ਨਵਾਂਸ਼ਹਿਰ/ਕਾਠਗੜ੍ਹ, 17 ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ):- ਰੋਪੜ-ਬਲਾਚੌਰ ਨੈਸ਼ਨਲ ਹਾਈਵੇਅ 'ਤੇ ਰਾਇਤ ਬਾਹਰਾ ਕਾਲਜ, ਰੈਲਮਾਜਰਾ ਨੇੜੇ ਕਾਰ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਐਫ. ਟੀਮ ਦੇ ਇੰਚਾਰਜ ਏ.ਐਸ.ਆਈ. ਕੁਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਨਵਾਂਸ਼ਹਿਰ ਤੋਂ ਐਮ.ਡੀ.ਟੀ. ਡਿਵਾਈਸ ਰਾਹੀਂ ਸੂਚਨਾ ਮਿਲੀ ਸੀ ਕਿ ਰਾਇਤ ਬਾਹਰਾ ਕਾਲਜ ਕੋਲ ਹਾਦਸਾ ਵਾਪਰਿਆ ਹੈ। ਸੂਚਨਾ ਮਿਲਦਿਆਂ ਹੀ ਟੀਮ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਦੇਖਿਆ ਕਿ ਪੀ.ਬੀ. 20ਐਫ 5544 ਨੰਬਰ ਦੀ ਵੈਨਿਊ ਕਾਰ, ਜਿਸ ਨੂੰ ਰੈਲਮਾਜਰਾ ਵਾਸੀ ਰਾਮ ਪਾਲ ਪੁੱਤਰ ਵਰਿਆਮ ਸਿੰਘ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਚਲਾ ਰਿਹਾ ਸੀ, ਰੋਪੜ ਤੋਂ ਬਲਾਚੌਰ ਵੱਲ ਜਾ ਰਹੀ ਸੀ। ਜਦੋਂ ਕਾਰ ਰੈਲਮਾਜਰਾ ਸਥਿਤ ਰਾਇਤ ਬਾਹਰਾ ਕਾਲਜ ਨੇੜੇ ਪਹੁੰਚੀ ਤਾਂ ਅਚਾਨਕ ਚਾਲਕ ਦਾ ਕਾਰ ਤੋਂ ਸੰਤੁਲਨ ਵਿਗੜ ਗਿਆ, ਜਿਸ ਕਾਰਨ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਨੈਸ਼ਨਲ ਹਾਈਵੇਅ ਅਥਾਰਟੀ ਦੀ ਰਿਕਵਰੀ ਵੈਨ ਮੰਗਵਾ ਕੇ ਕਾਰ ਨੂੰ ਸਿੱਧਾ ਕਰਵਾਇਆ ਗਿਆ ਅਤੇ ਸੜਕ ਕਿਨਾਰੇ ਕਰਵਾਇਆ ਗਿਆ। ਹਾਦਸੇ ਵਿੱਚ ਕਾਰ ਨੁਕਸਾਨੀ ਗਈ, ਪਰ ਚਾਲਕ ਦਾ ਵਾਲ-ਵਾਲ ਬਚਾਅ ਹੋ ਗਿਆ। ਹਾਦਸੇ ਸਬੰਧੀ ਨਵਾਂਸ਼ਹਿਰ ਕੰਟਰੋਲ ਰੂਮ ਅਤੇ ਆਸਰੋਂ ਪੁਲਿਸ ਚੌਕੀ ਦੇ ਇੰਚਾਰਜ ਨੂੰ ਸੂਚਿਤ ਕਰ ਦਿੱਤਾ ਗਿਆ ਹੈ।