ਮੋਹਾਲੀ:- ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ, ਮੋਹਾਲੀ ਦੀ ਡਾਇਰੈਕਟਰ – ਐਂਡੋਕ੍ਰਾਈਨੋਲੋਜੀ ਡਾ. ਐਮੀ ਗਰੇਵਾਲ ਨੇ ਕਿਹਾ, “ਬਿਮਾਰੀ ਦੀ ਸਮੇਂ ਸਿਰ ਪਛਾਣ, ਢੁੱਕਵਾਂ ਇਲਾਜ ਅਤੇ ਜੀਵਨਸ਼ੈਲੀ ਵਿੱਚ ਲਗਾਤਾਰ ਬਦਲਾਅ ਅਪਣਾ ਕੇ ਸ਼ੂਗਰ ਤੋਂ ਪੀੜਤ ਲੋਕ ਵੀ ਸਿਹਤਮੰਦ ਅਤੇ ਸਰਗਰਮ ਜੀਵਨ ਬਤੀਤ ਕਰ ਸਕਦੇ ਹਨ।”

ਡਾ. ਗਰੇਵਾਲ ਨੇ ਦੱਸਿਆ ਕਿ ਸ਼ੂਗਰ ਮੁੱਖ ਤੌਰ 'ਤੇ ਤਿੰਨ ਕਿਸਮਾਂ ਦੀ ਹੁੰਦੀ ਹੈ – ਟਾਈਪ-1, ਟਾਈਪ-2 ਅਤੇ ਗਰਭਕਾਲੀ ਸ਼ੂਗਰ। ਇਨ੍ਹਾਂ ਤਿੰਨਾਂ ਦੇ ਕਾਰਨ ਵੱਖੋ-ਵੱਖਰੇ ਹੁੰਦੇ ਹਨ ਅਤੇ ਇਨ੍ਹਾਂ ਦੇ ਇਲਾਜ ਤੇ ਪ੍ਰਬੰਧਨ ਲਈ ਵੀ ਵੱਖਰੇ ਤਰੀਕੇ ਅਪਣਾਉਣ ਦੀ ਲੋੜ ਹੁੰਦੀ ਹੈ।

ਟਾਈਪ-1 ਸ਼ੂਗਰ ਉਦੋਂ ਵਿਕਸਤ ਹੁੰਦੀ ਹੈ, ਜਦੋਂ ਸਰੀਰ ਦੀ ਰੋਗ-ਰੋਧਕ ਪ੍ਰਣਾਲੀ ਗਲਤੀ ਨਾਲ ਪੈਂਕ੍ਰਿਆਸ ਦੇ ਇਨਸੁਲਿਨ ਬਣਾਉਣ ਵਾਲੇ ਸੈੱਲਾਂ 'ਤੇ ਹਮਲਾ ਕਰਦੀ ਹੈ। ਇਸ ਸਥਿਤੀ ਵਿੱਚ ਜੀਵਨ ਭਰ ਇਨਸੁਲਿਨ ਥੈਰੇਪੀ ਦੀ ਲੋੜ ਹੁੰਦੀ ਹੈ। ਟਾਈਪ-2 ਸ਼ੂਗਰ ਇਸ ਬਿਮਾਰੀ ਦੀ ਸਭ ਤੋਂ ਆਮ ਕਿਸਮ ਹੈ। ਇਸ ਵਿੱਚ ਸਰੀਰ ਇਨਸੁਲਿਨ ਪ੍ਰਤੀ ਰੋਧਕ ਹੋ ਜਾਂਦਾ ਹੈ ਜਾਂ ਖੂਨ ਵਿੱਚ ਗਲੂਕੋਜ਼ ਦਾ ਪੱਧਰ ਕਾਬੂ ਵਿੱਚ ਰੱਖਣ ਲਈ ਲੋੜੀਂਦੀ ਇਨਸੁਲਿਨ ਪੈਦਾ ਨਹੀਂ ਕਰ ਪਾਉਂਦਾ। ਦੂਜੇ ਪਾਸੇ, ਗਰਭਕਾਲੀ ਸ਼ੂਗਰ ਗਰਭ ਅਵਸਥਾ ਦੌਰਾਨ ਵਿਕਸਤ ਹੁੰਦੀ ਹੈ ਅਤੇ ਮਾਂ ਤੇ ਬੱਚੇ ਦੋਵਾਂ ਦੀ ਸਿਹਤ ਦੀ ਸੁਰੱਖਿਆ ਲਈ ਇਸ ਦੀ ਧਿਆਨ ਨਾਲ ਨਿਗਰਾਨੀ ਅਤੇ ਇਲਾਜ ਜ਼ਰੂਰੀ ਹੁੰਦਾ ਹੈ।

