ਨਵਾਂਸ਼ਹਿਰ, 15 ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ):- ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ, ਨਵਾਂਸ਼ਹਿਰ ਵੱਲੋਂ ਕਰਵਾਏ ਜਾ ਰਹੇ ਤਿੰਨ ਰੋਜ਼ਾ ਮਹਾਨ ਕੀਰਤਨ ਦਰਬਾਰ ਦੀ ਸ਼ੁਰੂਆਤ ਅੱਜ ਬਹੁਤ ਹੀ ਸ਼ਰਧਾ, ਉਤਸ਼ਾਹ ਅਤੇ ਖਾਲਸਾਈ ਸ਼ਾਨੋ-ਸ਼ੌਕਤ ਨਾਲ ਹੋਈ।

ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸੁੰਦਰ ਢੰਗ ਨਾਲ ਸਜਾਈ ਗਈ ਪਾਲਕੀ ਸਾਹਿਬ ਵਿੱਚ ਗੁਰਦੁਆਰਾ ਗੁਰੂ ਅੰਗਦ ਨਗਰ ਤੋਂ ਵਿਸ਼ਾਲ ਨਗਰ ਕੀਰਤਨ ਦੇ ਰੂਪ ਵਿੱਚ ਕੀਰਤਨ ਦਰਬਾਰ ਲਈ ਸਜਾਏ ਗਏ ਵਿਸ਼ਾਲ ਪੰਡਾਲ ਵਿੱਚ ਲਿਆਂਦਾ ਗਿਆ। ਨਗਰ ਕੀਰਤਨ ਦੌਰਾਨ ਗਤਕਾ ਪਾਰਟੀ ਨੇ ਸਿੱਖ ਮਾਰਸ਼ਲ ਆਰਟ ਦੇ ਸ਼ਾਨਦਾਰ ਜੌਹਰ ਦਿਖਾਏ, ਜਿਸ ਨਾਲ ਸੰਗਤ ਵਿੱਚ ਵਿਸ਼ੇਸ਼ ਉਤਸ਼ਾਹ ਭਰਿਆ। ਪੰਡਾਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉਪਰੰਤ ਸੋਦਰੁ ਰਹਿਰਾਸ ਸਾਹਿਬ ਦੇ ਪਾਠ ਨਾਲ ਸਮਾਗਮ ਦੀ ਰਸਮੀ ਸ਼ੁਰੂਆਤ ਹੋਈ।

ਇਸ ਉਪਰੰਤ ਭਾਈ ਸੁਖਵਿੰਦਰ ਸਿੰਘ ਜਵੱਦੀ ਨੇ ਇਲਾਹੀ ਗੁਰਬਾਣੀ ਕੀਰਤਨ ਰਾਹੀਂ ਗੁਰਬਾਣੀ ਕੀਰਤਨ ਦੀ ਸ਼ੁਰੂਆਤ ਕੀਤੀ। ਉਨ੍ਹਾਂ ਤੋਂ ਬਾਅਦ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਕੀਰਤ ਸਿੰਘ, ਭਾਈ ਸੁਰਿੰਦਰ ਸਿੰਘ, ਭਾਈ ਨਛੱਤਰ ਸਿੰਘ ਅਤੇ ਭਾਈ ਸਿਮਰਪ੍ਰੀਤ ਸਿੰਘ ਦੇ ਜਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਉਨ੍ਹਾਂ ਨੇ ਆਤਮਿਕ ਰਸ ਨਾਲ ਭਰਪੂਰ ਕੀਰਤਨ ਰਾਹੀਂ ਸੰਗਤਾਂ ਦੇ ਮਨ ਮੋਹ ਲਏ ਅਤੇ ਸੰਗਤਾਂ ਨੇ ਵੀ ਨਾਲ-ਨਾਲ ਸ਼ਬਦ ਗਾਇਨ ਕਰਕੇ ਖੂਬ ਆਨੰਦ ਮਾਣਿਆ। ਅੰਤ ਵਿੱਚ ਭਾਈ ਸਰਬਜੀਤ ਸਿੰਘ ਲੁਧਿਆਣੇ ਵਾਲਿਆਂ ਨੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਹਾਜ਼ਰੀ ਭਰਨ ਤੋਂ ਕੁਝ ਘੰਟੇ ਪਹਿਲਾਂ ਹੀ ਭਾਈ ਸਾਹਿਬ ਨੇ ਆਪਣੀ ਮਾਤਾ ਜੀ ਦਾ ਅੰਤਿਮ ਸਸਕਾਰ ਆਪਣੇ ਹੱਥੀਂ ਕੀਤਾ ਸੀ, ਪਰ ਦੁੱਖ ਦੀ ਇਸ ਘੜੀ ਵਿੱਚ ਵੀ ਉਨ੍ਹਾਂ ਨੇ ਗੁਰੂ ਸਾਹਿਬ ਅਤੇ ਸੰਗਤ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਨਿੱਜੀ ਦੁੱਖ ਤੋਂ ਉੱਪਰ ਰੱਖਿਆ। ਅੰਤ ਵਿੱਚ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਨੇ ਸੰਗਤਾਂ ਦਾ ਧੰਨਵਾਦ ਕੀਤਾ।

