ਊਨਾ, 16 ਅਕਤੂਬਰ:- ਵੱਡੇ ਉਦਯੋਗਾਂ ਨਾਲ ਕਾਰੋਬਾਰ ਦੇ ਮੌਕੇ ਤਲਾਸ਼ ਰਹੇ ਊਨਾ ਦੇ ਉੱਦਮੀਆਂ ਨੂੰ ਸ਼ੁੱਕਰਵਾਰ ਨੂੰ ਵੈਂਡਰ ਡਿਵੈਲਪਮੈਂਟ ਪ੍ਰੋਗਰਾਮ ਦੌਰਾਨ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਸਿੱਧਾ ਗੱਲਬਾਤ ਕਰਨ ਦਾ ਮੌਕਾ ਮਿਲਿਆ। ਗੁਲਮੋਹਰ ਗ੍ਰੈਂਡ ਹੋਟਲ ਵਿੱਚ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਸੂਖਮ ਅਤੇ ਛੋਟੇ ਉੱਦਮਾਂ ਅਤੇ ਸਵੈ-ਸਹਾਇਤਾ ਸਮੂਹਾਂ ਦੇ 140 ਨੁਮਾਇੰਦਿਆਂ ਨੇ ਭਾਗ ਲਿਆ। ਇਹ ਪ੍ਰੋਗਰਾਮ ਹਿਮਾਚਲ ਪ੍ਰਦੇਸ਼ ਸਰਕਾਰ ਦੇ ਉਦਯੋਗ ਵਿਭਾਗ ਅਤੇ ਹਿਮਾਚਲ ਪ੍ਰਦੇਸ਼ ਸੈਂਟਰ ਫਾਰ ਐਂਟਰਪ੍ਰਿਨਿਓਰਸ਼ਿਪ ਡਿਵੈਲਪਮੈਂਟ (ਐਚਪੀਸੀਈਡੀ) ਦੇ ਸਹਿਯੋਗ ਨਾਲ ਰੈਂਪ ਯੋਜਨਾ ਤਹਿਤ ਕਰਵਾਇਆ ਗਿਆ।

ਵੰਡਰ ਵਰਕਸ, ਟਿੰਜ ਕੰਸਲਟੈਂਸੀ ਐਂਡ ਸਕਿੱਲ ਲੈਬਜ਼ ਵੱਲੋਂ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਉਦਯੋਗ ਵਿਭਾਗ, ਊਨਾ ਦੇ ਸੰਯੁਕਤ ਨਿਰਦੇਸ਼ਕ ਅੰਸ਼ੁਲ ਧੀਮਾਨ ਨੇ ਭਾਗੀਦਾਰਾਂ ਨੂੰ ਸੰਬੋਧਨ ਕੀਤਾ। ਪ੍ਰੋਗਰਾਮ ਦਾ ਉਦੇਸ਼ ਸਥਾਨਕ ਉੱਦਮਾਂ ਨੂੰ ਵੱਡੇ ਉਦਯੋਗਾਂ, ਸੰਭਾਵੀ ਖਰੀਦਦਾਰਾਂ ਅਤੇ ਵਿੱਤੀ ਸੰਸਥਾਵਾਂ ਨਾਲ ਜੋੜਨਾ ਅਤੇ ਉਨ੍ਹਾਂ ਲਈ ਕਾਰੋਬਾਰ ਤੇ ਸਪਲਾਈ ਦੇ ਨਵੇਂ ਮੌਕੇ ਉਪਲਬਧ ਕਰਵਾਉਣਾ ਸੀ।

