ਲੁਧਿਆਣਾ, 9 ਅਕਤੂਬਰ 2026:- ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਦੇ ਵਿਦਿਆਰਥੀ ਭਲਾਈ ਨਿਰਦੇਸ਼ਾਲੇ ਨੇ ‘ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ’ (ਵੈਟਰਨਰੀ ਯੂਨੀਵਰਸਿਟੀ ਇਕਾਈ) ਅਤੇ ‘ਕੈਨ ਫਾਈਟ ਕੈਂਸਰ’ (ਸੀ.ਐਫ.ਸੀ.) ਸੁਸਾਇਟੀ, ਲੁਧਿਆਣਾ ਦੇ ਸਹਿਯੋਗ ਨਾਲ ਔਰਤਾਂ ਦੀ ਸਿਹਤ ਅਤੇ ਕੈਂਸਰ ਬਾਰੇ ਜਾਗਰੂਕਤਾ ਲਈ ਇੱਕ ਰੋਜ਼ਾ ਪ੍ਰੋਗਰਾਮ ਅਤੇ ਵਿਚਾਰ-ਚਰਚਾ ਸੈਸ਼ਨ ਕਰਵਾਇਆ। ਇਸ ਪ੍ਰੋਗਰਾਮ ਦਾ ਉਦੇਸ਼ ਕੈਂਸਰ ਦੀ ਰੋਕਥਾਮ, ਮੁੱਢਲੇ ਪੜਾਅ ’ਤੇ ਪਛਾਣ ਅਤੇ ਰਾਹਤਮਈ ਦੇਖਭਾਲ ਬਾਰੇ ਜਾਗਰੂਕਤਾ ਫੈਲਾਉਣਾ ਸੀ। ਇਸ ਵਿੱਚ ਲਗਭਗ 150 ਵਿਦਿਆਰਥਣਾਂ, ਮਹਿਲਾ ਅਧਿਆਪਕਾਵਾਂ ਅਤੇ ਸਟਾਫ਼ ਮੈਂਬਰਾਂ ਨੇ ਭਾਗ ਲਿਆ।

ਡਾ. ਜਤਿੰਦਰ ਪਾਲ ਗਿੱਲ, ਉਪ-ਕੁਲਪਤੀ ਅਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਪਵਨਜੀਤ ਕੌਰ ਗਿੱਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ. ਗਿੱਲ ਨੇ ਬਿਮਾਰੀਆਂ ਤੋਂ ਬਚਾਅ ਲਈ ਸਿਹਤ ਸੰਭਾਲ, ਕੈਂਸਰ ਬਾਰੇ ਜਾਗਰੂਕਤਾ ਅਤੇ ਬਿਮਾਰੀ ਦੀ ਮੁੱਢਲੇ ਪੜਾਅ ’ਤੇ ਪਛਾਣ ਦੇ ਮਹੱਤਵ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਔਰਤਾਂ ਦੀ ਸਿਹਤ ਅਤੇ ਭਲਾਈ ਨੂੰ ਉਤਸ਼ਾਹਿਤ ਕਰਨ ਲਈ ਪ੍ਰਬੰਧਕਾਂ ਅਤੇ ਡਾਕਟਰੀ ਮਾਹਿਰਾਂ ਦੇ ਸਾਂਝੇ ਯਤਨਾਂ ਦੀ ਸ਼ਲਾਘਾ ਕੀਤੀ।

ਤਕਨੀਕੀ ਸੈਸ਼ਨਾਂ ਦੌਰਾਨ ਲੁਧਿਆਣਾ ਦੇ ਕਲਾਉਡਨਾਈਨ ਹਸਪਤਾਲ ਦੀ ਇਸਤਰੀ ਰੋਗ ਮਾਹਿਰ ਡਾ. ਕਨੂਪ੍ਰਿਆ ਜੈਨ ਨੇ “ਔਰਤਾਂ ਵਿੱਚ ਆਮ ਕੈਂਸਰ—ਰੋਕਥਾਮ ਅਤੇ ਮੁੱਢਲੀ ਪਛਾਣ” ਵਿਸ਼ੇ ’ਤੇ ਜਾਣਕਾਰੀ ਭਰਪੂਰ ਭਾਸ਼ਣ ਦਿੱਤਾ। ਉਨ੍ਹਾਂ ਨੇ ਜਾਗਰੂਕਤਾ ਦੇ ਨਾਲ-ਨਾਲ ਸਮੇਂ ਸਿਰ ਡਾਕਟਰੀ ਸਹਾਇਤਾ ਲੈਣ ਦੇ ਮਹੱਤਵ ਨੂੰ ਉਜਾਗਰ ਕੀਤਾ। ਦਇਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ ਦੇ ਕੈਂਸਰ ਮਾਹਿਰ ਡਾ. ਕੁਨਾਲ ਜੈਨ ਨੇ ਰਾਹਤਮਈ ਦੇਖਭਾਲ (ਪੈਲੀਏਟਿਵ ਕੇਅਰ) ਅਤੇ ਕੈਂਸਰ ਦੇ ਮਰੀਜ਼ਾਂ ਦੇ ਜੀਵਨ ਦੀ ਗੁਣਵੱਤਾ ਬਿਹਤਰ ਬਣਾਉਣ ਵਿੱਚ ਇਸ ਦੀ ਅਹਿਮੀਅਤ ਬਾਰੇ ਚਰਚਾ ਕੀਤੀ। ਸੁਸਾਇਟੀ ਦੇ ਸਕੱਤਰ ਸ੍ਰੀ ਜਗਜੀਤ ਸੂਦ ਨੇ ਸੰਸਥਾ, ਇਸ ਦੀਆਂ ਗਤੀਵਿਧੀਆਂ ਅਤੇ ਕੈਂਸਰ ਦੇ ਔਖੇ ਪੜਾਵਾਂ ਦੌਰਾਨ ਮਰੀਜ਼ਾਂ ਦੀ ਸਹਾਇਤਾ ਲਈ ਦਿੱਤੀਆਂ ਜਾਂਦੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ।

