ਪਟਿਆਲਾ (ਮਨਪ੍ਰੀਤ ਸਿੰਘ):- ਪੰਜਾਬ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਅਤੇ ਸੰਵਿਧਾਨ ਦਿਵਸ ਤੇ ਸਾਹਿਬ ਕਾਂਸ਼ੀ ਰਾਮ ਜੀ ਦੇ ਜੀਵਨ ਅਤੇ ਸੰਘਰਸ਼ਾਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਡਾ. ਅੰਬੇਡਕਰ ਸਟੂਡੈਂਟ ਫਰੰਟ ਆਫ ਇੰਡੀਆ (ਡਾਸਫੀ) ਵੱਲੋਂ ਪ੍ਰਧਾਨ ਪ੍ਰੀਤ ਕਾਂਸ਼ੀ ਦੀ ਅਗਵਾਈ ਹੇਠ ਫੈਕਟਰੀ ਏਰੀਆ ਵਿਖੇ ਸਥਿਤ ਸ੍ਰੀ ਗੁਰੂ ਰਵਿਦਾਸ ਬੇਗਮਪੁਰਾ ਧਾਮ ਤੋਂ ਬੀਤੇ ਦਿਨੀਂ ਦੋ ਰੋਜ਼ਾ ਸਮਾਜਿਕ ਪਰਿਵਰਤਨ ਸਾਈਕਲ ਯਾਤਰਾ ਕੱਢੀ ਗਈ ਸੀ। ਇਸ ਯਾਤਰਾ ਨੂੰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਅਤੇ ਪਿੰਡਾਂ ਦੇ ਲੋਕਾਂ ਵੱਲੋਂ ਭਰਪੂਰ ਸਮਰਥਨ ਅਤੇ ਸਨਮਾਨ ਦਿੱਤਾ ਗਿਆ। ਉਕਤ ਸਾਈਕਲ ਯਾਤਰਾ ਮੁੜ ਸ੍ਰੀ ਗੁਰੂ ਰਵਿਦਾਸ ਬੇਗਮਪੁਰਾ ਧਾਮ, ਫੈਕਟਰੀ ਏਰੀਆ ਵਿਖੇ ਪਹੁੰਚ ਕੇ ਸਮਾਪਤ ਹੋਈ।

ਯਾਤਰਾ ਦੇ ਅਮਨ-ਸ਼ਾਂਤੀ ਨਾਲ ਸਫਲਤਾਪੂਰਵਕ ਸੰਪੰਨ ਹੋਣ ’ਤੇ ਡਾਸਫੀ ਦੇ ਪ੍ਰਧਾਨ ਪ੍ਰੀਤ ਕਾਂਸ਼ੀ, ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਦਰਸ਼ਨ ਕਟਾਰੀਆ, ਜਸਪਾਲ ਸਿੰਘ, ਕੇਸਰ ਸਿੰਘ, ਅਸ਼ੋਕ ਕੁਮਾਰ, ਜਰਨੈਲ ਸਿੰਘ ਸਵਾਜਪੁਰ, ਜਸਪ੍ਰੀਤ ਕੌਰ ਐਡਵੋਕੇਟ, ਕੁਸ਼ਵਿੰਦਰ ਕਲਿਆਣ ਆਦਿ ਆਗੂਆਂ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦਾ ਸ਼ੁਕਰਾਨਾ ਅਦਾ ਕੀਤਾ ਗਿਆ।

ਇਸ ਮੌਕੇ ਇਨ੍ਹਾਂ ਆਗੂਆਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਡਾਸਫੀ ਵੱਲੋਂ ਕੱਢੀ ਗਈ ਦੋ ਰੋਜ਼ਾ ਸਾਈਕਲ ਯਾਤਰਾ ਦੀ ਸਫਲਤਾ ਵਿੱਚ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਅਤੇ ਮੈਂਬਰਾਂ ਦੀ ਮਿਹਨਤ ਅਤੇ ਸੰਘਰਸ਼ ਦਾ ਅਹਿਮ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮਾਜ ਨੂੰ ਜਾਗਰੂਕ ਕਰਨ ਅਤੇ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਲਈ ਸੰਸਥਾ ਦੇ ਉਪਰਾਲੇ ਨਿਰੰਤਰ ਜਾਰੀ ਰਹਿਣਗੇ।

ਇਸ ਮੌਕੇ ਰਣਧੀਰ ਸਿੰਘ, ਸ਼ਵੇਤਾ ਕਾਂਸ਼ੀ, ਲਖਵਿੰਦਰ ਕੌਰ, ਸਿਮਰਨ ਥੇੜੀ, ਮੋਤੀ ਲਾਲ, ਰਾਮ ਰਵਿਦਾਸੀਆ, ਰਾਜਵੀਰ ਸਿੰਘ ਭਵਾਨੀਗੜ੍ਹ, ਗੁਰਵਿੰਦਰ ਸਿੰਘ, ਗਗਨਦੀਪ ਸਿੰਘ, ਬਲਵਿੰਦਰ ਸਿੰਘ, ਧੰਨਾ ਸਿੰਘ, ਗੁਲਾਬ ਸਿੰਘ, ਸਤਵਿੰਦਰ ਸਿੰਘ ਕਾਲਾ ਆਦਿ ਵੱਖ-ਵੱਖ ਸੰਸਥਾਵਾਂ ਦੇ ਆਗੂ ਹਾਜ਼ਰ ਸਨ।