ਪ੍ਰੋਗਰਾਮ ਦੌਰਾਨ ਸਿਡਬੀ, ਨੇਸਲੇ ਇੰਡੀਆ ਲਿਮਟਿਡ, ਸਵਿਸ ਗਾਰਨਿਅਰ ਲਾਈਫ ਸਾਇੰਸ, ਸਟੈਨਫੋਰਡ ਲੈਬੋਰਟਰੀਜ਼ ਪ੍ਰਾਈਵੇਟ ਲਿਮਟਿਡ, ਮਾਨਿਕਾ ਪਲਾਸਟੈਕ ਲਿਮਟਿਡ, ਕ੍ਰੇਮਿਕਾ ਫੂਡ ਪਾਰਕ ਪ੍ਰਾਈਵੇਟ ਲਿਮਟਿਡ, ਲਿਵਗਾਰਡ, ਸਪੇਨ ਫਾਰਮੂਲੇਸ਼ਨਜ਼ ਪ੍ਰਾਈਵੇਟ ਲਿਮਟਿਡ ਅਤੇ ਲੂਮਿਨਸ ਦੇ ਨੁਮਾਇੰਦਿਆਂ ਨੇ ਪੇਸ਼ਕਾਰੀਆਂ ਦਿੱਤੀਆਂ। ਉਨ੍ਹਾਂ ਨੇ ਕੰਪਨੀਆਂ ਦੀਆਂ ਖਰੀਦ ਸਬੰਧੀ ਲੋੜਾਂ, ਲੋੜੀਂਦੇ ਉਤਪਾਦਾਂ ਅਤੇ ਸੇਵਾਵਾਂ, ਵਿਕਰੇਤਾ ਬਣਨ ਲਈ ਯੋਗਤਾ ਦੇ ਮਾਪਦੰਡਾਂ ਅਤੇ ਰਜਿਸਟ੍ਰੇਸ਼ਨ ਪ੍ਰਕਿਰਿਆ ਬਾਰੇ ਜਾਣਕਾਰੀ ਸਾਂਝੀ ਕੀਤੀ। ਉੱਦਮੀਆਂ ਨੂੰ ਉਪਲਬਧ ਵਿੱਤੀ ਸਹਾਇਤਾ ਬਾਰੇ ਵੀ ਜਾਣਕਾਰੀ ਦਿੱਤੀ ਗਈ।

ਇਸ ਤੋਂ ਬਾਅਦ ਹਿਮਾਚਲ ਪ੍ਰਦੇਸ਼ ਸਰਕਾਰ ਦੇ ਉਦਯੋਗ ਵਿਭਾਗ ਦੀ ਸੰਯੁਕਤ ਨਿਰਦੇਸ਼ਕ ਦੀਪਿਕਾ ਖੱਤਰੀ ਨੇ ਉਦਯੋਗਿਕ ਨੁਮਾਇੰਦਿਆਂ ਅਤੇ ਸੂਖਮ ਤੇ ਛੋਟੇ ਉੱਦਮਾਂ ਦੇ ਮੈਂਬਰਾਂ ਨੂੰ ਸੰਬੋਧਨ ਕੀਤਾ। ਸਵਾਲ-ਜਵਾਬ ਸੈਸ਼ਨ ਦੌਰਾਨ ਭਾਗੀਦਾਰਾਂ ਨੇ ਕੰਪਨੀਆਂ ਦੇ ਨੁਮਾਇੰਦਿਆਂ ਤੋਂ ਖਰੀਦ ਪ੍ਰਕਿਰਿਆ ਅਤੇ ਵਿਕਰੇਤਾ ਰਜਿਸਟ੍ਰੇਸ਼ਨ ਨਾਲ ਸਬੰਧਤ ਸਵਾਲ ਪੁੱਛੇ। ਇਸ ਦੇ ਨਾਲ ਹੀ ਕੰਪਨੀਆਂ ਦੀਆਂ ਲੋੜਾਂ ਅਨੁਸਾਰ ਉਤਪਾਦਾਂ ਅਤੇ ਸੇਵਾਵਾਂ ਦੀ ਸਪਲਾਈ ਕਰਨ ਅਤੇ ਉਨ੍ਹਾਂ ਨਾਲ ਕਾਰੋਬਾਰ ਸ਼ੁਰੂ ਕਰਨ ਦੀਆਂ ਸੰਭਾਵਨਾਵਾਂ ਬਾਰੇ ਵੀ ਚਰਚਾ ਕੀਤੀ ਗਈ।