ਪਟਿਆਲਾ, 17 ਨਵੰਬਰ (ਪਰਮਜੀਤ ਸਿੰਘ ਪਰਵਾਨਾ):- ਪਟਿਆਲਾ ਪੁਲਿਸ ਨੇ ਸਥਾਨਕ ਪ੍ਰਾਪਰਟੀ ਡੀਲਰ ’ਤੇ ਹੋਏ ਹਮਲੇ ਵਿੱਚ ਸ਼ਾਮਲ ਦੋ ਹੋਰ ਹਮਲਾਵਰਾਂ ਨੂੰ ਅੱਜ ਇੱਕ ਮੁਕਾਬਲੇ ਦੌਰਾਨ ਜ਼ਖ਼ਮੀ ਹੋਣ ਤੋਂ ਬਾਅਦ ਕਾਬੂ ਕਰ ਲਿਆ। ਇਹ ਗੈਂਗਸਟਰ ਵਿਦੇਸ਼ ਵਿੱਚ ਬੈਠੇ ਬੌਬੀ ਮਾਹੀ ਦੇ ਸਾਥੀ ਦੱਸੇ ਜਾਂਦੇ ਹਨ। ਐੱਸ.ਐੱਸ.ਪੀ. ਪਟਿਆਲਾ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਪ੍ਰਾਪਰਟੀ ਡੀਲਰ ਸੁਖਵਿੰਦਰ ਸਿੰਘ ਗਾਗੂ ’ਤੇ ਹਮਲੇ ਸਮੇਂ ਤਿੰਨ ਹਮਲਾਵਰਾਂ ਵਿੱਚੋਂ ਇੱਕ ਯੁਗੇਸ਼ ਨੇਗੀ ਵਾਸੀ ਗਰਿਡ ਕਲੋਨੀ, ਪਟਿਆਲਾ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ।
ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਅੱਜ ਗੁਪਤ ਸੂਚਨਾ ਮਿਲੀ ਕਿ ਫਾਇਰਿੰਗ ਦੀ ਘਟਨਾ ਵਿੱਚ ਸ਼ਾਮਲ ਦੂਜੇ ਦੋ ਮੁਲਜ਼ਮ ਸਨੀ ਅਤੇ ਅਸ਼ਵਨੀ ਕੁਮਾਰ, ਦੋਵੇਂ ਪਟਿਆਲਾ ਵਾਸੀ, ਮੋਟਰਸਾਈਕਲ ’ਤੇ ਸਵਾਰ ਹੋ ਕੇ ਪਟਿਆਲਾ-ਸੰਗਰੂਰ ਬਾਈਪਾਸ ’ਤੇ ਪਿੰਡ ਡਕਾਲਾ-ਤਰੈਂ ਨੇੜੇ ਘੁੰਮ ਰਹੇ ਹਨ। ਪੁਲਿਸ ਪਾਰਟੀ ਨੇ ਉੱਥੇ ਨਾਕਾਬੰਦੀ ਕੀਤੀ। ਜਦੋਂ ਨਾਕੇ ’ਤੇ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਆਪਣੇ ਪਿਸਤੌਲਾਂ ਨਾਲ ਫਾਇਰਿੰਗ ਸ਼ੁਰੂ ਕਰ ਦਿੱਤੀ।
ਪੁਲਿਸ ਪਾਰਟੀ ਨੇ ਆਪਣੀ ਰੱਖਿਆ ਲਈ ਜਵਾਬੀ ਫਾਇਰਿੰਗ ਕੀਤੀ, ਜਿਸ ਦੌਰਾਨ ਮੁਲਜ਼ਮ ਸਨੀ ਅਤੇ ਅਸ਼ਵਨੀ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਦਾਖ਼ਲ ਕਰਵਾਇਆ ਗਿਆ। ਮੌਕੇ ਤੋਂ ਦੋ ਪਿਸਤੌਲ, ਕੁਝ ਜ਼ਿੰਦਾ ਕਾਰਤੂਸ ਅਤੇ ਖਾਲੀ ਖੋਲ ਬਰਾਮਦ ਕੀਤੇ ਗਏ ਹਨ।
ਐੱਸ.ਐੱਸ.ਪੀ. ਹਰਮਨਦੀਪ ਸਿੰਘ ਹਾਂਸ ਨੇ ਹੋਰ ਦੱਸਿਆ ਕਿ ਦੋਵੇਂ ਜ਼ਖ਼ਮੀ ਮੁਲਜ਼ਮਾਂ ਨੂੰ ਰਜਿੰਦਰਾ ਹਸਪਤਾਲ, ਪਟਿਆਲਾ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਪੁਲਿਸ ਕਾਰਵਾਈ ਸਬੰਧੀ ਥਾਣਾ ਪਸਿਆਣਾ ਵਿਖੇ ਵੱਖਰਾ ਮੁਕੱਦਮਾ ਦਰਜ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