ਭਾਈ ਤਰਲੋਚਨ ਸਿੰਘ ਖਟਕੜਕਲਾਂ ਨੇ ਸਟੇਜ ਦੀ ਸੇਵਾ ਨਿਭਾਈ। ਗਿਆਨੀ ਕੁਲਵਿੰਦਰ ਸਿੰਘ ਸੱਧਾ ਮਾਜਰਾ, ਭਾਈ ਜਸਪਾਲ ਸਿੰਘ ਅਤੇ ਮਨਜੀਤ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੀਆਂ ਸੇਵਾਵਾਂ ਨਿਭਾਈਆਂ। ਭਾਈ ਜਸਪ੍ਰੀਤ ਸਿੰਘ ਜੱਸ ਦੇ ਜਥੇ ਨੇ ਗਤਕੇ ਅਤੇ ਹੋਰ ਸੇਵਾਵਾਂ ਨਿਭਾਈਆਂ।

ਇਸ ਤਿੰਨ ਰੋਜ਼ਾ ਮਹਾਨ ਕੀਰਤਨ ਦਰਬਾਰ ਦੌਰਾਨ ਦੇਸ਼-ਵਿਦੇਸ਼ ਤੋਂ ਪਹੁੰਚਣ ਵਾਲੀ ਸੰਗਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਸਮੁੱਚਾ ਮਾਹੌਲ ਗੁਰਬਾਣੀ ਦੀਆਂ ਮਧੁਰ ਧੁਨਾਂ, ਸਿੱਖੀ ਦੇ ਜਾਹੋ-ਜਲਾਲ ਅਤੇ ਗੁਰੂ ਸਾਹਿਬ ਦੀ ਅਪਾਰ ਰਹਿਮਤ ਨਾਲ ਅਧਿਆਤਮਿਕ ਰੰਗ ਵਿੱਚ ਰੰਗਿਆ ਨਜ਼ਰ ਆਇਆ।

ਅੱਜ ਦੂਰ-ਦੁਰਾਡੇ ਤੋਂ ਪਹੁੰਚੀ ਸੰਗਤ ਵਿੱਚ ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ, ਗੁਰੂ ਨਾਨਕ ਹਸਪਤਾਲ ਢਾਹਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ, ਤਰਨਜੀਤ ਸਿੰਘ ਥਾਂਦੀ, ਭਾਈ ਜੋਗਾ ਸਿੰਘ ਢਾਹਾਂ, ਗੁਰਚਰਨ ਅਰੋੜਾ, ਸੁਖਦੇਵ ਸਿੰਘ ਮਾਨ ਰਾਹੋਂ, ਕਸ਼ਮੀਰ ਸਿੰਘ ਢਿੱਲੋਂ ਮਾਛੀਵਾੜਾ, ਸੁਖਵਿੰਦਰ ਸਿੰਘ ਗੋਬਿੰਦਪੁਰ, ਹਰਜਿੰਦਰ ਸਿੰਘ ਅਟਾਰੀ, ਕੁਲਜਿੰਦਰਜੀਤ ਸਿੰਘ ਸੋਢੀ, ਦਿਲਬਾਗ ਸਿੰਘ ਰਾਹੋਂ, ਗੁਰਦੁਆਰਾ ਮਹਿੰਦੀਪੁਰ ਦੇ ਪ੍ਰਧਾਨ ਜਗਤਾਰ ਸਿੰਘ, ਹਰਦੀਪ ਸਿੰਘ ਸਰਪੰਚ ਗੜ੍ਹ ਪਧਾਣਾ, ਜੱਬੋਵਾਲ ਦੇ ਸਾਬਕਾ ਸਰਪੰਚ ਰਸ਼ਪਾਲ ਸਿੰਘ, ਰਾਮਰਾਇਪੁਰ ਦੀ ਸਰਪੰਚ ਗੁਰਜੀਤ ਕੌਰ, ਸੁਰਿੰਦਰ ਸਿੰਘ ਸੋਇਤਾ, ਮਹਿੰਦਰ ਪਾਲ ਸਿੰਘ ਜਲਵਾਹਾ, ਗੁਰਦੇਵ ਸਿੰਘ ਗਹੂੰਣ, ਕੁਲਵਿੰਦਰ ਸਿੰਘ ਭੀਨ, ਬਲਵੀਰ ਸਿੰਘ ਸੋਨਾ, ਸੁੱਚਾ ਸਿੰਘ ਬਰਨਾਲਾ, ਰਵਿੰਦਰ ਸਿੰਘ ਆਈ.ਟੀ.ਓ. ਚੱਕਦਾਨਾ, ਡਾਕਟਰ ਹਰਵਿੰਦਰ ਸਿੰਘ, ਉੱਤਮ ਸਿੰਘ ਸੇਠੀ, ਦੀਦਾਰ ਸਿੰਘ ਗਹੂੰਣ, ਜਗਜੀਤ ਸਿੰਘ ਸੈਣੀ, ਜਗਦੀਪ ਸਿੰਘ ਕੈਸ਼ੀਅਰ, ਪਰਮਿੰਦਰ ਸਿੰਘ ਕੰਵਲ, ਹਕੀਕਤ ਸਿੰਘ, ਡਾਕਟਰ ਭਗਵਾਨ ਸਿੰਘ, ਇੰਦਰਜੀਤ ਸਿੰਘ ਬਾਹੜਾ, ਜਗਜੀਤ ਸਿੰਘ ਬਾਟਾ, ਬਲਵਿੰਦਰ ਕੁਮਾਰ, ਬਖਸ਼ੀਸ਼ ਸਿੰਘ ਸੈਣੀ, ਬਾਬਾ ਗਿਆਨ ਸਿੰਘ, ਗੁਰਪਾਲ ਸਿੰਘ, ਰਾਮਪਾਲ ਰਾਏ, ਰਮਣੀਕ ਸਿੰਘ, ਕੁਲਜੀਤ ਸਿੰਘ ਖਾਲਸਾ, ਹਰਵਿੰਦਰ ਸਿੰਘ ਹਾਈਵੇ, ਹਰਮੇਸ਼ ਸਿੰਘ ਭੱਟੀ, ਨੰਬਰਦਾਰ ਸਵਰਨ ਸਿੰਘ ਕਾਹਮਾ, ਪਰਮਜੀਤ ਸਿੰਘ ਪੰਗਲੀਆ, ਦਲਜੀਤ ਸਿੰਘ ਬਡਵਾਲ, ਤਲਵੀਰ ਸਿੰਘ, ਹਰਜਿੰਦਰ ਸਿੰਘ ਮੰਡਿਆਣੀ, ਮੁਖਵਿੰਦਰ ਪਾਲ ਸਿੰਘ, ਮਨਮੋਹਨ ਸਿੰਘ ਕੰਵਲ, ਰਜਿੰਦਰ ਸਿੰਘ ਕੰਗਾਰੂ, ਨਰੇਸ਼ ਸਿੰਘ, ਬਲਵਿੰਦਰ ਸਿੰਘ ਉਸਮਾਨਪੁਰ ਅਤੇ ਦਿਲਬਾਗ ਸਿੰਘ ਉਸਮਾਨਪੁਰ ਸਮੇਤ ਇਲਾਕੇ ਦੀਆਂ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਹੋਈਆਂ।