂਲੈਂਸ ਬ੍ਰਿਗੇਡ ਦੇ ਸਹਾਇਕ ਕਮਿਸ਼ਨਰ ਸ੍ਰੀ ਹਰਿੰਦਰ ਸਿੰਘ ਕਰੀਰ ਵੱਲੋਂ ਮੁੱਢਲੀ ਸਹਾਇਤਾ, ਸੀਪੀਆਰ, ਅੱਗ ਤੋਂ ਸੁਰੱਖਿਆ, ਆਵਾਜਾਈ ਸੁਰੱਖਿਆ ਅਤੇ ਨਸ਼ਿਆਂ, ਅਪਰਾਧਾਂ ਤੇ ਹੋਰ ਮਾੜੇ ਕੰਮਾਂ ਦੇ ਨੁਕਸਾਨਾਂ ਸਬੰਧੀ ਅੰਤਰ-ਸਕੂਲ ਕੁਇਜ਼ ਮੁਕਾਬਲੇ ਕਰਵਾਏ ਗਏ।
ਪ੍ਰਿੰਸੀਪਲ ਸਰਲਾ ਭਟਨਾਗਰ ਅਤੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਪ੍ਰਧਾਨ ਡਾ. ਰਾਕੇਸ਼ ਵਰਮਾ ਨੇ ਭਾਗ ਲੈਣ ਵਾਲਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਡਾ. ਕਲਾਮ ਨੇ ਭਾਰਤ ਮਾਤਾ ਦੀ ਸੁਰੱਖਿਆ, ਸਨਮਾਨ ਅਤੇ ਤਰੱਕੀ ਲਈ ਸ਼ਾਨਦਾਰ ਤੇ ਸ਼ਲਾਘਾਯੋਗ ਯਤਨ ਕੀਤੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਡਾ. ਕਲਾਮ ਦੇ ਯੋਗਦਾਨ ਬਾਰੇ ਜਾਗਰੂਕ ਕਰਕੇ ਬੱਚਿਆਂ ਨੂੰ ਸਿਹਤਮੰਦ ਅਤੇ ਦੇਸ਼ਭਗਤ ਨਾਗਰਿਕ ਬਣਾਇਆ ਜਾ ਸਕਦਾ ਹੈ, ਪਰ ਇਸ ਮਿਸ਼ਨ ਲਈ ਜੰਗੀ ਪੱਧਰ ’ਤੇ ਯਤਨ ਕਰਨ ਦੀ ਲੋੜ ਹੈ। ਡਾ. ਕਲਾਮ ਨੇ ਅਮਰੀਕੀ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਲੱਖਾਂ ਡਾਲਰ ਦੀ ਸਕਾਲਰਸ਼ਿਪ ਲੈਣ ਦੀ ਬਜਾਏ ਭਾਰਤ ਦੀ ਤਰੱਕੀ, ਸੁਰੱਖਿਆ ਅਤੇ ਖੁਸ਼ਹਾਲੀ ਲਈ ਜੰਗੀ ਪੱਧਰ ’ਤੇ ਮਿਜ਼ਾਈਲਾਂ ਅਤੇ ਉਪਗ੍ਰਹਿ ਵਿਕਸਿਤ ਕੀਤੇ।
27 ਜੁਲਾਈ ਨੂੰ ਸ਼ਿਲਾਂਗ ਵਿਖੇ ਡਾ. ਕਲਾਮ ਨੂੰ ਦਿਲ ਦਾ ਦੌਰਾ ਪਿਆ ਸੀ। ਜੇਕਰ ਉਸ ਸਮੇਂ ਵਿਦਿਆਰਥੀਆਂ, ਅਧਿਆਪਕਾਂ ਅਤੇ ਪੁਲਿਸ ਕਮਾਂਡੋ ਵੱਲੋਂ ਮੁੱਢਲੀ ਸਹਾਇਤਾ ਅਤੇ ਸੀਪੀਆਰ ਦਿੱਤਾ ਜਾਂਦਾ ਤਾਂ ਉਨ੍ਹਾਂ ਨੂੰ ਬਚਾਇਆ ਜਾ ਸਕਦਾ ਸੀ। ਮੁਕਾਬਲਿਆਂ ਦੌਰਾਨ ਸ੍ਰੀ ਕਾਕਾ ਰਾਮ ਵਰਮਾ, ਹਰਿੰਦਰ ਸਿੰਘ ਕਰੀਰ, ਜਰਨੈਲ ਸਿੰਘ ਅਤੇ ਹਰਦੀਪ ਕੌਰ ਨੇ ਦੋ ਵਿਦਿਆਰਥੀ ਟੀਮਾਂ ਤੋਂ ਸਵਾਲ ਪੁੱਛੇ ਅਤੇ ਉਨ੍ਹਾਂ ਦੇ ਜਵਾਬਾਂ ਦੀ ਵਿਆਖਿਆ ਕੀਤੀ। ਉਨ੍ਹਾਂ ਬੱਚਿਆਂ ਨੂੰ ਹਾਦਸਿਆਂ ਤੋਂ ਬਚਣ, ਘਰਾਂ ਵਿੱਚ ਬਿਜਲੀ, ਗੈਸ, ਪੈਟਰੋਲੀਅਮ ਪਦਾਰਥਾਂ, ਰਸਾਇਣਕ ਪਦਾਰਥਾਂ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ, ਅਜਿਹੀਆਂ ਐਮਰਜੈਂਸੀ ਸਥਿਤੀਆਂ ’ਤੇ ਕਾਬੂ ਪਾਉਣ ਅਤੇ ਪੀੜਤਾਂ ਨੂੰ ਬਚਾਉਣ ਲਈ ਮਦਦਗਾਰ ਫ਼ਰਿਸ਼ਤਿਆਂ ਵਜੋਂ ਤਿਆਰ ਰਹਿਣ ਲਈ ਉਤਸ਼ਾਹਿਤ ਕੀਤਾ।
ਪ੍ਰੋਗਰਾਮ ਕੋਆਰਡੀਨੇਟਰ ਅਤੇ ਐਨਸੀਸੀ ਅਫ਼ਸਰ ਸੱਚਨਾ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ 15 ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ। ਜੂਨੀਅਰ ਅਤੇ ਸੀਨੀਅਰ, ਦੋਵਾਂ ਵਰਗਾਂ ਵਿੱਚ ਵੀਰ ਹਕੀਕਤ ਰਾਏ ਸਕੂਲ ਦੀਆਂ ਟੀਮਾਂ ਨੇ ਪਹਿਲਾ ਸਥਾਨ ਹਾਸਲ ਕੀਤਾ। ਆਤਮਾ ਰਾਮ ਕੁਮਾਰ ਸਭਾ ਅਤੇ ਆਰੀਆ ਕੰਨਿਆ ਸਕੂਲ ਦੀਆਂ ਟੀਮਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਸੋਨੀ ਪਬਲਿਕ ਸਕੂਲ, ਬੀ.ਐਨ. ਖਾਲਸਾ ਸਕੂਲ ਅਤੇ ਆਰੀਆ ਹਾਈ ਸਕੂਲ ਦੀਆਂ ਟੀਮਾਂ ਤੀਜੇ ਸਥਾਨ ’ਤੇ ਰਹੀਆਂ।
ਸਭ ਤੋਂ ਵੱਧ ਇਨਾਮ ਜਿੱਤਣ ਲਈ ਵੀਰ ਹਕੀਕਤ ਰਾਏ ਮਾਡਲ ਸਕੂਲ ਨੂੰ ਰਵਿੰਦਰ ਕੌਰ ਸਿੱਧੂ ਵੱਲੋਂ ਆਪਣੇ ਭਰਾ, ਸਾਬਕਾ ਆਈਜੀ ਪਰਮਜੀਤ ਸਿੰਘ ਸਰਾਓ ਦੀ ਯਾਦ ਵਿੱਚ ਰਨਿੰਗ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ।