ਸ੍ਰੀਮਤੀ ਪਵਨਜੀਤ ਕੌਰ ਗਿੱਲ ਨੇ ਕੈਂਸਰ ਨਾਲ ਜੁੜੇ ਆਪਣੇ ਨਿੱਜੀ ਤਜਰਬੇ ਸਾਂਝੇ ਕੀਤੇ ਅਤੇ ਇਸ ਦੇ ਪ੍ਰਭਾਵਾਂ ਨਾਲ ਨਜਿੱਠਣ ਵਿੱਚ ਪਰਿਵਾਰਕ ਸਹਿਯੋਗ ਦੀ ਅਹਿਮੀਅਤ ਬਾਰੇ ਦੱਸਿਆ। ਉਨ੍ਹਾਂ ਨੇ ਔਰਤਾਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਜਾਗਰੂਕਤਾ ਅਤੇ ਸਮੂਹਿਕ ਯਤਨਾਂ ਦੇ ਮਹੱਤਵ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਔਰਤਾਂ ਨੂੰ ਆਪਣੀ ਸਿਹਤ ਨੂੰ ਪਹਿਲ ਦੇਣ, ਸਮੇਂ ਸਿਰ ਡਾਕਟਰੀ ਸਲਾਹ ਲੈਣ ਅਤੇ ਜਾਗਰੂਕਤਾ ਮੁਹਿੰਮਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।

ਵਿਦਿਆਰਥੀ ਭਲਾਈ ਦੇ ਨਿਰਦੇਸ਼ਕ ਡਾ. ਜਸਪਾਲ ਸਿੰਘ ਹੁੰਦਲ ਨੇ ਕਿਹਾ ਕਿ ਔਰਤਾਂ ਦੀ ਸਿਹਤ ਸਮਾਜ ਦਾ ਬਹੁਤ ਅਹਿਮ ਪੱਖ ਹੈ, ਕਿਉਂਕਿ ਔਰਤਾਂ ਦੀ ਤੰਦਰੁਸਤੀ ਨਾਲ ਹੀ ਪਰਿਵਾਰ ਅਤੇ ਸਮਾਜਿਕ ਜੀਵਨ ਸੁਚਾਰੂ ਢੰਗ ਨਾਲ ਚੱਲ ਸਕਦਾ ਹੈ। ਉਨ੍ਹਾਂ ਕਿਹਾ ਕਿ ਵੈਟਰਨਰੀ ਯੂਨੀਵਰਸਿਟੀ ਇਸ ਮਹੱਤਵ ਨੂੰ ਸਮਝਦੀ ਹੈ, ਇਸ ਲਈ ਅਜਿਹੇ ਉਪਰਾਲੇ ਕੀਤੇ ਜਾਂਦੇ ਹਨ।

ਇਸ ਪ੍ਰੋਗਰਾਮ ਦਾ ਆਯੋਜਨ ਡਾ. ਵਨੀਤ ਇੰਦਰ ਕੌਰ, ਡਾ. ਨਿਧੀ ਸ਼ਰਮਾ ਅਤੇ ਡਾ. ਸਰਬਜੀਤ ਕੌਰ ਦੇ ਸਾਂਝੇ ਯਤਨਾਂ ਸਦਕਾ ਕੀਤਾ ਗਿਆ। ਇਹ ਉਪਰਾਲਾ ਸਿਹਤ ਜਾਗਰੂਕਤਾ, ਸਮਾਜਿਕ ਜ਼ਿੰਮੇਵਾਰੀ ਅਤੇ ਆਪਣੇ ਵਿਦਿਆਰਥੀਆਂ ਤੇ ਸਟਾਫ਼ ਦੀ ਸਮੁੱਚੀ ਭਲਾਈ ਨੂੰ ਮਜ਼ਬੂਤ ਕਰਨ ਪ੍ਰਤੀ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।