ਪਟਿਆਲਾ (ਮਨਪ੍ਰੀਤ ਸਿੰਘ):- ਪੰਜਾਬ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ, ਸੰਵਿਧਾਨ ਦਿਵਸ ਅਤੇ ਸਾਹਿਬ ਕਾਂਸ਼ੀ ਰਾਮ ਜੀ ਦੇ ਜੀਵਨ ਸੰਘਰਸ਼ਾਂ ਬਾਰੇ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਡਾ. ਅੰਬੇਡਕਰ ਸਟੂਡੈਂਟ ਫਰੰਟ ਆਫ ਇੰਡੀਆ (ਡਾਸਫੀ) ਵੱਲੋਂ ਪ੍ਰਧਾਨ ਪ੍ਰੀਤ ਕਾਂਸ਼ੀ ਦੀ ਅਗਵਾਈ ਹੇਠ ਫੈਕਟਰੀ ਏਰੀਆ ਸਥਿਤ ਸ੍ਰੀ ਗੁਰੂ ਰਵਿਦਾਸ ਬੇਗਮਪੁਰਾ ਧਾਮ ਤੋਂ ਕੱਢੀ ਗਈ ਦੋ ਰੋਜ਼ਾ ਸਮਾਜਿਕ ਪਰਿਵਰਤਨ ਸਾਈਕਲ ਯਾਤਰਾ ਸਫਲਤਾਪੂਰਵਕ ਸਮਾਪਤ ਹੋ ਗਈ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਅਤੇ ਪਿੰਡਾਂ ਦੇ ਲੋਕਾਂ ਵੱਲੋਂ ਇਸ ਯਾਤਰਾ ਨੂੰ ਭਰਪੂਰ ਸਮਰਥਨ ਅਤੇ ਸਨਮਾਨ ਦਿੱਤਾ ਗਿਆ।
ਇਹ ਸਾਈਕਲ ਯਾਤਰਾ ਮੁੜ ਸ੍ਰੀ ਗੁਰੂ ਰਵਿਦਾਸ ਬੇਗਮਪੁਰਾ ਧਾਮ, ਫੈਕਟਰੀ ਏਰੀਆ ਵਿਖੇ ਪਹੁੰਚ ਕੇ ਸਮਾਪਤ ਹੋਈ। ਯਾਤਰਾ ਦੇ ਅਮਨ-ਸ਼ਾਂਤੀ ਨਾਲ ਸਫਲ ਹੋਣ ’ਤੇ ਡਾਸਫੀ ਪ੍ਰਧਾਨ ਪ੍ਰੀਤ ਕਾਂਸ਼ੀ, ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਦਰਸ਼ਨ ਕਟਾਰੀਆ, ਜਸਪਾਲ ਸਿੰਘ, ਕੇਸਰ ਸਿੰਘ, ਅਸ਼ੋਕ ਕੁਮਾਰ, ਜਰਨੈਲ ਸਿੰਘ ਸਵਾਜਪੁਰ, ਐਡਵੋਕੇਟ ਜਸਪ੍ਰੀਤ ਕੌਰ ਅਤੇ ਕੁਸ਼ਵਿੰਦਰ ਕਲਿਆਣ ਸਮੇਤ ਹੋਰ ਆਗੂਆਂ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦਾ ਸ਼ੁਕਰਾਨਾ ਅਦਾ ਕੀਤਾ ਗਿਆ।
ਇਸ ਮੌਕੇ ਆਗੂਆਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਡਾਸਫੀ ਵੱਲੋਂ ਕੱਢੀ ਗਈ ਦੋ ਰੋਜ਼ਾ ਸਾਈਕਲ ਯਾਤਰਾ ਦੀ ਸਫਲਤਾ ਵਿੱਚ ਵੱਖ-ਵੱਖ ਸਮੂਹਾਂ ਦੇ ਆਗੂਆਂ ਅਤੇ ਮੈਂਬਰਾਂ ਦੀ ਮਿਹਨਤ ਤੇ ਸੰਘਰਸ਼ ਦਾ ਅਹਿਮ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮਾਜ ਨੂੰ ਜਾਗਰੂਕ ਕਰਨ ਅਤੇ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਲਈ ਸੰਸਥਾ ਦੇ ਉਪਰਾਲੇ ਨਿਰੰਤਰ ਜਾਰੀ ਰਹਿਣਗੇ।
ਇਸ ਮੌਕੇ ਰਣਧੀਰ ਸਿੰਘ, ਸ਼ਵੇਤਾ ਕਾਂਸ਼ੀ, ਲਖਵਿੰਦਰ ਕੌਰ, ਸਿਮਰਨ ਥੇੜੀ, ਮੋਤੀ ਲਾਲ, ਰਾਮ ਰਵਿਦਾਸੀਆ, ਰਾਜਵੀਰ ਸਿੰਘ ਭਵਾਨੀਗੜ੍ਹ, ਗੁਰਵਿੰਦਰ ਸਿੰਘ, ਗਗਨਦੀਪ ਸਿੰਘ, ਬਲਵਿੰਦਰ ਸਿੰਘ, ਧੰਨਾ ਸਿੰਘ, ਗੁਲਾਬ ਸਿੰਘ ਅਤੇ ਸਤਵਿੰਦਰ ਸਿੰਘ ਕਾਲਾ ਸਮੇਤ ਵੱਖ-ਵੱਖ ਸੰਸਥਾਵਾਂ ਦੇ ਆਗੂ ਹਾਜ਼ਰ ਸਨ।
