ਨਵਾਂਸ਼ਹਿਰ/ਕਾਠਗੜ੍ਹ, 12 ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ):- ਕਾਠਗੜ੍ਹ ਬੱਸ ਅੱਡੇ ਨੇੜੇ ਦਾਣਾ ਮੰਡੀ ਵਿੱਚੋਂ ਇੱਕ ਬੇਪਛਾਣ ਬਜ਼ੁਰਗ ਵਿਅਕਤੀ ਦੀ ਲਾਸ਼ ਮਿਲਣ ਨਾਲ ਪੂਰੇ ਕਸਬੇ ਵਿੱਚ ਸੋਗ ਅਤੇ ਸਨਸਨੀ ਦਾ ਮਾਹੌਲ ਬਣ ਗਿਆ। ਮ੍ਰਿਤਕ ਦੀ ਉਮਰ ਲਗਭਗ 60–65 ਸਾਲ ਦੱਸੀ ਜਾ ਰਹੀ ਹੈ। ਇਹ ਵਿਅਕਤੀ ਕਈ ਦਿਨਾਂ ਤੋਂ ਬੇਸਹਾਰਾ ਹਾਲਤ ਵਿੱਚ ਇੱਧਰ-ਉੱਧਰ ਭਟਕ ਰਿਹਾ ਸੀ। ਅੱਜ ਰਾਹਗੀਰਾਂ ਨੇ ਉਸ ਦੀ ਲਾਸ਼ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਦੇ ਗਰਾਊਂਡ ਦੇ ਸਾਹਮਣੇ ਬਣੇ ਬੱਸ ਸਟੈਂਡ ਨੇੜੇ ਸਥਿਤ ਬਾਥਰੂਮ ਦੇ ਬਾਹਰ ਦੇਖੀ, ਜਿਸ ਤੋਂ ਬਾਅਦ ਥਾਣਾ ਕਾਠਗੜ੍ਹ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਚਾਹਲ ਮੈਡੀਕਲ ਸਟੋਰ ਮਾਰਕੀਟ ਦੇ ਇੱਕ ਦੁਕਾਨਦਾਰ ਨੇ ਇਸ ਲਾਸ਼ ਬਾਰੇ ਥਾਣਾ ਕਾਠਗੜ੍ਹ ਨੂੰ ਜਾਣਕਾਰੀ ਦਿੱਤੀ। ਮੌਕੇ ’ਤੇ ਪਹੁੰਚੇ ਏਐਸਆਈ ਕੁਲਵਿੰਦਰ ਸਿੰਘ ਅਤੇ ਏਐਸਆਈ ਰਾਮ ਸ਼ਾਹ ਨੇ ਦੱਸਿਆ ਕਿ ਨਿੱਜੀ ਵਾਹਨ ਦਾ ਪ੍ਰਬੰਧ ਕਰਕੇ ਲਾਸ਼ ਨੂੰ ਸਿਵਲ ਹਸਪਤਾਲ, ਬਲਾਚੌਰ ਪਹੁੰਚਾਉਣ ਦਾ ਉਪਰਾਲਾ ਕੀਤਾ ਗਿਆ ਹੈ। ਅਗਲੀ ਕਾਨੂੰਨੀ ਕਾਰਵਾਈ ਤਹਿਤ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਇਸ ਤੋਂ ਬਾਅਦ ਇਸ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ, ਬਲਾਚੌਰ ਦੀ ਮੋਰਚਰੀ ਵਿੱਚ ਰੱਖਿਆ ਜਾਵੇਗਾ। ਜੇਕਰ ਇਸ ਸਮੇਂ ਦੌਰਾਨ ਕੋਈ ਵਾਰਸ ਸਾਹਮਣੇ ਨਹੀਂ ਆਉਂਦਾ ਤਾਂ ਲਾਸ਼ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ। ਪੁਲਿਸ ਵੱਲੋਂ ਮ੍ਰਿਤਕ ਦੀ ਪਛਾਣ ਕਰਨ ਅਤੇ ਉਸ ਦੇ ਪਰਿਵਾਰ ਦਾ ਪਤਾ ਲਗਾਉਣ ਲਈ ਆਸ-ਪਾਸ ਦੇ ਇਲਾਕਿਆਂ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ, ਤਾਂ ਜੋ ਉਸ ਦਾ ਅੰਤਿਮ ਸੰਸਕਾਰ ਪੂਰੇ ਸਨਮਾਨ ਨਾਲ ਕੀਤਾ ਜਾ ਸਕੇ।
