ਸਾਹਿਬਜ਼ਾਦਾ ਅਜੀਤ ਸਿੰਘ ਨਗਰ, 4 ਅਕਤੂਬਰ:- ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਸੀਜ਼ਨ-4 ਤਹਿਤ ਜ਼ਿਲ੍ਹਾ ਐਸ.ਏ.ਐਸ. ਨਗਰ ਵਿਖੇ ਕਰਵਾਈਆਂ ਜਾ ਰਹੀਆਂ ਜ਼ਿਲ੍ਹਾ ਪੱਧਰੀ ਖੇਡਾਂ ਦੇ ਅੱਜ ਤੀਜੇ ਦਿਨ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਖਿਡਾਰੀਆਂ ਨੇ ਉਤਸ਼ਾਹ ਅਤੇ ਖੇਡ ਭਾਵਨਾ ਨਾਲ ਭਾਗ ਲਿਆ।

ਅਥਲੈਟਿਕਸ ਅਤੇ ਖੋ-ਖੋ ਦੇ ਮੁਕਾਬਲੇ ਸਰਕਾਰੀ ਕਾਲਜ, ਫੇਜ਼-6, ਮੋਹਾਲੀ ਵਿਖੇ ਕਰਵਾਏ ਗਏ। ਇਸੇ ਤਰ੍ਹਾਂ ਕਬੱਡੀ ਨੈਸ਼ਨਲ ਸਟਾਈਲ, ਕਬੱਡੀ ਸਰਕਲ ਸਟਾਈਲ, ਕੁਸ਼ਤੀ, ਬੈਡਮਿੰਟਨ, ਬਾਸਕਟਬਾਲ, ਜੂਡੋ, ਟੇਬਲ ਟੈਨਿਸ ਅਤੇ ਗੱਤਕਾ ਦੇ ਮੁਕਾਬਲੇ ਸਪੋਰਟਸ ਕੰਪਲੈਕਸ, ਸੈਕਟਰ-78 ਵਿਖੇ ਹੋਏ।

ਬਾਕਸਿੰਗ, ਕਿਕ-ਬਾਕਸਿੰਗ, ਵਾਲੀਬਾਲ ਅਤੇ ਤੈਰਾਕੀ ਦੇ ਮੁਕਾਬਲੇ ਸਪੋਰਟਸ ਕੰਪਲੈਕਸ, ਸੈਕਟਰ-63 ਵਿਖੇ ਕਰਵਾਏ ਗਏ, ਜਦਕਿ ਹੈਂਡਬਾਲ ਅਤੇ ਫੁੱਟਬਾਲ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਫੇਜ਼-3ਬੀ-1, ਐਸ.ਏ.ਐਸ. ਨਗਰ ਵਿਖੇ ਹੋਏ। ਵੇਟਲਿਫਟਿੰਗ ਦੇ ਮੁਕਾਬਲੇ ਸੈਕਟਰ-80, ਮੌਲੀ ਬੈਦਵਾਨ ਵਿਖੇ ਕਰਵਾਏ ਗਏ।

ਅਥਲੈਟਿਕਸ ਦੇ ਨਤੀਜੇ

ਅੰਡਰ-21 ਵਰਗ ਦੇ ਸ਼ਾਟਪੁੱਟ ਮੁਕਾਬਲੇ ਵਿੱਚ ਸੰਜੀਵ ਗਿਰ ਪੁੱਤਰ ਸ੍ਰੀ ਮੋਹਨ ਗਿਰ, ਮੋਹਾਲੀ ਨੇ ਪਹਿਲਾ ਸਥਾਨ, ਜਸਪ੍ਰੀਤ ਸਿੰਘ ਪੁੱਤਰ ਸ੍ਰੀ ਹਰਜੀਤ ਸਿੰਘ, ਕੁਰਾਲੀ ਨੇ ਦੂਜਾ ਸਥਾਨ ਅਤੇ ਆਰੀਅਨ ਚੱਡਾ ਪੁੱਤਰ ਸ੍ਰੀ ਨਿਤੀਨ ਚੱਡਾ, ਖਰੜ ਨੇ ਤੀਜਾ ਸਥਾਨ ਹਾਸਲ ਕੀਤਾ।

ਅੰਡਰ-21 ਵਰਗ ਦੇ ਲੰਬੀ ਛਾਲ ਮੁਕਾਬਲੇ ਵਿੱਚ ਸੰਨੀ ਪੁੱਤਰ ਸ੍ਰੀ ਬਿਸ਼ਚੰਦ, ਮੋਹਾਲੀ ਨੇ ਪਹਿਲਾ ਸਥਾਨ, ਅਰਮਾਨ ਖਾਨ ਪੁੱਤਰ ਸ੍ਰੀ ਜਸਵਿੰਦਰ ਖਾਨ, ਮੋਹਾਲੀ ਨੇ ਦੂਜਾ ਸਥਾਨ ਅਤੇ ਬਲਵਿੰਦਰ ਸਿੰਘ, ਸਤਨਾਮ ਸਿੰਘ, ਮੋਹਾਲੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਜੂਡੋ ਦੇ ਨਤੀਜੇ