ਉਨ੍ਹਾਂ ਦੱਸਿਆ ਕਿ ਟਾਈਪ-2 ਸ਼ੂਗਰ ਹੌਲੀ-ਹੌਲੀ ਵਿਕਸਤ ਹੋ ਸਕਦੀ ਹੈ ਅਤੇ ਕਈ ਵਾਰ ਇਸ ਦੇ ਸਪੱਸ਼ਟ ਲੱਛਣ ਦਿਖਾਈ ਨਹੀਂ ਦਿੰਦੇ। ਇਸ ਲਈ ਜਿਨ੍ਹਾਂ ਲੋਕਾਂ ਦੇ ਪਰਿਵਾਰ ਵਿੱਚ ਸ਼ੂਗਰ ਦੀ ਬਿਮਾਰੀ ਦਾ ਇਤਿਹਾਸ ਰਿਹਾ ਹੈ, ਜਿਨ੍ਹਾਂ ਦਾ ਭਾਰ ਵੱਧ ਹੈ ਜਾਂ ਜਿਨ੍ਹਾਂ ਦੀ ਜੀਵਨਸ਼ੈਲੀ ਵਿੱਚ ਸਰੀਰਕ ਸਰਗਰਮੀ ਦੀ ਘਾਟ ਹੈ, ਉਨ੍ਹਾਂ ਲਈ ਨਿਯਮਤ ਸਿਹਤ ਜਾਂਚ ਬਹੁਤ ਮਹੱਤਵਪੂਰਨ ਹੈ।

ਸ਼ੂਗਰ ਦੇ ਵਿਆਪਕ ਪ੍ਰਬੰਧਨ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਡਾ. ਗਰੇਵਾਲ ਨੇ ਕਿਹਾ ਕਿ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਾਬੂ ਕਰਨ ਲਈ ਸਿਹਤਮੰਦ ਖੁਰਾਕ, ਨਿਯਮਤ ਸਰੀਰਕ ਸਰਗਰਮੀ, ਭਾਰ ਦਾ ਢੁੱਕਵਾਂ ਪ੍ਰਬੰਧਨ ਅਤੇ ਲੋੜ ਅਨੁਸਾਰ ਦਵਾਈਆਂ ਦਾ ਸੇਵਨ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨਿਯਮਤ ਸਰੀਰਕ ਸਰਗਰਮੀ ਨਾਲ ਸਰੀਰ ਦੀ ਇਨਸੁਲਿਨ ਪ੍ਰਤੀ ਸੰਵੇਦਨਸ਼ੀਲਤਾ ਬਿਹਤਰ ਹੁੰਦੀ ਹੈ, ਜਦਕਿ ਡਾਕਟਰ ਵੱਲੋਂ ਤਜਵੀਜ਼ ਕੀਤੀਆਂ ਦਵਾਈਆਂ ਜਾਂ ਇਨਸੁਲਿਨ ਥੈਰੇਪੀ ਵਿਅਕਤੀ ਦੀ ਲੋੜ ਅਨੁਸਾਰ ਖੂਨ ਵਿੱਚ ਗਲੂਕੋਜ਼ ਦਾ ਪੱਧਰ ਕਾਬੂ ਵਿੱਚ ਰੱਖਣ ਵਿੱਚ ਮਦਦ ਕਰਦੀਆਂ ਹਨ।

ਡਾ. ਗਰੇਵਾਲ ਨੇ ਕਿਹਾ ਕਿ ਸ਼ੂਗਰ ਦਾ ਪ੍ਰਬੰਧਨ ਸਿਰਫ਼ ਖੂਨ ਵਿੱਚ ਗਲੂਕੋਜ਼ ਦੇ ਨਿਰਧਾਰਤ ਪੱਧਰ ਨੂੰ ਹਾਸਲ ਕਰਨ ਤੱਕ ਸੀਮਤ ਨਹੀਂ ਹੋਣਾ ਚਾਹੀਦਾ। ਇਸ ਦਾ ਉਦੇਸ਼ ਬਿਮਾਰੀ ਨਾਲ ਜੁੜੀਆਂ ਪੇਚੀਦਗੀਆਂ ਦੇ ਸਮੁੱਚੇ ਖ਼ਤਰੇ ਨੂੰ ਘਟਾਉਣਾ, ਲੰਬੇ ਸਮੇਂ ਤੱਕ ਸਿਹਤਮੰਦ ਰਹਿਣਾ ਅਤੇ ਸ਼ੂਗਰ ਤੋਂ ਪੀੜਤ ਲੋਕਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਨਾ ਹੋਣਾ ਚਾਹੀਦਾ ਹੈ।