ਅੰਡਰ-14 ਲੜਕੀਆਂ ਦੇ 28 ਕਿਲੋਗ੍ਰਾਮ ਭਾਰ ਵਰਗ ਵਿੱਚ ਸਮੀਰਾ, ਸੇਂਟ ਸੋਲਜਰ ਸਕੂਲ, ਫੇਜ਼-7 ਨੇ ਪਹਿਲਾ ਸਥਾਨ, ਪ੍ਰਿਅੰਕਾ, ਸਰਕਾਰੀ ਮਿਡਲ ਸਕੂਲ ਬੜਮਾਜਰਾ ਨੇ ਦੂਜਾ ਸਥਾਨ, ਜਦਕਿ ਸੋਨਮ ਅਤੇ ਵਸ਼ਿੰਕਾ, ਸਰਕਾਰੀ ਪ੍ਰਾਇਮਰੀ ਸਕੂਲ ਬੜਮਾਜਰਾ ਨੇ ਤੀਜਾ ਸਥਾਨ ਹਾਸਲ ਕੀਤਾ।

ਅੰਡਰ-14 ਲੜਕੀਆਂ ਦੇ 32 ਕਿਲੋਗ੍ਰਾਮ ਭਾਰ ਵਰਗ ਵਿੱਚ ਪਿੰਕੀ, ਸਕੂਲ ਆਫ਼ ਐਮੀਨੈਂਸ, ਫੇਜ਼-3ਬੀ-1 ਨੇ ਪਹਿਲਾ ਸਥਾਨ, ਅਨੁਸ਼ਿਕਾ, ਸਰਕਾਰੀ ਮਿਡਲ ਸਕੂਲ ਬੜਮਾਜਰਾ ਨੇ ਦੂਜਾ ਸਥਾਨ ਅਤੇ ਅਮਨਜੋਤ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨੌਲੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਅੰਡਰ-14 ਲੜਕਿਆਂ ਦੇ 30 ਕਿਲੋਗ੍ਰਾਮ ਭਾਰ ਵਰਗ ਵਿੱਚ ਵੰਸ਼, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੀੜਾ ਨੇ ਪਹਿਲਾ ਸਥਾਨ, ਜਸ਼ਨਦੀਪ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੀੜਾ ਨੇ ਦੂਜਾ ਸਥਾਨ ਅਤੇ ਨੀਤਿਨ ਤੇ ਸੰਜੀਵ, ਸਰਕਾਰੀ ਮਿਡਲ ਸਕੂਲ ਬੜਮਾਜਰਾ ਨੇ ਤੀਜਾ ਸਥਾਨ ਹਾਸਲ ਕੀਤਾ।

ਬਾਕਸਿੰਗ ਦੇ ਨਤੀਜੇ

ਅੰਡਰ-21 ਲੜਕਿਆਂ ਦੇ 55-60 ਕਿਲੋਗ੍ਰਾਮ ਭਾਰ ਵਰਗ ਵਿੱਚ ਅਰਮਾਨਜੋਤ ਸਿੰਘ ਨੇ ਪਹਿਲਾ ਸਥਾਨ, ਰੋਹਿਤ ਸਿੰਘ ਨੇ ਦੂਜਾ ਸਥਾਨ ਅਤੇ ਅਯਾਨ ਡੇਗਰਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਅੰਡਰ-21 ਲੜਕੀਆਂ ਦੇ 51-54 ਕਿਲੋਗ੍ਰਾਮ ਭਾਰ ਵਰਗ ਵਿੱਚ ਹਰਮੀਤ ਕੌਰ ਨੇ ਪਹਿਲਾ ਸਥਾਨ ਅਤੇ ਸ਼ਿਵਾਨੀ ਕੁਮਾਰੀ ਨੇ ਦੂਜਾ ਸਥਾਨ ਹਾਸਲ ਕੀਤਾ।

ਜ਼ਿਲ੍ਹਾ ਖੇਡ ਅਫ਼ਸਰ, ਐਸ.ਏ.ਐਸ. ਨਗਰ ਸ੍ਰੀਮਤੀ ਉਮੇਸ਼ਵਰੀ ਸ਼ਰਮਾ ਵੱਲੋਂ ਵੱਖ-ਵੱਖ ਖੇਡ ਸਥਾਨਾਂ ਦਾ ਦੌਰਾ ਕਰਕੇ ਖੇਡ ਮੁਕਾਬਲਿਆਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਨੇ ਵੱਖ-ਵੱਖ ਖੇਡ ਮੈਦਾਨਾਂ ਵਿੱਚ ਪਹੁੰਚ ਕੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।

ਜ਼ਿਲ੍ਹਾ ਖੇਡ ਅਫ਼ਸਰ ਨੇ ਖਿਡਾਰੀਆਂ ਨੂੰ ਪੂਰੀ ਖੇਡ ਭਾਵਨਾ ਨਾਲ ਮੁਕਾਬਲਿਆਂ ਵਿੱਚ ਹਿੱਸਾ ਲੈਣ ਅਤੇ ਜ਼ਿਲ੍ਹੇ ਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਲਈ ਲਗਾਤਾਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜਿੱਤ ਅਤੇ ਹਾਰ ਖੇਡ ਦਾ ਹਿੱਸਾ ਹਨ, ਪਰ ਮੈਦਾਨ ਵਿੱਚ ਇਮਾਨਦਾਰੀ, ਅਨੁਸ਼ਾਸਨ ਅਤੇ ਪੂਰੀ ਮਿਹਨਤ ਨਾਲ ਖੇਡਣਾ ਹੀ ਇੱਕ ਸੱਚੇ ਖਿਡਾਰੀ ਦੀ ਪਹਿਚਾਣ ਹੈ।